ਸਾਵਧਾਨੀਆਂ ਅਪਨਾ ਕੇ ਹੀ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿ ਸਕਦੇ ਹਨ ਲੋਕ : ਡਿਪਟੀ ਕਮਿਸ਼ਨਰ
Sunday, Aug 23, 2020 - 09:45 PM (IST)
ਹੁਸ਼ਿਆਰਪੁਰ- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ ਤੱਕ 44019 ਸੈਂਪਲ ਨੈਗੇਟਿਵ ਆ ਚੁੱਕੇ ਹਨ ਅਤੇ 796 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਅਪਨਾ ਕੇ ਲੋਕ ਇਸ ਵਾਇਰਸ ਤੋਂ ਬਚ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਕੋਰੋਨਾ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ, ਬਲਕਿ ਅਹਿਤਿਆਤ ਵਰਤਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਕੋਵਿਡ-19 ਸਬੰਧੀ ਕਿਸੇ ਵੀ ਹਾਲਾਤ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ, ਤਾਂ ਜੋ ਜ਼ਿਲ੍ਹਾ ਵਾਸੀ ਸਾਵਧਾਨੀਆਂ ਅਪਨਾ ਕੇ ਕੋਰੋਨਾ ਵਾਇਰਸ ਤੋਂ ਬਚ ਸਕਣ। ਸ੍ਰੀਮਤੀ ਅਪਨੀਤ ਰਿਆਤ ਨੇ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਸੰਪਰਕ ਨਾਲ ਫੈਲਦਾ ਹੈ, ਇਸ ਲਈ ਸਮਾਜਿਕ ਦੂਰੀ ਬਰਕਰਾਰ ਰੱਖਦੇ ਹੋਏ ਮਾਸਕ, ਸੈਨੇਟਾਈਜ਼ਰ ਅਤੇ ਸਮੇਂ-ਸਮੇਂ 'ਤੇ 20 ਸੈਕਿੰਡ ਤੱਕ ਹੱਥ ਧੋਣੇ ਯਕੀਨੀ ਬਣਾਏ ਜਾਣ।
ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ 48949 ਸੈਂਪਲ ਲਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ 1654 ਸੈਂਪਲ ਲਏ ਗਏ ਹਨ ਅਤੇ 1101 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਨ੍ਹਾਂ ਵਿੱਚੋਂ 27 ਨਵੇਂ ਕੇਸ ਆਉਣ ਨਾਲ ਜ਼ਿਲ੍ਹੇ ਵਿੱਚ ਪੋਜ਼ੀਟਿਵ ਕੇਸਾਂ ਦੀ ਗਿਣਤੀ 1000 ਹੋ ਗਈ ਹੈ। ਉਨ੍ਹਾਂ ਕਿਹਾ ਕਿ ਐਕਟਿਵ ਕੇਸ 177 ਹਨ। ਉਨ੍ਹਾਂ ਕਿਹਾ ਕਿ 3944 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ ਅਤੇ ਹੁਣ ਤੱਕ 76 ਕੇਸ ਇਨਵੈਲਿਡ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਅੱਜ 27 ਆਏ ਕੇਸਾਂ ਵਿੱਚ ਹੁਸ਼ਿਆਰਪੁਰ ਨਾਲ ਸਬੰਧਤ 10 ਕੇਸ ਹਨ ਜਿਨ੍ਹਾ ਵਿੱਚ ਕ੍ਰਿਸ਼ਨਾ ਨਗਰ 1, ਮਾਡਲ ਟਾਊਨ, ਧੋਬੀ ਘਾਟ 2-2, ਪੁਰਹੀਰਾਂ 1, ਮਾਨਵਤਾ ਨਗਰ 1, ਬਹਾਦਰਪੁਰ 1, ਬਾਲ ਕਿਸ਼ਨ ਰੋਡ 1, ਪ੍ਰੇਮਗੜ੍ਹ 1 ਹਨ ਜਦਕਿ ਮੁਕੇਰੀਆਂ 7, ਬਗਿਆੜੀ 1, ਦਸੂਹਾ 4, ਹਾਜੀਪੁਰ 2, ਹਰਿਆਣਾ ਪਿੰਡ ਨੂਰਪੁਰ 3, ਸਿਹਤ ਬਲਾਕਾਂ ਨਾਲ ਸਬੰਧਤ ਹਨ। ਉਨ੍ਹਾਂ ਦੱÎਸਿਆ ਕਿ ਇਕ ਔਰਤ 73 ਸਾਲਾ ਵਾਸੀ ਰਾਮਪੁਰ ਚੰਦੜ ਦੀ ਮੌਤ ਹੋਈ ਹੈ ਜੋ ਕਿ ਜਲੰਧਰ ਦੇ ਨਿਜੀ ਹਸਪਤਾਲ ਵਿਖੇ ਦਾਖਲ ਸੀ ਅਤੇ ਉਹ ਦਿਲ ਦੀ ਬੀਮਾਰੀ ਤੋਂ ਪੀੜਤ ਸੀ ਅਤੇ ਉਹ ਕੋਰੋਨਾ ਪੋਜ਼ੀਟਿਵ ਸੀ। ਇਸ ਤਰ੍ਹਾਂ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੋਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ 'ਤੇ ਆਪਣਾ ਕੋਵਿਡ-19 ਦਾ ਟੈਸਟ ਨਜ਼ਦੀਕੀ ਸਿਹਤ ਸੰਸਥਾ ਤੋਂ ਕਰਵਾਉਣ। ਇਹ ਟੈਸਟ ਸਰਕਾਰ ਵਲੋਂ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ।