ਟਰਨਓਵਰ ਵਧਾਉਣ ਦੇ ਚੱਕਰ ''ਚ 4 ਲੱਖ 61 ਹਜ਼ਾਰ ਦੀ ਠੱਗੀ
Wednesday, Jul 30, 2025 - 01:11 PM (IST)

ਚੰਡੀਗੜ੍ਹ (ਸੁਸ਼ੀਲ) : ਟਰਨਓਵਰ ਵਧਾਉਣ ਅਤੇ ਹੋਮਲੋਨ ਕਲੀਅਰ ਕਰਨ ਦੇ ਚੱਕਰ 'ਚ ਮੌਲੀਜਾਗਰਾਂ ਨਿਵਾਸੀ ਤੋਂ ਚਾਰ ਲੱਖ 61 ਹਜ਼ਾਰ 280 ਰੁਪਏ ਦੀ ਠੱਗੀ ਹੋ ਗਈ। ਸਾਈਬਰ ਸੈੱਲ ਨੇ ਜਾਂਚ ਕਰਕੇ ਯੋਗੇਸ਼ ਕੁਮਾਰ ਦੇ ਬਿਆਨਾਂ ’ਤੇ ਅਣਪਛਾਤੇ ’ਤੇ ਮਾਮਲਾ ਦਰਜ ਕੀਤਾ ਹੈ। ਮੌਲੀਜਾਗਰਾਂ ਨਿਵਾਸੀ ਯੋਗੇਸ਼ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 4 ਲੱਖ 61 ਹਜ਼ਾਰ 280 ਰੁਪਏ ਹੋਮ ਕ੍ਰੈਡਿਟ ਲੋਨ ਲਿਆ ਹੋਇਆ ਸੀ। ਉਸ ਨੇ ਟਰਨਓਵਰ ਵਧਾਉਣੀ ਸੀ, ਜਿਸ ਦੇ ਲਈ ਗੂਗਲ ਦੇ ਰਾਹੀਂ ਹੋਮ ਕ੍ਰੇਡਿਟ ਕਾਰਡ ਕੇਅਰ ਦਾ ਨੰਬਰ ਭਾਲ ਕਰਕੇ ਸੰਪਰਕ ਕੀਤਾ।
ਕਸਟਮਰ ਕੇਅਰ ਵਾਲਿਆਂ ਨੇ ਕਿਹਾ ਕਿ ਟਰਨ ਓਵਰ ਵਧਾਉਣ ਦੇ ਲਈ ਪਹਿਲਾਂ ਲੋਨ ਦੇਣਾ, ਜਿਸ ਤੋਂ ਬਾਅਦ ਦੁਬਾਰਾ ਲੋਨ ਦਿੱਤਾ ਜਾਵੇਗਾ। ਯੋਗੇਸ਼ ਨੇ ਦੱਸੇ ਗਏ ਖ਼ਾਤੇ ਵਿਚ 4 ਲੱਖ 61 ਹਜ਼ਾਰ 280 ਰੁਪਏ ਜਮ੍ਹਾਂ ਕਰਵਾ ਦਿੱਤੇ। ਰੁਪਏ ਜਮ੍ਹਾਂ ਹੋਣ ਤੋਂ ਬਾਅਦ ਬੈਂਕ ਨਾਲ ਸੰਪਰਕ ਕੀਤਾ ਤਾਂ ਦੱਸਿਆ ਗਿਆ ਕਿ ਕੋਈ ਲੋਨ ਕਲੀਅਰ ਨਹੀਂ ਹੋਇਆ ਹੈ। ਉਹ ਹੈਰਾਨ ਹੋ ਗਿਆ ਅਤੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰਕੇ ਅਣਪਛਾਤੇ ’ਤੇ ਮਾਮਲਾ ਦਰਜ ਕੀਤਾ।