ਪਟਵਾਰੀਆਂ ਨੇ ਕਰ ''ਤਾ ਵੱਡਾ ਐਲਾਨ, ਲੋਕਾਂ ਦੀ ਵੱਧ ਸਕਦੀ ਹੈ ਪ੍ਰੇਸ਼ਾਨੀ
Wednesday, Sep 16, 2026 - 03:26 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੀ ਸੂਬਾ ਬਾਡੀ ਵੱਲੋਂ 9 ਸਤੰਬਰ 2026 ਨੂੰ ਕੀਤੀ ਗਈ ਅਹਿਮ ਮੀਟਿੰਗ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਤਿੰਨਾਂ ਤਹਿਸੀਲਾਂ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਖੇ ਪਟਵਾਰੀਆਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਤਹਿਸੀਲ ਪ੍ਰਧਾਨਾਂ ਦੀ ਅਗਵਾਈ ਹੇਠ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਤਹਿਸੀਲ ਪੱਧਰੀ ਰੋਸ ਧਰਨੇ ਦਿੱਤੇ ਗਏ, ਜਿਸ ਨਾਲ ਸਰਕਾਰੀ ਦਫ਼ਤਰਾਂ ਵਿਚ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
ਵੱਡੀ ਗਿਣਤੀ ਵਿਚ ਪਹੁੰਚੇ ਪਟਵਾਰੀ ਅਤੇ ਰਿਟਾਇਰਡ ਕਾਨੂੰਗੋ
ਇਸ ਰੋਸ ਧਰਨੇ ਵਿਚ ਜ਼ਿਲ੍ਹੇ ਭਰ ਦੇ ਸਮੂਹ ਪਟਵਾਰੀਆਂ, ਯੂਨੀਅਨ ਡੈਲੀਗੇਟਾਂ ਤੋਂ ਇਲਾਵਾ ਰਿਟਾਇਰਡ ਪਟਵਾਰੀ ਅਤੇ ਕਾਨੂੰਗੋ ਸਾਥੀਆਂ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਕੇ ਆਪਣਾ ਸਮਰਥਨ ਦਿੱਤਾ। ਤਹਿਸੀਲ ਸ੍ਰੀ ਮੁਕਤਸਰ ਸਾਹਿਬ ਵਿਖੇ ਸੂਬਾ ਖਜ਼ਾਨਚੀ ਪਵਨ ਕੁਮਾਰ ਅਤੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਬਰਾੜ ਦੀ ਵਿਸ਼ੇਸ਼ ਮੌਜੂਦਗੀ ਰਹੀ, ਜਦਕਿ ਤਹਿਸੀਲ ਗਿੱਦੜਬਾਹਾ ਵਿਖੇ ਧਰਨੇ ਦੀ ਅਗਵਾਈ ਜ਼ਿਲ੍ਹਾ ਜਨਰਲ ਸਕੱਤਰ ਗੁਰਭੇਜ ਸਿੰਘ ਅਤੇ ਤਹਿਸੀਲ ਪ੍ਰਧਾਨ ਸੁਖਦੇਵ ਸਿੰਘ ਨੇ ਕੀਤੀ। ਧਰਨੇ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ 'ਤੇ ਤਿੱਖੇ ਨਿਸ਼ਾਨੇ ਸਾਧੇ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ, ਜਿਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਪਟਵਾਰੀਆਂ ਦੀ ਤਨਖਾਹ ਵਿਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਪਰਖ ਕਾਲ ਦੌਰਾਨ ਪੂਰੀ ਤਨਖਾਹ ਦਿੱਤੀ ਜਾਵੇ, ਪਟਵਾਰੀਆਂ ਦੇ ਸਟੇਟ ਕੈਡਰ ਨੂੰ ਤੁਰੰਤ ਰੱਦ ਕੀਤਾ ਜਾਵੇ, 4716 ਪੋਸਟਾਂ ਨੂੰ ਮੁੜ ਬਹਾਲ ਕੀਤਾ ਜਾਵੇ ਅਤੇ ਖਾਲੀ ਅਸਾਮੀਆਂ 'ਤੇ ਨਵੀਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਇਸ ਤੋਂ ਇਲਾਵਾ ਪਟਵਾਰ ਖਾਨਿਆਂ ਅਤੇ ਦਫ਼ਤਰਾਂ ਵਿਚ ਕੰਮਕਾਜ ਦੇ ਸੁਚਾਰੂ ਸੰਚਾਲਨ ਲਈ ਜ਼ਰੂਰੀ ਫਰਨੀਚਰ ਅਤੇ ਹੋਰ ਲੋੜੀਂਦਾ ਸਮਾਨ ਤੁਰੰਤ ਮੁਹੱਈਆ ਕਰਵਾਇਆ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ 'ਤੇ ਸਖ਼ਤ ਕਾਰਵਾਈ, ਪੰਜ ਇਨਕਰੀਮੈਂਟ ਰੋਕਣ ਦੇ ਹੁਕਮ
ਆਰ-ਪਾਰ ਦੀ ਲੜਾਈ ਦਾ ਐਲਾਨ
ਯੂਨੀਅਨ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇਹਨਾਂ ਜਾਇਜ਼ ਮੰਗਾਂ ਦਾ ਜਲਦ ਹੱਲ ਨਾ ਕੀਤਾ, ਤਾਂ ਸੂਬਾ ਬਾਡੀ ਦੇ ਆਦੇਸ਼ਾਂ ਅਨੁਸਾਰ 17 ਸਤੰਬਰ ਤੋਂ ਅਗਲੇ ਤਿੱਖੇ ਸੰਘਰਸ਼ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਪਟਵਾਰੀ ਪੂਰੀ ਤਰ੍ਹਾਂ ਤਿਆਰ ਹਨ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ। ਇਸ ਰੋਸ ਪ੍ਰਦਰਸ਼ਨ ਵਿਚ ਜਥੇਬੰਦੀ ਦੇ ਮੀਡੀਆ ਆਗੂ ਨਰਿੰਦਰ ਸਿੰਘ, ਮੀਡੀਆ ਆਗੂ ਸੁਖਦੀਪ ਸਿੰਘ, ਜੁਆਇੰਟ ਸੀਨੀਅਰ ਮੀਤ ਪ੍ਰਧਾਨ (ਪੰਜਾਬ) ਇਕਬਾਲ ਸਿੰਘ, ਕਾਨੂੰਗੋ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੁਰਪਾਲ ਸਿੰਘ, ਪਟਵਾਰੀ ਵੀਰਪਾਲ ਕੌਰ ਅਤੇ ਰਿਟਾਇਰਡ ਕਾਨੂੰਗੋ ਮਨਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਟਵਾਰੀ ਅਤੇ ਕਾਨੂੰਗੋ ਸਾਥੀ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ : ਇਨ੍ਹਾਂ ਕਲੋਨੀਆਂ 'ਤੇ ਕਾਰਵਾਈ ਦੇ ਹੁਕਮ, ਲੋਕਾਂ ਨੂੰ ਕੀਤੀ ਗਈ ਖਾਸ ਅਪੀਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
