ਟਰੈਕਟਰ ਹੇਠਾਂ ਆਉਣ ਨਾਲ ਔਰਤ ਦੀ ਦਰਦਨਾਕ ਮੌਤ

Tuesday, Oct 28, 2025 - 04:34 PM (IST)

ਟਰੈਕਟਰ ਹੇਠਾਂ ਆਉਣ ਨਾਲ ਔਰਤ ਦੀ ਦਰਦਨਾਕ ਮੌਤ

ਅਬੋਹਰ (ਸੁਨੀਲ) : ਨੇੜਲੇ ਪਿੰਡ ਬਜੀਤਪੁਰ ਭੋਮਾ ਦੀ ਇੱਕ ਔਰਤ ਬੱਚੇ ਨੂੰ ਟਰੈਕਟਰ ਤੋਂ ਉਤਾਰਨ ਦੀ ਕੋਸ਼ਿਸ਼ ਦੌਰਾਨ ਟਰੈਕਟਰ ਦੇ ਅਗਲੇ ਟਾਇਰ ਹੇਠ ਆ ਕੇ ਜ਼ਖਮੀ ਹੋ ਗਈ। ਉਸਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਅੱਜ ਸਵੇਰੇ ਉਸਦੀ ਮੌਤ ਹੋ ਗਈ। ਮ੍ਰਿਤਕ ਦਾ ਇੱਕਲੌਤਾ ਪੁੱਤਰ ਹੈ, ਜੋ ਵਿਦੇਸ਼ ਵਿੱਚ ਰਹਿੰਦਾ ਹੈ। ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਅਬੋਹਰ ਦੇ ਮੁਰਦਾਘਰ ਵਿੱਚ ਰੱਖਿਆ ਗਿਆ। ਪੁਲਸ ਨੇ ਮ੍ਰਿਤਕਾ ਦੇ ਪਤੀ ਦੇ ਬਿਆਨ ’ਤੇ ਕਾਰਵਾਈ ਕੀਤੀ ਹੈ।

ਅੱਜ ਦੁਪਹਿਰ, ਉਸਦੀ ਲਾਸ਼ ਅਬੋਹਰ ਲਿਆਂਦੀ ਗਈ, ਜਿੱਥੇ ਬਹਾਵਵਾਲਾ ਥਾਣੇ ਦੇ ਏ. ਐੱਸ. ਆਈ. ਇਕਬਾਲ ਸਿੰਘ ਨੇ ਮ੍ਰਿਤਕਾ ਦੇ ਪਤੀ ਦੇ ਬਿਆਨ ’ਤੇ ਕਾਰਵਾਈ ਕਰਦਿਆਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਜਾਣਕਾਰੀ ਅਨੁਸਾਰ ਮਹਿੰਦਰ ਕੌਰ ਪਤਨੀ ਇਕਬਾਲ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬੀਤੇ ਦਿਨ ਇੱਕ ਗੁਆਂਢੀ ਆਪਣੇ ਚਾਰ ਸਾਲ ਦੇ ਬੱਚੇ ਨੂੰ ਉਨ੍ਹਾਂ ਦੇ ਘਰ ਛੱਡ ਗਿਆ ਸੀ। ਉਹ ਉਨ੍ਹਾਂ ਦੇ ਘਰ ਖੜ੍ਹੇ ਟਰੈਕਟਰ ’ਤੇ ਬੈਠਾ ਸੀ ਅਤੇ ਚਾਬੀ ਵੀ ਉਸ ਵਿੱਚ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਹਿੰਦਰ ਕੌਰ ਟਰੈਕਟਰ ਦੀ ਚਾਬੀ ਕੱਢਣ ਗਈ ਸੀ ਕਿ ਬੱਚਾ ਟਰੈਕਟਰ ਸਟਾਰਟ ਨਾ ਕਰ ਦੇਵੇ। ਜਿਵੇਂ ਹੀ ਉਹ ਟਰੈਕਟਰ ਦੀ ਚਾਬੀ ਕੱਢਣ ਲੱਗੀ ਤਾਂ ਚਾਬੀ ਬਾਹਰ ਨਿਕਲਣ ਦੀ ਬਜਾਏ ਸੇਲਫ ਲਗਣ ਕਾਰਨ ਟਰੈਕਟਰ ਸਟਾਰਟ ਹੋ ਗਿਆ ਅਤੇ ਟਰੈਕਟਰ ਦਾ ਟਾਇਰ ਉਸ ਦੇ ਉੱਪਰੋਂ ਲੰਘ ਗਿਆ। ਰੌਲਾ ਸੁਣ ਕੇ ਜਦੋਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਤਾਂ ਪਰਿਵਾਰਕ ਮੈਂਬਰ ਉਸਨੂੰ ਹਸਪਤਾਲ ਲੈ ਆਏ। ਜਿੱਥੋਂ ਉਸਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ। ਜਿਸ ’ਤੇ ਪਰਿਵਾਰਕ ਮੈਂਬਰ ਉਸਨੂੰ ਇਲਾਜ ਲਈ ਬਠਿੰਡਾ ਦੇ ਹਸਪਤਾਲ ਲੈ ਗਏ ਜਿੱਥੇ, ਅੱਜ ਸਵੇਰੇ 11 ਵਜੇ ਉਸਦੀ ਮੌਤ ਹੋ ਗਈ।


author

Babita

Content Editor

Related News