ਪੀ. ਏ. ਯੂ ''ਚ ਬਾਗਬਾਨੀ ਨਾਲ ਸੰਬੰਧਿਤ ਪਸਾਰ ਮਾਹਿਰਾਂ ਦੀ ਵਰਕਸ਼ਾਪ ਹੋਈ ਆਰੰਭ

02/06/2019 5:44:41 PM

ਲੁਧਿਆਣਾ-ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ) 'ਚ ਪਸਾਰ ਮਾਹਿਰਾਂ ਦੀ ਫ਼ਲਾਂ, ਮਸ਼ਰੂਮ, ਖੇਤੀ ਜੰਗਲਾਤ, ਪੋਸਟ ਹਾਰਵੈਸਟ ਪ੍ਰਬੰਧਨ, ਫਾਰਮ ਪਾਵਰ ਅਤੇ ਮਸ਼ੀਨਰੀ, ਭੋਜਨ ਤਕਨਾਲੋਜੀ ਅਤੇ ਖੇਤੀ ਆਰਥਿਕਤਾ ਨਾਲ ਸੰਬੰਧਤ ਦੋ ਰੋਜ਼ਾ ਵਰਕਸ਼ਾਪ ਸ਼ੁਰੂ ਹੋਈ ।ਪਾਲ ਆਡੀਟੋਰੀਅਮ 'ਚ ਸ਼ੁਰੂ ਹੋਈ ਇਸ ਵਰਕਸ਼ਾਪ ਦੇ ਮੁੱਖ ਮਹਿਮਾਨ ਪੀ. ਏ. ਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਸਨ।ਡਾ. ਢਿੱਲੋਂ ਨੇ ਆਪਣੇ ਭਾਸ਼ਣ 'ਚ ਬਾਗਬਾਨੀ ਦੇ ਮੌਜੂਦਾ ਹਾਲਾਤਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਖੇਤੀ 'ਚ ਬਾਗਬਾਨੀ ਦਾ ਮਹੱਤਵ ਲਗਾਤਾਰ ਵਧ ਰਿਹਾ ਹੈ । 2001-02 'ਚ ਜਿੱਥੇ 34,000 ਹੈਕਟੇਅਰ 'ਚ ਬਾਗਬਾਨੀ ਦੀ ਖੇਤੀ ਹੁੰਦੀ ਸੀ, ਅੱਜ 83,000 ਹੈਕਟੇਅਰ ਰਕਬਾ ਬਾਗਬਾਨੀ ਅਧੀਨ ਹੈ।ਉਹਨਾਂ ਇਹ ਵੀ ਕਿਹਾ ਕਿ ਖੇਤੀ ਫ਼ਸਲਾਂ ਅਤੇ ਫ਼ਲਾਂ ਦੇ ਉਤਪਾਦ 'ਚ ਕੋਈ ਕਮੀ ਨਹੀਂ ਹੈ ਸਗੋਂ ਹੁਣ ਪ੍ਰੋਸੈਸਿੰਗ ਅਤੇ ਪੋਸਟ ਹਾਰਵੈਸਟ ਤਕਨੀਕਾਂ ਨਾਲ ਜੁੜੇ ਨੁਕਤਿਆਂ ਵੱਲ ਧਿਆਨ ਦੇਣ ਦੀ ਲੋੜ ਹੈ।ਇਸ ਪੱਖ ਤੋਂ ਵਪਾਰਕ ਜਾਗਰੂਕਤਾ ਜ਼ਰੂਰੀ ਹੈ।ਡਾ. ਢਿੱਲੋਂ ਨੇ ਬਾਗਬਾਨੀ ਵਿਭਾਗ ਨਾਲ ਸਹਿਚਾਰ ਦੇ ਆਧਾਰ ਤੇ ਇਸ ਖੇਤਰ 'ਚ ਹੋਰ ਕਾਰਜ ਕਰਨ ਦੀ ਲੋੜ ਤੇ ਜ਼ੋਰ ਦਿੱਤਾ।ਡਾ. ਢਿੱਲੋਂ ਨੇ ਗੁਆਂਢੀ ਰਾਜਾਂ 'ਚ ਖਰਾਬ ਕਿੰਨੂਆਂ ਦੀ ਵਰਤੋਂ ਦੇ ਉਦਯੋਗ ਦਾ ਜ਼ਿਕਰ ਕੀਤਾ ਅਤੇ ਉਹਨਾਂ ਨਾਲ ਤਾਲਮੇਲ ਬਣਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਫ਼ਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਸਿੱਖਣ ਦੀ ਲੋੜ ਵੀ ਅੱਜ ਸਾਹਮਣੇ ਖੜੀ ਹੈ ।

