ਨਸ਼ਾ ਸਮੱਗਲਰਾਂ ਦੀ ਢਾਲ ਬਣੀ ਅਕਾਲੀ ਲੀਡਰਸ਼ਿਪ ਨੇ ਆਪਣੇ ਪੰਥਕ ਖ਼ਾਤਮੇ ’ਤੇ ਖ਼ੁਦ ਮੋਹਰ ਲਾਈ: ਬ੍ਰਹਮਪੁਰਾ
Wednesday, Sep 16, 2026 - 12:04 AM (IST)
ਜੈਤੋ (ਪਰਾਸ਼ਰ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ’ਚੋਂ ਬੇਦਖ਼ਲ ਕੀਤੇ ਜਾਣ ਤੋਂ ਬਾਅਦ ਸੀਨੀਅਰ ਆਗੂ ਕਰਨੈਲ ਸਿੰਘ ਬ੍ਰਹਮਪੁਰਾ ਨੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜਦੋਂ ਸਿਆਸਤ ਮਾਵਾਂ ਦੇ ਕਾਤਲਾਂ ਅੱਗੇ ਗੋਡੇ ਟੇਕ ਦੇਵੇ ਤਾਂ ਬਗ਼ਾਵਤ ਸਿਰਫ਼ ਹੱਕ ਨਹੀਂ, ਸਗੋਂ ਧਰਮ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰਨ ਦਾ ਫ਼ਰਮਾਨ ਮੌਜੂਦਾ ਲੀਡਰਸ਼ਿਪ ਵੱਲੋਂ ਨਸ਼ਾ ਸਮੱਗਲਰਾਂ ਅਤੇ ਅਪਰਾਧਿਕ ਮਾਫ਼ੀਏ ਅੱਗੇ ਕੀਤੇ ਗਏ ਸਿਧਾਂਤਕ ਆਤਮ-ਸਮਰਪਣ ਦਾ ਅਧਿਕਾਰਤ ਐਲਾਨਨਾਮਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਕੋਈ ਹੁਕਮਰਾਨ ਅਪਰਾਧੀਆਂ ਨੂੰ ਆਪਣੀ ਢਾਲ ਬਣਾਉਣ ਲੱਗ ਪਵੇ, ਤਾਂ ਉਸ ਦੀ ਸੱਤਾ ਦਾ ਅੰਤ ਨਿਸ਼ਚਿਤ ਹੋ ਜਾਂਦਾ ਹੈ। ਮੇਰੇ ਖ਼ਿਲਾਫ਼ ਅਨੁਸ਼ਾਸਨ ਦਾ ਹਥਿਆਰ ਉਸ ਆਵਾਜ਼ ਨੂੰ ਦਬਾਉਣ ਦੀ ਅਸਫ਼ਲ ਕੋਸ਼ਿਸ਼ ਹੈ, ਜੋ ਥਾਣਿਆਂ ’ਚ ਦਰਜ ਕਾਲੇ ਚਿੱਠੇ ਜਨਤਕ ਕਰ ਰਹੀ ਸੀ। ਬ੍ਰਹਮਪੁਰਾ ਨੇ ਕਿਹਾ ਕਿ ਜਿਸ ਪਾਰਟੀ ਦੀ ਨੀਂਹ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਤੇ ਪੰਥਕ ਰਵਾਇਤਾਂ ਨਾਲ ਰੱਖੀ ਸੀ, ਅੱਜ ਉਸ ਦੀ ਕਮਾਨ ਨੇ ਆਪਣੇ ਹੀ ਹੱਥੀਂ ਉਸ ’ਤੇ ਕੁਹਾੜਾ ਚਲਾ ਦਿੱਤਾ ਹੈ। ਅਪਰਾਧਿਕ ਪਿਛੋਕੜ ਵਾਲਿਆਂ ਨੂੰ ਮੰਚਾਂ ’ਤੇ ਬਿਠਾ ਕੇ ਟਕਸਾਲੀ ਸੋਚ ਨੂੰ ਬਾਹਰ ਕਰਨਾ ਪਾਰਟੀ ਦੇ ਖ਼ਾਤਮੇ ਦੀ ਨਿਸ਼ਾਨਦੇਹੀ ਕਰਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਫ਼ੈਸਲਾ ਉਨ੍ਹਾਂ ਨੂੰ ਜਥੇਬੰਦਕ ਬੇੜੀਆਂ ਤੋਂ ਮੁਕਤ ਕਰਦਾ ਹੈ ਅਤੇ ਮਾਫ਼ੀਆ-ਸਿਆਸੀ ਗੱਠਜੋੜ ਨੂੰ ਬੇਨਕਾਬ ਕਰਨ ਦੀ ਲੜਾਈ ਹੁਣ ਹੋਰ ਤਿੱਖੇ ਤੇ ਨਿਰਣਾਇਕ ਪੜਾਅ ’ਚ ਦਾਖ਼ਲ ਹੋਵੇਗੀ।
