ਅਮਿਤਾਭ ਬੱਚਨ ਵੱਲੋਂ ਦਾਨ ਕੀਤੇ 2 ਕਰੋੜ ਦੇ ਮਾਮਲੇ ''ਚ ਪੀਰ ਮੁਹੰਮਦ ਵੱਲੋਂ ਸਿਰਸਾ ਦੀ ਸਖ਼ਤ ਆਲੋਚਨਾ
Friday, May 14, 2021 - 04:01 PM (IST)
ਮੋਹਾਲੀ (ਪਰਦੀਪ) : ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਪ੍ਰਧਾਨ ਜਗਰੂਪ ਸਿੰਘ ਚੀਮਾ ਨੇ ਸ. ਮਨਜਿੰਦਰ ਸਿੰਘ ਸਿਰਸਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸਹੂਲਤ ਲਈ ਫ਼ਿਲਮ ਅਭਿਨੇਤਾ ਵੱਲੋਂ ਦਾਨ ਕੀਤੇ 2 ਕਰੋੜ ਰੁਪਏ ਮਨਜ਼ੂਰ ਕਰਨ 'ਤੇ ਆਪਣਾ ਸਖ਼ਤ ਵਿਰੋਧ ਜਤਾਇਆ ਹੈ। ਕਰਨੈਲ ਸਿੰਘ ਪੀਰ ਮੁਹੰਮਦ ਨੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1984 ਸਿੱਖ ਨਸਲਕੁਸ਼ੀ ਨੂੰ ਅੰਜਾਮ ਦੇਣ ਲਈ ਵੱਡੀ ਭੂਮਿਕਾ ਨਿਭਾਉਣ ਦਾ ਦੋਸ਼ ਲਾਉਂਦਿਆਂ ਅਮਿਤਾਭ ਬੱਚਨ ਤੋਂ ਮਿਲੀ ਰਕਮ ਨੂੰ ਸਵੀਕਾਰ ਕਰਨ ਲਈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਤਿੱਖੀ ਅਲੋਚਨਾ ਕੀਤੀ ਹੈ।
ਪੀਰ ਮੁਹੰਮਦ ਨੇ ਸਿਰਸਾ 'ਤੇ ਪਾਪ ਕਰਨ ਦਾ ਦੋਸ਼ ਵੀ ਲਗਾਇਆ ਅਤੇ ਉਨ੍ਹਾਂ ਕਿਹਾ ਕਿ ਸਿਰਸਾ ਨੇ ਅਮਿਤਾਭ ਬੱਚਨ ਤੋਂ 2 ਕਰੋੜ ਰੁਪਏ ਸਵੀਕਾਰ ਕਰਕੇ ਸਮੁੱਚੀ ਸਿੱਖ ਕੌਮ ਦੇ ਸਿਰ ਨੂੰ ਨੀਵਾਂ ਕੀਤਾ ਹੈ। ਪੀਰ ਮੁਹੰਮਦ ਨੇ ਅੱਜ ਮੀਡੀਆ ਨੂੰ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਸਿਰਸਾ ਨੇ ਆਪਣੇ ਅਕਸ ਨੂੰ ਖ਼ਰਾਬ ਕੀਤਾ ਹੈ, ਜਿਸ ਦੀ ਭਰਪਾਈ ਕਦੇ ਨਹੀਂ ਕੀਤੀ ਜਾ ਸਕਦੀ ਕਿਉਂਕਿ ਕੋਵਿਡ ਮਹਾਮਾਰੀ ਦੇ ਚੱਲਦਿਆਂ ਦਿੱਲੀ ਦੇ ਲੋਕਾਂ ਨੂੰ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਹਰ ਤਰ੍ਹਾਂ ਦੀ ਮਦਦ ਦੇਣ ਲਈ ਉਹ ਮੋਹਰੀ ਸਾਬਤ ਹੋਏ ਸਨ। ਸਿਰਸਾ ਨੇ 3 ਵਿਵਾਦਪੂਰਨ 'ਖ਼ੇਤੀ ਕਾਨੂੰਨਾਂ' ਖ਼ਿਲਾਫ਼ ਪ੍ਰਦਰਸ਼ਨਕਾਰੀਆਂ ਦੀ ਮਦਦ ਕਰਨ ਵਿਚ ਵੀ ਇੱਕ ਪ੍ਰਸ਼ੰਸਾ ਯੋਗ ਭੂਮਿਕਾ ਨਿਭਾਈ ਸੀ ਪਰ ਸਿਰਸਾ ਨੇ ਆਪਣੀ ਸ਼ਖ਼ਸੀਅਤ ਨੂੰ ਖ਼ਰਾਬ ਕਰਨ ਤੋਂ ਇਲਾਵਾ ਸਿੱਖ ਕੌਮ ਦੀ ਭਾਵਨਾ ਨੂੰ ਵੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਅਮਿਤਾਭ ਬੱਚਨ ਨੇ ਇਕ ਨਾਅਰਾ ਮਾਰਿਆ ਸੀ "ਖ਼ੂਨ ਦਾ ਬਦਲਾ ਖ਼ੂਨ" ਜੋ 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਕਾਫ਼ੀ ਸੀ।
ਪੀਰ ਮੁਹੰਮਦ ਨੇ ਸਿਰਸਾ ਨੂੰ ਸਵਾਲ ਕੀਤਾ ਕਿ ਕੀ ਉਹ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਵਰਗੇ ਸਿੱਖ ਨਸਲਕੁਸ਼ੀ ਲਈ ਹੋਰ ਪਾਪੀਆਂ ਤੋਂ ਵੀ ਦਾਨ ਪ੍ਰਵਾਨ ਕਰ ਲੈਣਗੇ, ਜੇ ਉਹ ਅਜਿਹੇ ਮੁਲਜ਼ਮਾਂ ਤੋਂ ਦਾਨ ਸਵੀਕਾਰ ਕਰਨਾ ਪਸੰਦ ਨਹੀਂ ਕਰਦੇ ਤਾਂ ਸਿਰਸਾ ਨੇ ਅਮਿਤਾਭ ਬੱਚਨ ਤੋਂ 2 ਕਰੋੜ ਰੁਪਏ ਦਾਨ ਕਿਵੇਂ ਸਵੀਕਾਰਿਆ? ਉਨ੍ਹਾਂ ਨੇ ਮੀਡੀਆ ਵਿੱਚ ਵੀ ਇਸ ਦਾਨ ਨੂੰ ਪ੍ਰਦਰਸ਼ਿਤ ਕਰਨ ਲਈ ਸਿਰਸਾ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇੱਥੇ ਹਜ਼ਾਰਾਂ ਦਾਨੀ ਸੱਜਣ ਹਨ, ਜੋ ਹਰ ਰੋਜ਼ ਗੁਰਦੁਆਰਿਆਂ ਰਾਹੀਂ ਮਾਨਵਤਾ ਦੀ ਸੇਵਾ ਲਈ ਕੁੱਝ ਨਾ ਕੁੱਝ ਦਾਨ ਕਰਦੇ ਹਨ ਪਰ ਸਿਰਸਾ ਨੇ ਆਪਣੇ ਕਿਸੇ ਵੀ ਬਿਆਨ ਵਿੱਚ ਉਨ੍ਹਾਂ ਦਾ ਨਾਮ ਕਦੇ ਨਹੀਂ ਲਿਆ।
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮੀਡੀਆ ਵਿਚ ਕੋਈ ਵੀ ਫ਼ੋਕੀ ਸ਼ੋਹਰਤ ਹਾਸਲ ਨਾ ਕਰਦੇ ਹੋਏ ਦਾਨ ਦੇਣਾ ਪਸੰਦ ਕਰਦੇ ਹਨ, ਉਹ ਲੋਕ ਬੱਚਨ ਨਾਲੋਂ ਗੁਣਾ ਮਹਾਨ ਵਿਅਕਤੀ ਹਨ, ਬੱਚਨ ਵਰਗੇ ਅਜਿਹੇ ਲੋਕ ਸਿਰਫ ਸੁਰਖ਼ੀਆਂ ਕਮਾਉਣ ਲਈ ਦਾਨ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅੱਜ ਕੌਮ ਵਿਚ ਅਜਿਹੇ ਲੋਕ ਵੀ ਹਨ, ਜੋ ਆਪਣੇ ਅਤੀਤ ਨੂੰ ਭੁੱਲ ਜਾਂਦੇ ਹਨ ਅਤੇ ਛੋਟੇ ਅਤੇ ਥੋੜ੍ਹੇ ਸਮੇਂ ਦੇ ਲਾਭ ਲਈ ਜ਼ਮੀਰ ਵੇਚ ਦਿੰਦੇ ਹਨ।