PunjabKesari

ਡਾ. ਢਿੱਲੋਂ ਨੇ ਪੀ. ਏ. ਯੂ ਦੇ ਵਿਗਿਆਨੀਆਂ ਨੂੰ ਕਿਹਾ ਕਿ ਉਹ ਸੇਮ ਦੇ ਵਧਣ ਦੀ ਦਿਸ਼ਾ ਦੀ ਪਛਾਣ ਕਰਨ ਤਾਂ ਜੋ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਲਈ ਸਹੀ ਰਕਬਾ ਪਛਾਣਿਆ ਜਾ ਸਕੇ। ਪੀ. ਏ. ਯੂ ਦੀਆਂ ਫ਼ਲਾਂ ਦੇ ਖੇਤਰ 'ਚ ਖੋਜਾਂ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਅਮਰੂਦ ਦੀ ਨਵੀਂ ਕਿਸਮ ਪੀ. ਏ. ਯੂ  ਐਪਲ ਗੁਆਵਾ ਦੀ ਪ੍ਰਸ਼ੰਸਾ ਕੀਤੀ ਜੋ ਦਿੱਖ, ਰਸ ਅਤੇ ਪੌਸ਼ਟਿਕ ਗੁਣਾ ਕਾਰਨ ਬਹੁਤ ਉਤਮ ਕਿਸਮ ਦਾ ਉਤਪਾਦ ਸਾਬਤ ਹੋਈ ਹੈ।ਉਹਨਾਂ ਨੇ ਪੀ. ਏ. ਯੂ  ਦੇ ਭੋਜਨ ਉਦਯੋਗ ਦੇ ਇੰਕੁਬੇਸ਼ਨ ਸੈਂਟਰ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਜ਼ਿਕਰ ਕਰਦਿਆਂ ਬਾਗਬਾਨੀ ਵਿਭਾਗ ਨੂੰ ਕਿਹਾ ਕਿ ਬਾਗਬਾਨੀ ਅਤੇ ਪ੍ਰੋਸੈਸਿੰਗ ਦੀ ਸਿਖਲਾਈ ਦੇ ਚਾਹਵਾਨ ਕਿਸਾਨਾਂ ਲਈ ਸਾਡੇ ਕੋਲ ਬਿਹਤਰ ਸਿਖਲਾਈ ਸੁਵਿਧਾਵਾਂ ਹਨ।ਇਹਨਾਂ ਦਾ ਲਾਭ ਪੰਜਾਬ ਦੇ ਕਿਸਾਨ ਨੂੰ ਲੈਣਾ ਚਾਹੀਦਾ ਹੈ। 

PunjabKesari

ਖੁੰਬਾਂ ਬਾਰੇ ਗੱਲ ਕਰਦਿਆਂ ਵਾਈਸ ਚਾਂਸਲਰ ਨੇ ਦੱਸਿਆ ਕਿ ਪੰਜਾਬ ਦੇਸ਼ ਦਾ ਕੁੱਲ 14ਫੀਸਦੀ ਖੁੰਬ ਉਤਪਾਦਨ ਕਰ ਰਿਹਾ ਹੈ ਨਾਲ ਹੀ ਹੋਰ ਅਜਿਹੀਆਂ ਕਿਸਮਾਂ ਦੀ ਨਿਸ਼ਾਨਦੇਹੀ ਦੀ ਲੋੜ ਹੈ, ਜੋ ਕਿਸਾਨ ਨੂੰ ਸਾਰਾ ਸਾਲ ਇਸ ਧੰਦੇ 'ਚੋਂ ਲਾਭ ਲੈਣ ਯੋਗ ਬਣਾ ਸਕਣ। ਉਹਨਾਂ ਨੇ ਪੀ. ਏ. ਯੂ  ਦੇ ਖੇਤੀ ਜੰਗਲਾਤ ਵਿਭਾਗ ਨੂੰ ਨਵੇਂ ਯੁੱਗ ਦੀਆਂ ਚੁਣੌਤੀਆਂ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਨਿੰਮ ਦੀ ਖੇਤੀ ਸੰਬੰਧੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਖੇਤੀ ਨਾਲ ਸੰਬੰਧਿਤ ਉਤਪਾਦਾਂ 'ਚ ਵੀ ਨਿੰਮ ਦਾ ਮਹੱਤਵ ਪਿਛਲੇ ਸਮੇਂ 'ਚ ਬਹੁਤ ਵਧਿਆ ਹੈ।

