ਪ੍ਰਾਈਵੇਟ ਬੀਮਾ ਕੰਪਨੀ ਦੇ ਨਾਂ ''ਤੇ ਲੱਖਾਂ ਰੁਪਏ ਦੀ ਧੋਖਾਧੜੀ!
Thursday, Sep 10, 2026 - 04:37 PM (IST)
ਸ੍ਰੀ ਮੁਕਤਸਰ ਸਾਹਿਬ/ ਗਿੱਦੜਬਾਹਾ (ਪਵਨ ਤਨੇਜਾ, ਕਟਾਰੀਆ): ਪੁਲਸ ਅਤੇ ਸਰਕਾਰ ਵੱਲੋਂ ਸਮੇਂ ਸਮੇਂ ਲੋਕਾਂ ਨੂੰ ਸਾਈਬਰ ਠੱਗਾਂ ਦੇ ਝਾਂਸੇ ਵਿਚ ਨਾ ਆਉਣ ਤੇ ਅਣਜਾਣ ਫੋਨ ਕਾਲਾਂ ਤੋਂ ਪ੍ਰਹੇਜ ਕਰਨ ਅਤੇ ਜਾਣਕਾਰੀ ਨਾ ਸ਼ੇਅਰ ਕਰਨ ਲਈ ਸਮੇਂ- ਸਮੇਂ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਠੱਗਾਂ ਵੱਲੋਂ ਕਿਸੇ ਨਾ ਕਿਸੇ ਵਿਅਕਤੀ ਨੂੰ ਝਾਂਸੇ ਵਿਚ ਲੈਕੇ ਠੱਗੀ ਦਾ ਸ਼ਿਕਾਰ ਬਣਾ ਹੀ ਲਿਆ ਜਾਂਦਾ ਹੈ। ਤਾਜ਼ਾ ਮਾਮਲਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਨਾਲ ਸਬੰਧਿਤ ਹੈ ਜਿਸ ਵਿੱਚ ਸਾਈਬਰ ਠੱਗਾਂ ਵਲੋਂ ਇੱਕ ਵਿਅਕਤੀ ਨੂੰ ਬੀਮਾ ਪਾਲਿਸੀ ਦਾ ਲਾਭ ਦਿਵਾਉਣ ਅਤੇ ਪਾਲਿਸੀ ਬੰਦ ਕਰਨ ਦੇ ਬਹਾਨੇ ਝਾਂਸੇ ਵਿੱਚ ਲੈ ਕੇ ਲੱਖਾਂ ਰੁਪਏ ਦਾ ਚੂਨਾ ਲਗਾ ਦਿੱਤਾ। ਇਸ ਸਬੰਧੀ ਥਾਣਾ ਸਾਈਬਰ ਕ੍ਰਾਈਮ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਗੁਰਦੇਵ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਪਿੰਡ ਬੁੱਟਰ ਬਖੂਆ ਤਹਿਸੀਲ ਗਿੱਦੜਬਾਹਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੈਕਸ ਲਾਈਫ ਇੰਸ਼ੋਰੈਂਸ ਕੰਪਨੀ ਵਿੱਚ ਚਾਰ ਜੀਵਨ ਬੀਮਾ ਪਾਲਿਸੀਆਂ ਚੱਲ ਰਹੀਆਂ ਹਨ।ਉਸਨੂੰ 31 ਮਾਰਚ 2026 ਨੂੰ ਦੁਪਹਿਰ ਇੱਕ ਅਣਪਛਾਤੇ ਨੰਬਰ 89379-56443 ਤੋਂ ਕਾਲ ਆਈ। ਫੋਨ 'ਤੇ ਬੋਲ ਰਹੀ ਇੱਕ ਨਾ-ਮਾਲੂਮ ਲੜਕੀ ਨੇ ਦਾਅਵਾ ਕੀਤਾ ਕਿ ਉਹ ਮੈਕਸ ਲਾਈਫ ਇੰਸ਼ੋਰੈਂਸ ਕੰਪਨੀ ਦੇ ਹੈੱਡ ਬ੍ਰਾਂਚ ਦਿੱਲੀ ਤੋਂ ਗੱਲ ਕਰ ਰਹੀ ਹੈ। ਉਕਤ ਲੜਕੀ ਨੇ ਗੁਰਦੇਵ ਸਿੰਘ ਨੂੰ ਕਿਹਾ ਕਿ ਉਨ੍ਹਾਂ ਦੀ ਬੀਮਾ ਪਾਲਿਸੀ ਦਾ 30 ਪ੍ਰਤੀਸ਼ਤ ਲਾਭ ਬੀਮਾ ਏਜੰਟ ਨੂੰ ਜਾ ਰਿਹਾ ਹੈ, ਕਿਉਂਕਿ ਏਜੰਟ ਨੇ ਕਸਟਮਰ ਆਈ.ਡੀ. ਦੀ ਜਗ੍ਹਾ ਆਪਣੀ ਖੁਦ ਦੀ ਆਈ.ਡੀ. ਲਗਾਈ ਹੋਈ ਹੈ। ਉਸਨੇ ਸਲਾਹ ਦਿੱਤੀ ਕਿ ਉਹ ਆਪਣੀ ਖੁਦ ਦੀ ਆਈ.ਡੀ. ਬਣਵਾਉਣ।ਉਸ ਵੱਲੋਂ ਉਸਕਾਉਣ ਤੇ ਗੁਰਦੇਵ ਸਿੰਘ ਨੇ ਕਿਹਾ ਕਿ ਉਹ ਆਪਣੀ ਪਾਲਿਸੀ ਦਾ ਲਾਭ ਏਜੰਟ ਨੂੰ ਨਹੀਂ ਦੇਣਾ ਚਾਹੁੰਦੇ ਤਾਂ ਲੜਕੀ ਨੇ ਕਿਹਾ ਕਿ ਉਹ ਪਾਲਿਸੀ ਬੰਦ ਕਰ ਦਿੰਦੇ ਹਨ ਅਤੇ ਭਾਰਤੀ ਜੀਵਨ ਬੀਮਾ ਨਿਗਮ ਕੋਲ ਆਨਲਾਈਨ ਸ਼ਿਕਾਇਤ ਦਰਜ ਕਰਵਾ ਦਿੰਦੇ ਹਨ। ਕੁੱਝ ਸਮੇਂ ਬਾਅਦ ਉਸਨੇ ਸ਼ਿਕਾਇਤ ਨੰਬਰ 8927GBIC11 ਨੋਟ ਕਰਵਾਇਆ ਅਤੇ ਕਿਹਾ ਕਿ 24 ਘੰਟਿਆਂ ਦੇ ਅੰਦਰ ਫੋਨ ਆਵੇਗਾ ਅਤੇ ਇਹ ਸ਼ਿਕਾਇਤ ਨੰਬਰ ਮੰਗ ਕੇ ਪਾਲਿਸੀ ਬੰਦ ਕਰ ਦਿੱਤੀ ਜਾਵੇਗੀ।ਇਸ ਤੋਂ ਬਾਅਦ ਗੱਲਾਂ ਵਿਚ ਲੈਕੇ ਉਕਤ ਅਣਪਛਾਤੇ ਠੱਗਾਂ ਨੇ 21 ਦਿਨਾਂ 'ਚ ਵੱਖ-ਵੱਖ ਬੈਂਕ ਖਾਤਿਆਂ 'ਚ 7 ਲੱਖ 31 ਹਜਾਰ ਰੁਪਏ ਟਰਾਂਸਫਰ ਕਰਵਾਏ। ਬਾਅਦ ਵਿੱਚ ਜਦੋਂ ਉਕਤ ਨੰਬਰਾਂ ਤੇ ਸੰਪਰਕ ਨਾ ਹੋਇਆ ਤਾਂ ਪੀੜਤ ਨੂੰ ਠੱਗੀ ਦਾ ਅਹਿਸਾਸ ਹੋਇਆ ਤਾਂ ਉਸਨੇ ਤੁਰੰਤ ਸਾਈਬਰ ਪੁਲਸ ਨੂੰ ਸ਼ਿਕਾਇਤ ਦਿੱਤੀ।
ਸਾਈਬਰ ਕ੍ਰਾਈਮ ਥਾਣਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ 09 ਸਤੰਬਰ 2026 ਨੂੰ ਅਣਪਛਾਤੇ ਠੱਗਾਂ ਖਿਲਾਫ਼ ਮੁਕੱਦਮਾ ਨੰਬਰ 14, ਧਾਰਾ 318(4) ਬੀ.ਐਨ.ਐਸ. (ਭਾਰਤੀ ਨਿਆਇ ਸੰਹਿਤਾ) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਤਫਤੀਸ਼ ਇੰਸਪੈਕਟਰ ਰਜਨੀਬਾਲਾ ਵੱਲੋਂ ਕੀਤੀ ਜਾ ਰਹੀ ਹੈ।
