ਕੇਂਦਰੀ ਸਕੀਮਾਂ ਦੇ ਨਾਂ ''ਤੇ ਫਾਰਮ ਭਰ ਕੇ ਨਿੱਤ ਦਿਨ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਲੋਕ

Monday, Oct 02, 2017 - 10:58 AM (IST)

ਕੇਂਦਰੀ ਸਕੀਮਾਂ ਦੇ ਨਾਂ ''ਤੇ ਫਾਰਮ ਭਰ ਕੇ ਨਿੱਤ ਦਿਨ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਲੋਕ


ਮੋਗਾ (ਪਵਨ ਗਰੋਵਰ/ਗੋਪੀ ਰਾਊਕੇ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ 'ਤੇ ਭਰੂਣ ਹੱਤਿਆ ਰੋਕਣ ਅਤੇ ਲੜਕੀਆਂ ਨੂੰ ਸਿਖਿਅਤ ਕਰ ਕੇ ਪੈਰਾਂ ਸਿਰ ਖੜ੍ਹੇ ਕਰਨ ਲਈ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ, ਜਦੋਂ ਤੇਜ਼ ਦਿਮਾਗ ਵਾਲੇ ਠੱਗ ਟੋਲੇ ਨੇ ਜਾਅਲੀ ਫਾਰਮ ਬਣਾ ਕੇ ਲੋਕਾਂ ਦੀਆਂ ਲੜਕੀਆਂ ਦੇ ਖਾਤਿਆਂ 'ਚ 2-2 ਲੱਖ ਰੁਪਏ ਪਾਉਣ ਦਾ ਝਾਂਸਾ ਦੇ ਕੇ ਬਿਨਾਂ ਸਿਰ ਪੈਰ ਦੇ ਫਾਰਮ ਭਰਦਿਆਂ ਲੋਕਾਂ ਦੀਆਂ ਜੇਬਾਂ ਖਾਲੀ ਕਰਨ ਦੀ ਮੁਹਿੰਮ ਆਰੰਭ ਕਰ ਦਿੱਤੀ। ਬੇਸ਼ੱਕ ਇਹ ਠੱਗੀ ਠੋਰੀ ਦਾ ਆਲਮ ਸਮੁੱਚੇ ਮਾਲਵੇ ਦੇ ਪਿੰਡਾਂ ਵਿਚ ਜਾਰੀ ਹੈ ਪਰ ਜ਼ਿਲੇ ਦੇ ਪਿੰਡ ਚੁੱਪਕੀਤੀ ਵਿਚ 100 ਦੇ ਕਰੀਬ ਲੋਕ ਇਸ ਠੱਗੀ ਦਾ ਸ਼ਿਕਾਰ ਹੋ ਗਏ ਹਨ। 
ਪਿੰਡ ਦੇ ਸਰਪੰਚ ਹਦਾਇਤ ਮੁਹੰਮਦ ਨੇ ਦੱਸਿਆ ਕਿ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਵੱਲੋਂ 100 ਦੇ ਕਰੀਬ ਫਾਰਮ ਉਨ੍ਹਾਂ ਕੋਲ ਤਸਦੀਕ ਕਰਨ ਲਈ ਭੇਜੇ ਗਏ ਪਰ ਅਜਿਹੀ ਕਿਸੇ ਸਕੀਮ ਦੀ ਜਾਣਕਾਰੀ ਨਾ ਹੋਣ ਕਰ ਕੇ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਪਿੰਡ ਦੇ ਪਤਵੰਤੇ ਸੁਖਵਿੰਦਰ ਸਿੰਘ ਸੁੱਖੀ, ਦਰਸ਼ਨ ਸਿੰਘ ਮੈਂਬਰ, ਜਗਸੀਰ ਸਿੰਘ ਨੰਬਰਦਾਰ ਅਤੇ ਬਲਵਿੰਦਰ ਸਿੰਘ ਗੰ੍ਰਥੀ ਆਦਿ ਨੂੰ ਨਾਲ ਲੈ ਕੇ ਮਾਮਲੇ ਦੀ ਤਫਤੀਸ਼ ਕੀਤੀ ਤਾਂ ਪਤਾ ਲੱਗਾ ਕਿ ਕੁਝ ਸ਼ੱਕੀ ਵਿਅਕਤੀ ਇਹ ਫਾਰਮ 50 ਰੁਪਏ ਪ੍ਰਤੀ ਫਾਰਮ ਭਰਨ ਦੇ ਹਿਸਾਬ ਨਾਲ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੇ ਹਨ। ਇਸ ਤੋਂ ਇਲਾਵਾ ਠੱਗਾਂ ਵੱਲੋਂ ਲੋਕਾਂ ਨੂੰ ਇਹ ਵੀ ਕਿਹਾ ਗਿਆ ਕਿ ਬੇਸ਼ੱਕ ਉਹ ਕੇਂਦਰੀ ਮੰਤਰਾਲੇ ਦੇ ਨਾਂ 'ਤੇ ਖੁਦ ਰਜਿਸਟਰੀ ਕਰਵਾ ਦੇਣ ਜਾਂ ਫਿਰ 100 ਰੁਪਿਆ ਹੋਰ ਦੇਣ 'ਤੇ ਰਜਿਸਟਰੀ ਵੀ ਉਹ ਖੁਦ ਕਰਵਾ ਦੇਣਗੇ। 
ਸਰਪੰਚ ਨੇ ਦੱਸਿਆ ਕਿ ਇਸ ਸਬੰਧੀ ਡਾਕਖਾਨੇ ਪਤਾ ਕਰਨ 'ਤੇ ਪਤਾ ਲੱਗਾ ਕਿ ਕਈ ਲੋਕਾਂ ਨੇ ਰਜਿਸਟਰੀ ਕਰਵਾਈ ਹੈ, ਜਿਸ 'ਤੇ 40 ਰੁਪਏ ਦੇ ਕਰੀਬ ਖਰਚ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਇੰਜ ਠੱਗ ਟੋਲਾ ਜਾਅਲੀ ਫਾਰਮਾਂ ਦੇ 50 ਰੁਪਏ ਅਤੇ ਰਜਿਸਟਰੀ ਵਾਲੇ 100 ਰੁਪਏ ਸਮੇਤ 150 ਰੁਪਏ ਪ੍ਰਤੀ ਲੜਕੀ (ਉਮਰ 8 ਤੋਂ 32 ਸਾਲ) ਵਸੂਲ ਕਰ ਕੇ ਹਜ਼ਾਰਾਂ ਰੁਪਏ ਰੋਜ਼ਾਨਾ ਪਿੰਡਾਂ 'ਚੋਂ ਇਕੱਠੇ ਕਰ ਰਹੇ ਹਨ।  ਉਨ੍ਹਾਂ ਦੱਸਿਆ ਕਿ ਰੌਲਾ ਪੈਣ 'ਤੇ ਨਾ ਸਿਰਫ ਫਾਰਮ ਭਰਨ ਵਾਲਿਆਂ ਦੇ ਆਧਾਰ ਕਾਰਡ, ਬੈਂਕ ਦੀ ਕਾਪੀ, ਵੋਟਰ ਕਾਰਡ ਅਤੇ ਮੌਤ ਆਦਿ ਦੇ ਸਰਟੀਫਿਕੇਟ ਵਾਪਸ ਕਰਵਾਏ ਬਲਕਿ ਆਸ਼ਾ ਵਰਕਰਾਂ ਵੱਲੋਂ ਠੱਗਾਂ ਦੇ ਕਹਿਣ 'ਤੇ ਇਕੱਤਰ ਕੀਤੇ ਪੈਸੇ ਵੀ ਲੋਕਾਂ ਨੂੰ ਵਾਪਸ ਕਰਵਾ ਦਿੱਤੇ ਗਏ ਹਨ। ਉਨ੍ਹਾਂ ਪ੍ਰਸ਼ਾਸਨ ਅਤੇ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਦੇ ਗੁਰਦੁਆਰਿਆਂ 'ਚ ਅਨਾਊਂਸਮੈਂਟ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਕਿਸੇ ਵੀ ਸਰਕਾਰੀ ਮਹਿਕਮੇ ਦਾ ਨੁਮਾਇੰਦਾ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਬਾਰੇ ਤੁਰੰਤ ਪੁਲਸ ਅਤੇ ਜ਼ਿਲਾ ਭਲਾਈ ਵਿਭਾਗ ਮੋਗਾ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਗੁੰਮਰਾਹ ਹੋ ਰਹੇ ਪਿੰਡਾਂ ਦੇ ਭੋਲੇ-ਭਾਲੇ ਲੋਕਾਂ ਨੂੰ ਠੱਗੀ ਤੋਂ ਬਚਾਇਆ ਜਾ ਸਕੇ।


Related News