ਪਟਵਾਰੀ ਨੇ ਦਰਜ ਇੰਤਕਾਲ ਦੇ ਮੰਗੇ 14 ਹਜ਼ਾਰ

Tuesday, Apr 17, 2018 - 03:11 AM (IST)

ਅੰਮ੍ਰਿਤਸਰ,   (ਨੀਰਜ)-  ਮਾਲ ਵਿਭਾਗ ਵਿਚ ਅੱਜ ਵੀ ਕੁਝ ਅਜਿਹੇ ਈਮਾਨਦਾਰ ਪਟਵਾਰੀ ਕੰਮ ਕਰ ਰਹੇ ਹਨ ਜੋ 'ਈਮਾਨਦਾਰੀ' ਦਾ ਇਕ ਜ਼ਿੰਦਾ ਜਾਗਦਾ ਸਬੂਤ ਹਨ। ਵਿਭਾਗ ਦੇ ਉੱਚ-ਅਧਿਕਾਰੀ ਵੀ ਅਜਿਹੇ ਪਟਵਾਰੀਆਂ ਦੀ ਈਮਾਨਦਾਰੀ ਦੀ ਮਿਸਾਲ ਦਿੰਦੇ ਹਨ ਪਰ ਸ਼ਹਿਰੀ ਇਲਾਕੇ ਵਿਚ ਕੁਝ ਅਜਿਹੇ ਭ੍ਰਿਸ਼ਟ ਪਟਵਾਰੀ ਵੀ ਹਨ ਜੋ ਪਟਵਾਰਖਾਨੇ ਵਿਚ ਆਏ ਕਿਸੇ ਫਰਿਆਦੀ ਦੀ ਮਦਦ ਕਰਨਾ ਤਾਂ ਦੂਰ ਉਸ ਦੀ ਮਜਬੂਰੀ ਵੇਖ ਕੇ ਉਸ ਦਾ ਆਰਥਿਕ ਸ਼ੋਸ਼ਣ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ ਅਤੇ ਸ਼ਰੇਆਮ ਰਿਸ਼ਵਤ ਦੀ ਮੰਗ ਕਰਦੇ ਹਨ।
ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਫਰਿਆਦੀ ਜਦੋਂ ਆਪਣੀ ਰਜਿਸਟਰੀ ਜਿਸ 'ਤੇ ਇੰਤਕਾਲ ਨੰਬਰ ਵੀ ਲਿਖਿਆ ਹੋਇਆ ਹੈ ਅਤੇ ਪਟਵਾਰੀ ਦੀ ਮੋਹਰ ਅਤੇ ਸਾਈਨ ਵੀ ਕੀਤੇ ਗਏ ਹਨ। ਉਸ ਨੂੰ ਵੇਖ ਕੇ ਵੀ ਬੋਲਦਾ ਕਿ ਇਸ ਇੰਤਕਾਲ ਵਿਚ ਗੜਬੜੀ ਹੈ ਜਿਸ ਨੂੰ ਠੀਕ ਕਰਨਾ ਪਵੇਗਾ। ਇਸ ਲਈ ਜੇਕਰ ਕਾਨੂੰਨੀ ਤਰੀਕੇ ਨਾਲ ਕੰਮ ਕਰਵਾਉਣਾ ਹੈ ਤਾਂ ਤਿੰਨ ਮਹੀਨੇ ਦਾ ਸਮਾਂ ਲੱਗ ਜਾਵੇਗਾ ਅਤੇ ਜੇਕਰ ਇਕ ਦਿਨ ਵਿਚ ਕੰਮ ਕਰਵਾਉਣਾ ਹੈ ਤਾਂ ਇਸ ਲਈ 14 ਹਜ਼ਾਰ ਰੁਪਏ ਰਿਸ਼ਵਤ ਲੱਗੇਗੀ। ਇੰਨਾ ਹੀ ਨਹੀਂ ਪਟਵਾਰੀ ਸਾਹਿਬ ਦੇ ਪ੍ਰਾਈਵੇਟ ਕਰਿੰਦੇ ਨੂੰ ਵੱਖ ਤੋਂ ਇਕ ਹਜ਼ਾਰ ਰੁਪਿਆ ਬਖਸ਼ੀਸ਼ ਦੇਣੀ ਹੋਵੇਗੀ। ਜਦੋਂ ਫਰਿਆਦੀ ਨੇ ਕਿਹਾ ਕਿ ਉਸ ਦੇ ਦਸਤਾਵੇਜ਼ ਤਾਂ ਬਿਲਕੁੱਲ ਠੀਕ ਹਨ ਅਤੇ ਗਲਤੀ ਤੁਹਾਡੇ ਪਟਵਾਰੀ ਵੱਲੋਂ ਹੋਈ ਹੈ ਤਾਂ ਪਟਵਾਰੀ ਸਾਹਿਬ ਨੇ ਜਵਾਬ ਦਿੱਤਾ ਕਿ ਇਹ ਪਿਛਲੇ ਪਟਵਾਰੀ ਨੇ ਗਲਤੀ ਕੀਤੀ ਹੈ। ਫਿਲਹਾਲ ਇਸ ਮਾਮਲੇ ਵਿਚ ਫਰਿਆਦੀ ਇਸ ਲਈ ਬੁਰੀ ਤਰ੍ਹਾਂ ਨਾਲ ਫਸੇ ਹੋਏ ਹਨ ਕਿਉਂਕਿ ਉਨ੍ਹਾਂ ਦਾ ਬੈਂਕ ਕੇਸ ਹੈ ਅਤੇ ਬੈਂਕ ਦੇ ਤੈਅ ਸਮੇਂ ਅਨੁਸਾਰ ਹੀ ਰਜਿਸਟਰੀ ਕੀਤੀ ਜਾਣੀ ਹੁੰਦੀ ਹੈ। ਆਮ ਤੌਰ 'ਤੇ ਬੈਂਕ ਕੇਸਾਂ ਦੇ ਮਾਮਲੇ ਵਿਚ ਇਹ ਵੇਖਿਆ ਗਿਆ ਹੈ ਕਿ ਜਦੋਂ ਕੋਈ ਵਿਅਕਤੀ ਪਟਵਾਰੀ ਦੇ ਕੋਲ ਆਪਣੇ ਜ਼ਮੀਨੀ ਰਿਕਾਰਡ ਦੀ ਪਿਛਲੇ ਪੰਦਰਾ ਸਾਲ ਦੀ ਫਰਦ ਲੈਣ ਜਾਂਦਾ ਹੈ ਤਾਂ ਉਸ ਦਾ ਕੁਝ ਪਟਵਾਰੀਆਂ ਵੱਲੋਂ ਜੰਮ ਕੇ ਸ਼ੋਸ਼ਣ ਕੀਤਾ ਜਾਂਦਾ ਹੈ। ਕੁਝ ਪਟਵਾਰੀ ਤਾਂ ਚੰਗੇ ਭਲੇ ਕਾਨੂੰਨੀ ਦਸਤਾਵੇਜ਼ਾਂ ਨੂੰ ਵੀ ਗਲਤ ਬਣਾ ਦਿੰਦੇ ਹਨ ਅਤੇ ਉਸ ਨੂੰ ਠੀਕ ਕਰਨ ਦੇ ਇਵਜ਼ ਵਿਚ ਵੱਡੀ ਰਿਸ਼ਵਤ ਦੀ ਮੰਗ ਕਰਦੇ ਹਨ। 
ਇਸ ਸਬੰਧੀ ਵਿਜੀਲੈਂਸ ਵਿਭਾਗ ਦੇ ਉੱਚ-ਅਧਿਕਾਰੀ ਦਾ ਕਹਿਣਾ ਹੈ ਕਿ ਪਟਵਾਰੀਆਂ ਦੇ ਪ੍ਰਾਈਵੇਟ ਕਰਿੰਦੇ ਅਤੇ ਕੁਝ ਪਟਵਾਰੀਆਂ ਵੱਲੋਂ ਮਾਲ ਵਿਭਾਗ ਦੇ ਰਿਕਾਰਡ ਨੂੰ ਖੁਰਦ-ਬੁਰਦ ਕਰਨ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਹਨ ਜਿਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਂਝ ਵੀ ਵਿਜੀਲੈਂਸ ਹੈੱਡ ਕੁਆਰਟਰ ਵੱਲੋਂ ਪੰਜਾਬ ਸਰਕਾਰ ਨੂੰ ਲਿਖਤੀ ਰੂਪ 'ਚ ਭੇਜਿਆ ਜਾ ਚੁੱਕਿਆ ਹੈ ਕਿ ਕੁਝ ਜ਼ਿਲਿਆਂ ਵਿਚ ਪਟਵਾਰੀਆਂ ਨੇ ਪ੍ਰਾਈਵੇਟ ਕਰਿੰਦੇ ਪਾਲ ਰੱਖੇ ਹਨ ਜੋ ਜ਼ਮੀਨੀ ਰਿਕਾਰਡ ਦੇ ਨਾਲ ਸ਼ਰੇਆਮ ਛੇੜਛਾੜ ਕਰਦੇ ਹਨ ਅਤੇ ਪਟਵਾਰਖਾਨੇ ਵਿਚ ਆਉਣ ਵਾਲੇ ਲੋਕਾਂ ਤੋਂ ਰਿਸ਼ਵਤ ਦੀ ਮੰਗ ਕਰਦੇ ਹਨ। 
ਦੂਜੇ ਪਾਸੇ ਪੀੜਤ ਫਰਿਆਦੀ ਨੇ ਕਿਹਾ ਕਿ ਉਹ ਬੈਂਕ ਕੇਸ ਦੇ ਕਾਰਨ ਮਜਬੂਰ ਹਨ ਪਰ ਡੀ. ਸੀ. ਅੰਮ੍ਰਿਤਸਰ ਦੇ ਸਾਹਮਣੇ ਪੇਸ਼ ਹੋ ਕੇ ਸਬੰਧਤ ਪਟਵਾਰੀ ਦੀ ਪੋਲ ਜ਼ਰੂਰ ਖੋਲ੍ਹਣਗੇ ਅਤੇ ਮੁੱਖ ਮੰਤਰੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਜਾਵੇਗੀ ਕਿ ਜਨਤਾ ਦਾ ਸ਼ੋਸ਼ਣ ਕਰਨ ਵਾਲੇ ਅਜਿਹੇ ਪਟਵਾਰੀ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਅਤੇ ਉਸ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਪਰਚਾ ਵੀ ਦਰਜ ਕੀਤਾ ਜਾਵੇ। ਇਸ ਦੇ ਇਲਾਵਾ ਜਿਸ ਵਿਧਾਇਕ ਦੀ ਸਿਫਾਰਿਸ਼ 'ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਪਟਵਾਰੀ ਦੀ ਸ਼ਹਿਰੀ ਸਰਕਲ ਵਿਚ ਨਿਯੁਕਤੀ ਕੀਤੀ ਹੈ ਉਸ ਦਾ ਨਾਂ ਵੀ ਸਰਬਜਨਕ ਕੀਤਾ ਜਾਵੇ ਤਾਂ ਕਿ ਸਬੰਧਤ ਵਿਧਾਇਕ ਤੋਂ ਪੁੱਛਿਆ ਜਾ ਸਕੇ ਕਿ ਕੀ ਪਟਵਾਰੀ ਨੂੰ ਖੁੱਲ੍ਹੇਆਮ ਰਿਸ਼ਵਤ ਮੰਗਣ ਦੀ ਖੁੱਲ੍ਹ ਦੇ ਰੱਖੀ ਹੈ।


Related News