ਗੁਣਸਾਖੀ ਦੀ ਤੂਫ਼ਾਨੀ ਪਾਰੀ ਤੇ ਰਹਿਮਤ ਦੇ ਆਲਰਾਊਂਡ ਖੇਡ ਸਦਕਾ ਸ੍ਰੀ ਮੁਕਤਸਰ ਸਾਹਿਬ ਦੀ ਸ਼ਾਨਦਾਰ ਜਿੱਤ
Wednesday, Sep 09, 2026 - 06:33 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਮੋਹਾਲੀ ਵੱਲੋਂ ਕਰਵਾਏ ਜਾ ਰਹੇ ਲੜਕੀਆਂ ਦੇ ਅੰਤਰ-ਜ਼ਿਲਾ ਵਨ ਡੇ ਅੰਡਰ-15 ਕ੍ਰਿਕਟ ਟੂਰਨਾਮੈਂਟ (2026-27) ਵਿਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਦਾ ਜੇਤੂ ਰੱਥ ਬਰਕਰਾਰ ਹੈ। ਬਠਿੰਡਾ ਦੇ ਪੁਲਸ ਲਾਈਨ ਕ੍ਰਿਕਟ ਗਰਾਊਂਡ ਵਿੱਚ ਖੇਡੇ ਗਏ ਇੱਕਤਰਫ਼ਾ ਮੁਕਾਬਲੇ ਵਿੱਚ ਸ੍ਰੀ ਮੁਕਤਸਰ ਸਾਹਿਬ ਦੀਆਂ ਧੀਆਂ ਨੇ ਮੇਜ਼ਬਾਨ ਬਠਿੰਡਾ ਨੂੰ 8 ਵਿਕਟਾਂ ਨਾਲ ਧੂੜ ਚਟਾਉਂਦੇ ਹੋਏ ਟੂਰਨਾਮੈਂਟ ਵਿੱਚ ਲਗਾਤਾਰ ਤੀਜੀ ਸ਼ਾਨਦਾਰ ਜਿੱਤ ਦਰਜ ਕੀਤੀ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਬਠਿੰਡਾ ਦੀ ਟੀਮ ਸ੍ਰੀ ਮੁਕਤਸਰ ਸਾਹਿਬ ਦੀ ਧਾਕੜ ਗੇਂਦਬਾਜ਼ੀ ਅੱਗੇ ਪੂਰੀ ਤਰ੍ਹਾਂ ਬੈਕਫੁੱਟ 'ਤੇ ਨਜ਼ਰ ਆਈ। ਸ੍ਰੀ ਮੁਕਤਸਰ ਸਾਹਿਬ ਦੀ ਸਟਾਰ ਗੇਂਦਬਾਜ਼ ਰਹਿਮਤ ਕੌਰ ਨੇ 2 ਵਿਕਟਾਂ ਝਟਕ ਕੇ ਬਠਿੰਡਾ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਹੀਨਹੀਂ ਦਿੱਤਾ, ਜਦਕਿ ਜਪਨੀਤ ਕੌਰ ਅਤੇ ਕਿਰਤਲੀਨ ਕੌਰ ਨੇ 1-1 ਵਿਕਟ ਲੈ ਕੇ ਵਿਰੋਧੀ ਟੀਮ 'ਤੇ ਦਬਾਅ ਬਣਾਈ ਰੱਖਿਆ। ਬਠਿੰਡਾ ਵੱਲੋਂ ਮੰਨਤ 24 ਦੌੜਾਂ , ਦਿਲਨੂਰ ਸੰਘੇੜਾ 13 ਦੌੜਾਂ ਅਤੇ ਨਵਕਿਰਨ ਜਤਵਾਲ 13 ਦੌੜਾਂ ਬਣਾ ਕੇ ਕੁਝ ਸੰਘਰਸ਼ ਕਰ ਸਕੀਆਂ ਅਤੇ ਟੀਮ 35 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ ਮਹਿਜ਼ 77 ਦੌੜਾਂ ਹੀ ਬਣਾ ਸਕੀ।
ਗੁਣਸਾਖੀ ਤੇ ਰਹਿਮਤ ਦਾ ਤੂਫ਼ਾਨ: 8 ਓਵਰਾਂ ਤੋਂ ਪਹਿਲਾਂ ਹੀ ਖ਼ਤਮ ਕੀਤਾ ਮੈਚ