PunjabKesari

ਵਾਈਸ ਚਾਂਸਲਰ ਨੇ ਸ਼ਹਿਰੀ ਬਾਗਬਾਨੀ ਵੱਲ ਧਿਆਨ ਦੇਣ ਸੰਬੰਧੀ ਕਿਹਾ ਕਿ ਪਪੀਤੇ ਵਰਗੇ ਫਲਦਾਰ ਪੌਦਿਆਂ ਨੂੰ ਧਿਆਨ 'ਚ ਰੱਖ ਕੇ ਪੀ. ਏ. ਯੂ ਵੱਲੋਂ ਤਿਆਰ ਪੌਸ਼ਟਿਕ ਕਿਚਨ ਗਾਰਡਨ ਇਸ ਵਰਗ 'ਚ ਹੋਰ ਪ੍ਰਸਾਰਿਤ ਕਰਨ ਦੀ ਲੋੜ ਹੈ। ਉਹਨਾਂ ਨੇ ਸਬਜ਼ੀ ਖੇਤਰ ਦੇ ਮਾਹਿਰਾਂ ਅਤੇ ਵਿਗਿਆਨੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕੁਝ ਸਬਜ਼ੀਆਂ ਉਪਰ ਪਲਣ ਵਾਲੀ ਚਿੱਟੀ ਮੱਖੀ ਬਾਰੇ ਵਿਸ਼ੇਸ਼ ਤੌਰ ਤੇ ਸੁਚੇਤ ਰਹਿ ਕੇ ਯੂਨੀਵਰਸਿਟੀ ਨੂੰ ਹਰ ਤਰਾਂ ਨਾਲ ਸੂਚਨਾ ਦਿੱਤੀ ਜਾਵੇ ।

PunjabKesari

ਪੀ. ਏ. ਯੂ  ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਇਸ ਮੌਕੇ ਪੀ. ਏ. ਯੂ ਦੀਆਂ ਪਿਛਲੇ ਸਾਲ ਦੀਆਂ ਬਾਗਬਾਨੀ ਅਤੇ ਸਬਜ਼ੀਆਂਨਾਲ ਸੰਬੰਧਤ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਅਮਰੂਦ ਦੀ ਕਿਸਮ ਪੰਜਾਬ ਐਪਲ ਗੁਆਵਾ ਬਾਰੇ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦਿਆਂ ਕਿਹਾ ਕਿ ਪੀ. ਏ. ਯੂ  ਦੇ ਬਹਾਦਰਗੜ•ਖੋਜ ਕੇਂਦਰ ਦੀ ਸਹਾਇਤਾ ਨਾਲ ਨਿਰਮਤ ਕਿਸਮ ਹੈ, ਜਿਸ ਦੇ ਪੌਦੇ 40 ਸਾਲ ਬਾਅਦ ਪ੍ਰਤੀ ਬੂਟਾ 58 ਕਿੱਲੋ ਫਲ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ।ਘੱਟ ਬੀਜ ਵਾਲਾ, ਪੌਸ਼ਟਿਕ ਅਤੇ ਸੇਬ ਵਰਗਾ ਇਸ ਕਿਸਮ ਦਾ ਫ਼ਲ ਪ੍ਰੋਸੈਸਿੰਗ ਦੇ ਪੱਖ ਤੋਂ ਬੇਹੱਦ ਲਾਹੇਵੰਦ ਹੈ। 

