ਅੱਖਾਂ ਦੇ ਮਾਹਿਰਾਂ ਨੇ ਕਾਰਬਾਈਡ ਪਟਾਕਿਆਂ ਦੀ ਵਰਤੋਂ ਖ਼ਿਲਾਫ਼ ਜਾਰੀ ਕੀਤੀ ਚਿਤਾਵਨੀ
Tuesday, Oct 28, 2025 - 05:16 PM (IST)
ਬਠਿੰਡਾ (ਵਰਮਾ) : ਅੱਖਾਂ ਦੇ ਮਾਹਿਰ ਡਾਕਟਰਾਂ ਦੀ ਸੰਸਥਾ 'ਪੰਜਾਬ ਓਫਥਲਮੋਲੋਜੀਕਲ ਸੋਸਾਇਟੀ' ਨੇ ਕਾਰਬਾਈਡ ਅਤੇ ਇੰਪ੍ਰੋਵਾਈਜ਼ਡ ਪਟਾਕਿਆਂ ਖ਼ਿਲਾਫ਼ ਰਾਸ਼ਟਰੀ ਚਿਤਾਵਨੀ ਜਾਰੀ ਕੀਤੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਪਟਾਕਿਆਂ ਕਾਰਨ ਪੂਰੇ ਭਾਰਤ ਵਿਚ ਅੱਖਾਂ ਨੂੰ ਅੰਨ੍ਹਾ ਕਰਨ ਵਾਲੀਆਂ ਸੱਟਾਂ ਵਿਚ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈ। ਅਕੈਡਮੀ ਆਫ ਅੰਮ੍ਰਿਤਸਰ ਓਫਥਲਮੋਲੋਜੀਸਟ ਦੇ ਪ੍ਰਧਾਨ ਡਾ. ਸ਼ੌਕੀਨ ਸਿੰਘ, ਸੈਕਟਰੀ ਡਾਕਟਰ ਕਰਮਜੀਤ ਸਿੰਘ ਅਤੇ ਖਜਾਨਚੀ ਡਾਕਟਰ ਰਮਨ ਮਿੱਤਲ ਨੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਕਈ ਰਾਜਾਂ ਦੇ ਨੇਤਰ ਵਿਗਿਆਨੀਆਂ ਅਤੇ ਹਸਪਤਾਲਾਂ ਵੱਲੋਂ ਅਖੌਤੀ 'ਕਾਰਬਾਈਡ ਬੰਬ' ਜਾਂ 'ਕਾਰਬਾਈਡ ਬੰਦੂਕਾਂ' ਕਾਰਨ ਗੰਭੀਰ ਅੱਖਾਂ ਦੇ ਜ਼ਖ਼ਮਾਂ ਵਿੱਚ ਵਾਧਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਇਹ ਕੈਲਸ਼ੀਅਮ ਕਾਰਬਾਈਡ ਅਤੇ ਪਾਣੀ ਤੋਂ ਬਣੇ ਖ਼ਤਰਨਾਕ ਵਿਸਫੋਟਕ ਯੰਤਰ ਹਨ, ਜੋ ਵਿਸਫੋਟਕ ਐਸੀਟਲੀਨ ਗੈਸ ਛੱਡਦੇ ਹਨ। ਇਹ ਰਸਾਇਣਕ ਬੰਬ ਹਨ, ਰਵਾਇਤੀ ਪਟਾਕੇ ਨਹੀਂ। ਉਨ੍ਹਾਂ ਦੱਸਿਆ ਕਿ ਇਸ ਅੰਨ੍ਹਾ ਕਰਨ ਵਾਲੇ ਰਸਾਇਣਕ ਕਾਰਨ ਥਰਮਲ ਬਰਨ ਕੌਰਨੀਅਲ ਵਿਨਾਸ਼, ਪੱਕੇ ਤੌਰ 'ਤੇ ਨਜ਼ਰ ਦਾ ਨੁਕਸਾਨ ਅਤੇ ਅਪੰਗਤਾ ਹੋ ਰਹੀ ਹੈ। ਅੱਖਾਂ ਦੇ ਮਾਹਿਰ ਡਾਕਟਰਾਂ ਨੇ ਨਾਗਰਿਕਾਂ ਨੂੰ ਇਨ੍ਹਾਂ ਖ਼ਤਰਨਾਕ ਪਟਾਕਿਆਂ ਤੋਂ ਸੁਚੇਤ ਕਰਦੇ ਕਿਹਾ ਕਿ ਬੱਚਿਆਂ ਦੇ ਮਾਪੇ ਇਸ ਗੱਲ ਦਾ ਖ਼ਿਆਲ ਰੱਖਣ ਕਿ ਅਜਿਹੇ ਕਾਰਬਾਈਡ ਆਧਾਰਿਤ ਪਟਾਕੇ ਨਾ ਖਰੀਦਣ ਅਤੇ ਨਾ ਚਲਾਉਣ ਜੋ ਕਿ ਅੱਖਾਂ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੇ ਹਨ।