78 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਰੁੱਖ ਅਪਣਾਇਆ। ਓਪਨਰ ਗੁਣਸਾਖੀ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਨਦਾਰ ਸ਼ਾਟ ਲਗਾਉਂਦੇ ਹੋਏ ਮਹਿਜ਼ 24 ਗੇਂਦਾਂ ਵਿੱਚ 7 ਚੌਕਿਆਂ ਦੀ ਮਦਦ ਨਾਲ ਅਜੇਤੂ 38 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਦੂਜੇ ਪਾਸੇ ਆਲਰਾਊਂਡਰ ਰਹਿਮਤ ਕੌਰ ਨੇ ਵੀ ਗੇਂਦਬਾਜ਼ੀ ਤੋਂ ਬਾਅਦ ਬੱਲੇ ਨਾਲ ਧਮਾਲ ਮਚਾਉਂਦੇ ਹੋਏ 14 ਗੇਂਦਾਂ 'ਚ 5 ਚੌਕਿਆਂ ਦੀ ਮਦਦ ਨਾਲ 24 ਦੌੜਾਂ ਦੀ ਤਾਬੜਤੋੜ ਪਾਰੀ ਖੇਡੀ ਜਦਕਿ ਚੇਤਨਾ ਨੇ ਅਜੇਤੂ 6 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੀ ਦਹਿਲੀਜ਼ ਪਾਰ ਕਰਵਾਈ। ਸ੍ਰੀ ਮੁਕਤਸਰ ਸਾਹਿਬ ਨੇ ਮਹਿਜ਼ 7.5 ਓਵਰਾਂ ਵਿੱਚ 2 ਵਿਕਟਾਂ ਗੁਆ ਕੇ 78 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ।
ਗਰੁੱਪ-ਬੀ ਵਿੱਚ 12 ਅੰਕਾਂ ਨਾਲ ਮਜ਼ਬੂਤ ਸਥਿਤੀ
ਜ਼ਿਲਾ ਕ੍ਰਿਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਜਨਰਲ ਸਕੱਤਰ ਸਮਿੰਦਰ ਬੱਤਰਾ ਅਤੇ ਪ੍ਰੈਸ ਸਕੱਤਰ ਵਿਜੇ ਕੁਮਾਰ ਨੇ ਦੱਸਿਆ ਕਿ ਇਸ ਧਮਾਕੇਦਾਰ ਜਿੱਤ ਨਾਲ ਟੀਮ ਨੇ ਗਰੁੱਪ-ਬੀ ਵਿੱਚ ਲਗਾਤਾਰ ਤੀਜਾ ਮੈਚ ਜਿੱਤ ਕੇ ਕੁੱਲ 12 ਅੰਕ ਹਾਸਲ ਕਰ ਲਏ ਹਨ। ਇਸ ਸ਼ਾਨਦਾਰ ਪ੍ਰਾਪਤੀ 'ਤੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਵਿਕਰਮਜੀਤ, ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਖਿਡਾਰੀਆਂ, ਕੋਚਾਂ ਅਤੇ ਸਿਲੈਕਟਰਾਂ ਨੂੰ ਵਧਾਈ ਦਿੱਤੀ ਅਤੇ ਅਗਲੇ ਮੈਚਾਂ ਵਿੱਚ ਵੀ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖਣ ਲਈ ਸ਼ੁਭਕਾਮਨਾਵਾਂ ਦਿੱਤੀਆਂ।
