ਨਸ਼ਾ ਛੁਡਾਊ ਦਵਾਈ ਨਾ ਮਿਲਣ ’ਤੇ ਮਰੀਜ਼ਾਂ ਵੱਲੋਂ ਸਿਵਲ ਹਸਪਤਾਲ ’ਚ ਹੰਗਾਮਾ, ਟੈਂਕੀ ’ਤੇ ਚੜ੍ਹ ਕੀਤੀ ਨਾਅਰੇਬਾਜ਼ੀ
Friday, Nov 12, 2021 - 06:56 PM (IST)

ਖੰਨਾ (ਭਾਰਦਵਾਜ)-ਖੰਨਾ ਸਿਵਲ ਹਸਪਤਾਲ ’ਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਨਸ਼ਾ ਛੱਡਣ ਵਾਲੇ ਵਿਅਕਤੀਆਂ ਨੂੰ ਸਟਾਫ਼ ਦੀ ਹੜਤਾਲ ਕਾਰਨ ਨਸ਼ਾ ਛੱਡਣ ਵਾਲੀ ਦਵਾਈ ਨਹੀਂ ਮਿਲੀ, ਜਿਸ ਤੋਂ ਨਾਰਾਜ਼ ਹੋ ਕੁਝ ਵਿਅਕਤੀ ਹਸਪਤਾਲ ਅੰਦਰ ਪਾਣੀ ਵਾਲੀ ਟੈਂਕੀ ’ਤੇ ਜਾ ਚੜ੍ਹੇ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਵੀ ਕੀਤੀ।
ਨਸ਼ਾ ਛੁਡਾਊ ਦਵਾਈ ਲੈਣ ਆਏ ਵਿਅਕਤੀਆਂ ਦਾ ਕਹਿਣਾ ਸੀ ਕਿ ਹੜਤਾਲ ਕਾਰਨ ਸਾਨੂ ਦਵਾਈ ਨਹੀਂ ਮਿਲ ਰਹੀ। ਅਸੀਂ ਇਸੇ ਵਜ੍ਹਾ ਤੋਂ ਆਪਣੇ ਕੰਮ ’ਤੇ ਨਹੀਂ ਜਾ ਸਕਦੇ, ਦਵਾਈ ਨਹੀਂ ਮਿਲਦੀ ਤਾ ਅਸੀਂ ਕੰਮ ਵੀ ਨਹੀਂ ਕਰ ਸਕਦੇ।
ਉਨ੍ਹਾਂ ਕਿਹਾ ਕਿ ਜੇਕਰ ਨਿੱਜੀ ਹਸਪਤਾਲਾਂ ਤੋਂ ਦਵਾਈ ਲੈਂਦੇ ਹਾਂ ਤਾਂ ਉਹ ਮਹਿੰਗੀ ਮਿਲਦੀ ਹੈ। ਦੂਜੇ ਪਾਸੇ ਹਸਪਤਾਲ ’ਚ ਨਸ਼ਾ ਛੱਡਣ ਦੀ ਦਵਾਈ ਦੇਣ ਵਾਲੇ ਸਟਾਫ਼ ਨੇ ਉਨ੍ਹਾਂ ਨੂੰ ਪੱਕਾ ਨਾ ਕੀਤੇ ਜਾਣ ਕਾਰਨ ਪੰਜਾਬ ਸਰਕਾਰ ਨੂੰ ਜਗਾਉਣ ਲਈ ਹੜਤਾਲ ਕਰਨਾ ਆਪਣੀ ਮਜਬੂਰੀ ਦੱਸੀ।