ਸ੍ਰੀ ਮੁਕਤਸਰ ਸਾਹਿਬ ’ਚ ਦਮ ਤੋੜ ਰਹੀ ਹੈ ਸਫਾਈ ਮੁਹਿੰਮ! ਪਾਰਕ ਤੇ ਸਕੂਲ ਵਿਚਾਲੇ ਕੂੜੇ ਦਾ ਡੰਪ ਜਾਰੀ

Tuesday, Sep 01, 2026 - 08:38 PM (IST)

ਸ੍ਰੀ ਮੁਕਤਸਰ ਸਾਹਿਬ ’ਚ ਦਮ ਤੋੜ ਰਹੀ ਹੈ ਸਫਾਈ ਮੁਹਿੰਮ! ਪਾਰਕ ਤੇ ਸਕੂਲ ਵਿਚਾਲੇ ਕੂੜੇ ਦਾ ਡੰਪ ਜਾਰੀ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਸ੍ਰੀ ਮੁਕਤਸਰ ਸਾਹਿਬ ਵਿਚ ਸਫਾਈ ਕਰਨ ਵਾਲੇ ਹੀ ਗੰਦਗੀ ਫੈਲਾ ਰਹੇ ਹਨ। ਇਸਦੇ ਨਾਲ ਹੀ ਸਰਕਾਰ ਵੱਲੋਂ ਲੱਖਾਂ ਰੁਪਏ ਲਾ ਕੇ ਚਾਲੂ ਕੀਤੇ ਕੂੜਾ ਚੁੱਕਣਵਾਲੇ ਵਾਹਨਾਂ ਦੇ ਬਾਵਜੂਦ ਸ਼ਹਿਰ ਦੇ ਇਕੋ-ਇਕ ਪਾਰਕ ‘ਗੁਰੂ ਗੋਬਿੰਦ ਸਿੰਘ ਪਾਰਕ’, ਸਰਕਾਰੀ ਸਕੂਲ (ਲੜਕੇ) ਅਤੇ ਜ਼ਿਲ੍ਹਾ ਸਿੱਖਿਆ ਦਫਤਰ ਦੇ ਵਿਚਕਾਰ ਲੱਗੇ ਕੂੜੇ ਦੇ ਢੇਰਾਂ ਕਰਕੇ ਰਾਹਗੀਰਾਂ, ਸੈਰ ਕਰਨ ਵਾਲਿਆਂ, ਵਿਦਿਆਰਥੀਆਂ ਅਤੇ ਰਹਿਣ ਵਾਲਿਆਂ ਦਾ ਜਿਉਣਾ ਦੁੱਬਰ ਹੋਇਆ ਪਿਆ ਹੈ। ਇਸ ਗੰਦਗੀ ਵਿੱਚ ਵਾਧਾ ਕਰਨ ਵਾਸਤੇ ਇਥੇ ਇਕ ਖੁੱਲਾ ਪਿਸ਼ਾਬਘਰ ਵੀ ਬਣਿਆ ਹੋਇਆ ਹੈ। ਇਸ ਪਿਸ਼ਾਬਘਰ ਦੀਆਂ ਪਾਇਪਾਂ ਬੰਦ ਹੋਣ ਕਰਕੇ ਇਸਦਾ ਗੰਦਾ ਪਾਣੀ ਸੜਕ ਉਪਰ ਖਿਲਰਿਆ ਰਹਿੰਦਾ ਹੈ। 

ਇਸ ਕੂੜੇ ਦੇ ਢੇਰ ਉਪਰ ਕੁੱਤੇ ਅਤੇ ਅਵਾਰਾ ਪਸ਼ੂ ਫਿਰਦੇ ਰਹਿੰਦੇ ਹਨ ਜਿੰਨ੍ਹਾਂ ਪਾਸੋਂ ਮਨੁੱਖੀ ਜਾਨਾਂ ਦਾ ਖਤਰਾ ਬਣਿਆ ਰਹਿੰਦਾ ਹੈ। ਸਿੱਤਮ ਦੀ ਗੱਲ ਹੈ ਕਿ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਵਰੁਣ ਸਹੋਤਾ ਵੱਲੋਂ ਇਥੇ ਕੂੜਾ ਸਿੱਟਣ ਦੀ ਸਖਤ ਮਨਾਹੀ ਕੀਤੀ ਹੋਈ ਹੈ। ਪਰ ਫਿਰ ਵੀ ਕੌਂਸਲ ਦੇ ਸਫਾਈ ਕਰਮਚਾਰੀ, ਮੀਟ ਦੀਆਂ ਦੁਕਾਨਾਂ ਵਾਲੇ, ਹੋਟਲਾਂ-ਢਾਬਿਆਂ ਤੇ ਘਰਾਂ ਵਾਲੇ ਸ਼ਰੇਆਮ ਗੰਦਗੀ ਸਿੱਟਦੇ ਹਨ ਜਿਸ ਕਰਕੇ ਸੈਰ ਕਰਨ ਵਾਲੇ, ਰਾਹਗੀਰ, ਸਕੂਲ ਦੇ ਬੱਚੇ ਡਾਢੇ ਦੁਖੀ ਹਨ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਇਹ ਕੂੜੇ ਦੇ ਢੇਰ ਇਥੇ ਲਾਉਣ ਤੋਂ ਰੋਕਣ ਵਾਸਤੇ ਸਖਤ ਕਾਰਵਾਈ ਕਰੇ। ਕੌਂਸਲਰ ਸੰਜਨਾ ਭੰਮ ਤੇ ਕਰਮਜੀਤ ਭੰਮ ਨੇ ਦੱਸਿਆ ਕਿ ਉਨ੍ਹਾਂ ਇਹ ਮੁੱਦਾ ਡਿਪਟੀ ਕਮਿਸ਼ਨਰ, ਕੌਂਸਲ ਪ੍ਰਧਾਨ ਅਤੇ ਈਓ ਦੇ ਧਿਆਨ ਵਿੱਚ ਵੀ ਲਿਆਂਦਾ ਹੈ ਪਰ ਵਾਅਦਾ ਕਰਨ ਦੇ ਬਾਵਜੂਦ ਮਸਲਾ ਹੱਲ ਨਹੀਂ ਹੋਇਆ। ਜੇ ਇਥੋਂ ਕੁੜਾ ਡੰਪ ਖਤਮ ਨਾ ਕੀਤਾ ਗਿਆ ਤਾਂ ਲੋਕ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।

ਕੂੜਾ ਸੁਟੱਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ: ਈ.ਓ.

ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਰੁਣ ਸਹੋਤਾ ਨੇ ਕਿਹਾ ਕਿ ਇਹ ਡੰਪ ਬੰਦ ਕੀਤਾ ਹੋਇਆ ਹੈ। ਜਲਦੀ ਹੀ ਇੱਥੇ ਕੈਮਰੇ ਲਾਏ ਜਾਣਗੇ। ਕੂੜਾ ਸਿੱਟਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਤੇ ਜੁਰਮਾਨਾ ਕੀਤਾ ਜਾਵੇਗਾ। 


author

Anmol Tagra

Content Editor

Related News