PunjabKesari

ਡਾ. ਨਵਤੇਜ ਸਿੰਘ ਬੈਂਸ ਨੇ ਡੇਜ਼ੀ, ਕਿੰਨੂ, ਅੰਜੀਰ ਆਦਿ ਫ਼ਲਾਂ ਦੀਆਂ ਨਵੀਆਂ ਕਿਸਮਾਂ ਬਾਰੇ ਵੀ ਵਿਸਥਾਰ 'ਚ ਗੱਲ ਕੀਤੀ।ਉਹਨਾਂ ਕਿਹਾ ਕਿ ਕਿੰਨੂ ਦੀਆਂ ਹੋਰ ਕਿਸਮਾਂ ਤੇ ਕੰਮ ਕਰਨਾ ਪਵੇਗਾ ਅਤੇ ਸਾਰਾ ਸਾਲ ਫ਼ਲ ਲਈ ਡੇਜ਼ੀ ਨੂੰ ਵਿਭਿੰਨਤਾ ਦੇ ਬਦਲ ਵਜੋਂ ਦੇਖਿਆ ਜਾ ਸਕਦਾ ਹੈ।ਬਲੈਕ ਫਿਗ-1 ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹ ਕਿਸਮ ਜੂਨ ਦੇ ਅੱਧ 'ਚ ਤਿਆਰ ਹੋ ਜਾਂਦੀ ਹੈ।ਇਸਦੇ ਫ਼ਲ ਹਲਕੇ ਗੁਲਾਬੀ ਅਤੇ ਮਹਿਕਦਾਰ ਹੁੰਦੇ ਹਨ।13 ਕਿੱਲੋ ਪ੍ਰਤੀ ਬੂਟਾ ਫ਼ਲ ਦੇਣ ਦੀ ਸਮਰੱਥਾ ਵਾਲੀ ਇਹ ਕਿਸਮ ਬਾਗਬਾਨੀ ਦੇ ਪੱਖ ਤੋਂ ਬੇਹੱਦ ਉਨਤ ਹੈ।ਇਸੇ ਤਰਾਂ ਨਿਰਦੇਸ਼ਕ ਖੋਜ ਨੇ ਅੰਤਰ ਫ਼ਸਲਾਂ ਦੇ ਸੰਬੰਧ 'ਚ ਮੂੰਗਫ਼ਲੀ ਦੀ ਕਿਸਮ ਟੀ. ਜੀ-37 ਦੀ ਗੱਲ ਕੀਤੀ।

PunjabKesari

ਇਸ ਮੌਕੇ ਬਾਗਬਾਨੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ. ਗੁਲਾਬ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਨੇ ਰਾਜ 'ਚ ਬਾਗਬਾਨੀ ਹੇਠ ਰਕਬਾ ਵਧਾਉਣ ਸੰਬੰਧੀ ਆਪਣੇ ਨੁਕਤੇ ਅਤੇ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਉਹਨਾਂ ਨੇ ਬਾਗਬਾਨੀ ਵਿਭਾਗ ਵੱਲੋਂ ਫ਼ਲਾਂ ਦੀ ਖੇਤੀ ਨੂੰ ਵਧਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ ਨਾਲ ਹੀ ਸਵੀਟ ਔਰੇਂਜ ਦੀਆਂ ਅੱਧ ਨਵੰਬਰ 'ਚ ਪੱਕਣ ਵਾਲੀਆਂ ਕਿਸਮਾਂ ਬਾਰੇ ਗੱਲ ਕਰਦਿਆਂ ਉਹਨਾਂ ਨੇ ਬਾਗਬਾਨਾਂ ਲਈ ਇਹਨਾਂ ਦੇ ਮਹੱਤਵ ਦੀ ਗੱਲ ਕੀਤੀ। ਡਾ. ਗਿੱਲ ਨੇ ਸੂਬੇ 'ਚ ਪਾਣੀ ਦੀ ਸੰਭਾਲ ਅਤੇ ਪਰਾਲੀ ਸਾੜਨ ਦੇ ਨਾਲ ਜੋੜ ਕੇ ਬਾਗਬਾਨੀ ਦੇ ਵਿਕਾਸ ਨੂੰ ਕਿਸਾਨਾਂ ਤੱਕ ਪਹੁੰਚਾਉਣ ਦੀ ਲੋੜ ਤੇ ਜੋਰ ਦਿੱਤਾ।

PunjabKesari

ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਆਏ ਹੋਏ ਪਸਾਰ ਮਾਹਿਰਾਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਧੰਨਵਾਦ ਕੀਤਾ । ਉਹਨਾਂ ਨੇ ਪਦਮਸ਼੍ਰੀ ਮਿਲਣ ਤੇ ਵਾਈਸ ਚਾਂਸਲਰ ਨੂੰ ਵਧਾਈ ਦਿੰਦਿਆਂ ਪੀ. ਏ. ਯੂ ਦੇ ਸਮੁੱਚੇ ਅਮਲੇ ਲਈ ਮਾਣ ਵਾਲੀ ਗੱਲ ਕਿਹਾ।ਇਸ ਕਾਨਫਰੰਸ 'ਚ ਵੱਡੀ ਗਿਣਤੀ 'ਚ ਬਾਗਬਾਨੀ ਅਤੇ ਸਬਜ਼ੀ ਨਾਲ ਸੰਬੰਧਤ ਮਾਹਿਰਾਂ ਤੋਂ ਬਿਨਾਂ ਪਸਾਰ ਮਾਹਿਰ ਹਿੱਸਾ ਲੈ ਰਹੇ ਹਨ।


Iqbalkaur

Content Editor

Related News