ਪੰਜਾਬ ''ਚ ਕੈਮੀਕਲ ਨਾਲ ਪੱਕੀਆਂ ਸਬਜ਼ੀਆਂ ਤੇ ਫਲਾਂ ਨੇ ਪੰਜਾਬੀਆਂ ਨੂੰ ਕੀਤਾ ਰੋਗੀ

Wednesday, Aug 09, 2017 - 01:37 AM (IST)

ਪੰਜਾਬ ''ਚ ਕੈਮੀਕਲ ਨਾਲ ਪੱਕੀਆਂ ਸਬਜ਼ੀਆਂ ਤੇ ਫਲਾਂ ਨੇ ਪੰਜਾਬੀਆਂ ਨੂੰ ਕੀਤਾ ਰੋਗੀ

ਬਹਿਰਾਮ, (ਆਰ. ਡੀ. ਰਾਮਾ)- ਇਸ ਸਮੇਂ ਪੰਜਾਬ ਜਿਥੇ ਮਹਿੰਗਾਈ, ਭ੍ਰਿਸ਼ਟਾਚਾਰ, ਅਗਿਆਨਤਾ, ਬੇਰੁਜ਼ਗਾਰੀ ਤੇ ਲੱਚਰਤਾ ਤੋਂ ਪ੍ਰਭਾਵਿਤ ਹੋ ਰਿਹਾ ਹੈ, ਉਥੇ ਖਾਣ ਵਾਲੇ ਪਦਾਰਥਾਂ 'ਚ ਮਿਲਾਵਟ, ਕੈਮੀਕਲਜ਼ ਤੇ ਹੋਰ ਰਸਾਇਣਾਂ ਨੇ ਪੰਜਾਬੀਆਂ ਨੂੰ ਨਾ-ਮੁਰਾਦ ਰੋਗਾਂ ਦਾ ਸ਼ਿਕਾਰ ਬਣਾ ਦਿੱਤਾ ਹੇ। ਸੂਬੇ 'ਚ 95 ਫੀਸਦੀ ਸਬਜ਼ੀਆਂ ਤੇ ਫਲ ਰਸਾਇਣਾਂ ਤੋਂ ਪ੍ਰਭਾਵਿਤ ਹਨ ਤੇ ਇਨ੍ਹਾਂ ਦੀ ਖੇਤੀ ਪਕਾਉਣ ਦੀ ਪ੍ਰਕਿਰਿਆ ਜਿਨ੍ਹਾਂ ਰਸਾਇਣਾਂ ਨਾਲ ਕੀਤੀ ਜਾ ਰਹੀ ਹੈ, ਉਹ ਸਿੱਧੇ ਰੂਪ 'ਚ ਕੈਂਸਰ ਨੂੰ ਜਨਮ ਦੇ ਰਹੀ ਹੈ। 
ਫਲ ਸਬਜ਼ੀਆਂ ਦਾ ਕੰਮ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਇਸ ਸਮੇਂ ਸੇਬ, ਕੇਲਾ, ਟਮਾਟਰ, ਬਲੈਕ ਬੇਰੀ, ਨਿੰਬੂ ਤੇ ਹੋਰ ਫਲ ਕੁਦਰਤੀ ਰੂਪ 'ਚ ਨਹੀਂ ਸਗੋਂ ਈਥੋਕੋਲ ਨਾਲ ਪਕਾਏ ਜਾ ਰਹੇ ਹਨ। 
ਕੁਝ ਵਿਕ੍ਰੇਤਾਵਾਂ ਨੇ ਦੱਸਿਆ ਕਿ ਕੈਲਸ਼ੀਅਮ, ਕਾਰਬਾਈਡ ਜੋ ਦੁਕਾਨਾਂ ਤੋਂ 50 ਰੁਪਏ ਕਿਲੋ ਮਿਲ ਜਾਂਦਾ ਹੈ, ਆਮ ਤੌਰ 'ਤੇ ਸਬਜ਼ੀਆਂ ਤੇ ਫਲ ਇਨ੍ਹਾਂ ਰਸਾਇਣਾਂ ਨਾਲ ਹੀ ਪਕਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ 200 ਗ੍ਰਾਮ ਕੈਲਸ਼ੀਅਮ ਨਾਲ 30 ਕਿਲੋ ਅੰਬ ਪੱਕ ਜਾਂਦੇ ਹਨ ਤੇ ਫਲ ਵੀ ਬਹੁਤ ਘੱਟ ਰੇਟ 'ਤੇ ਪਕਾ ਲਏ ਜਾਂਦੇ ਹਨ। 
ਕੀ ਕਹਿੰਦੇ ਨੇ ਡਾਕਟਰ :  ਡਾ. ਐੱਸ. ਰਾਜਨ ਅੱਖਾਂ ਦੀਆਂ ਬੀਮਾਰੀਆਂ ਦੇ ਮਾਹਿਰ ਨੇ ਦੱਸਿਆ ਕਿ ਇਨ੍ਹਾਂ ਖਤਰਨਾਕ ਰਸਾਇਣਾਂ ਨਾਲ ਅੱਖਾਂ, ਚਮੜੀ, ਜਿਗਰ, ਪੇਟ ਆਦਿ ਦੇ ਰੋਗ ਤਾਂ ਪੈਦਾ ਹੁੰਦੇ ਹੀ ਹਨ, ਇਸ ਨਾਲ ਗਰਭ 'ਚ ਪਲ ਰਹੇ ਬੱਚੇ ਦਾ ਵਿਕਾਸ ਵੀ ਰੁਕ ਜਾਂਦਾ ਹੈ। ਬਹੁਤੇ ਦੇਸ਼ਾਂ ਨੇ ਕੈਲਸ਼ੀਅਮ ਕਾਰਬਾਈਡ ਆਦਿ 'ਤੇ ਪਾਬੰਦੀ ਲਾ ਦਿੱਤੀ ਹੈ। ਪੰਜਾਬ 'ਚ ਇਨ੍ਹਾਂ ਦੀ ਵਰਤੋਂ ਖੁੱਲ੍ਹ ਕੇ ਕੀਤੀ ਜਾ ਰਹੀ ਹੈ, ਜੋ ਕਿ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੋ ਰਹੀ ਹੈ।


Related News