ਪੰਜਾਬ : ਜੱਜ ਵਾਲੀ ਕੋਠੀ ਵਿਚ ਹੋ ਗਿਆ ਵੱਡਾ ਕਾਂਡ, ਏ.ਸੀ., ਪੱਖੇ, ਮੋਟਰ, ਖਿੜਕੀਆਂ ਤੱਕ ਚੋਰੀ
Monday, Sep 07, 2026 - 01:44 PM (IST)
ਫ਼ਰੀਦਕੋਟ (ਰਾਜਨ) : ਸਰਕਾਰੀ ਕਾਲੋਨੀ ਸਥਿਤ ਮਾਣਯੋਗ ਜੱਜ ਸਾਹਿਬਾਨ ਦੀ ਰਿਹਾਇਸ਼ ਲਈ ਰਾਖਵੀਂ ਲਾਲ ਕੋਠੀ ’ਚੋਂ ਅਣਪਛਾਤੇ ਚੋਰ ਏ.ਸੀ., ਪੱਖੇ, ਪਾਣੀ ਵਾਲੀ ਮੋਟਰ, ਬਲਬ, ਟਿਊਬ ਲਾਈਟਾਂ, ਖਿੜਕੀਆਂ ਅਤੇ ਅਲਮਾਰੀਆਂ ਦੇ ਦਰਵਾਜ਼ਿਆਂ ਸਮੇਤ ਵੱਡੀ ਮਾਤਰਾ ’ਚ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਕੋਠੀ ਖਾਲੀ ਪਈ ਹੋਣ ਦਾ ਫ਼ਾਇਦਾ ਉਠਾ ਕੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣਾ ਸਿਟੀ ਫ਼ਰੀਦਕੋਟ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ, ਜ਼ਿਲ੍ਹਾ ਕਚਹਿਰੀਆਂ ਫ਼ਰੀਦਕੋਟ ਦੇ ਜ਼ਿਲ੍ਹਾ ਨਾਜ਼ਰ ਦਫ਼ਤਰ ਵੱਲੋਂ ਬਾਲ ਕ੍ਰਿਸ਼ਨ ਰਾਹੀਂ ਪੁਲਸ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਸਰਕਾਰੀ ਕਾਲੋਨੀ ’ਚ ਸਥਿਤ ਉਕਤ ਲਾਲ ਕੋਠੀ ਮਾਨਯੋਗ ਜੱਜ ਸਾਹਿਬਾਨ ਦੀ ਰਿਹਾਇਸ਼ ਲਈ ਰਾਖਵੀਂ ਹੈ ਅਤੇ ਇਨ੍ਹੀਂ ਦਿਨੀਂ ਖਾਲੀ ਪਈ ਹੋਈ ਸੀ। ਇਸੇ ਦਾ ਫ਼ਾਇਦਾ ਉਠਾਉਂਦਿਆਂ ਅਣਪਛਾਤੇ ਚੋਰਾਂ ਨੇ ਕੋਠੀ ਨੂੰ ਨਿਸ਼ਾਨਾ ਬਣਾਇਆ।
ਸ਼ਿਕਾਇਤ ਮੁਤਾਬਕ 1 ਸਤੰਬਰ ਦੀ ਦਰਮਿਆਨੀ ਰਾਤ 12 ਵਜੇ ਤੋਂ ਸਵੇਰੇ 4 ਵਜੇ ਦੇ ਦਰਮਿਆਨ ਚੋਰ ਕੋਠੀ ਅੰਦਰ ਦਾਖ਼ਲ ਹੋਏ ਅਤੇ ਉੱਥੇ ਲੱਗਿਆ ਤੇ ਪਿਆ ਕਾਫ਼ੀ ਸਾਮਾਨ ਚੋਰੀ ਕਰਕੇ ਲੈ ਗਏ। ਚੋਰੀ ਦੀ ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਸਫ਼ਾਈ ਕਰਮਚਾਰੀ ਸਵੇਰੇ ਕੋਠੀ ਦੀ ਸਫ਼ਾਈ ਕਰਨ ਲਈ ਪਹੁੰਚਿਆ। ਕੋਠੀ ਅੰਦਰ ਕਈ ਜ਼ਰੂਰੀ ਵਸਤਾਂ ਗਾਇਬ ਸਨ। ਚੋਰਾਂ ਵੱਲੋਂ ਕੋਠੀ ’ਚੋਂ 1 ਇਨਡੋਰ ਏ.ਸੀ., 2 ਆਊਟਡੋਰ ਏ.ਸੀ., 7 ਛੱਤ ਵਾਲੇ ਪੱਖੇ ਅਤੇ 1 ਖੜ੍ਹਾ ਪੱਖਾ ਚੋਰੀ ਕੀਤਾ ਗਿਆ। ਇਸ ਤੋਂ ਇਲਾਵਾ ਕਈ ਅਲਮਾਰੀਆਂ ਦੇ ਦਰਵਾਜ਼ੇ ਅਤੇ ਖਿੜਕੀਆਂ ਵੀ ਪੁੱਟ ਕੇ ਲੈ ਗਏ। ਚੋਰਾਂ ਨੇ ਸੈਨੇਟਰੀ ਐਕਸੈਸਰੀਜ਼, ਪਾਣੀ ਵਾਲੀ ਮੋਟਰ, ਬਿਜਲੀ ਦੇ ਬਲਬ ਤੇ ਟਿਊਬ ਲਾਈਟਾਂ ਅਤੇ ਬਾਥਰੂਮ ਦੀਆਂ ਪਾਈਪਾਂ ਵੀ ਨਹੀਂ ਛੱਡੀਆਂ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਟੀ ਕੋਤਵਾਲੀ ਫ਼ਰੀਦਕੋਟ ਦੇ ਸਹਾਇਕ ਥਾਣੇਦਾਰ ਇਕਬਾਲ ਚੰਦ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਚੋਰਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
