ਕਿਰਾਏਦਾਰਾਂ, ਨੌਕਰਾਂ ਅਤੇ ਪੇਇੰਗ ਗੈਸਟ ਦਾ ਵੇਰਵਾ ਥਾਣਿਆਂ 'ਚ ਦਰਜ ਕਰਵਾਉਣ ਦੇ ਹੁਕਮ
Friday, Dec 20, 2019 - 10:34 AM (IST)

ਪਟਿਆਲਾ (ਜੋਸਨ): ਪਟਿਆਲਾ ਦੇ ਜ਼ਿਲਾ ਮੈਜਿਸਟਰੇਟ ਕੁਮਾਰ ਅਮਿਤ ਨੇ ਜ਼ਿਲੇ ਦੀ ਹੱਦ ਅੰਦਰ ਮਿਊਂਸੀਪਲ ਕਮੇਟੀਆਂ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਅਧਿਕਾਰ ਖੇਤਰ ਵਿਚ ਰਹਿਣ ਵਾਲਾ ਜਦੋਂ ਵੀ ਕੋਈ ਵਿਅਕਤੀ ਆਪਣੇ ਘਰ ਵਿਚ ਕਿਰਾਏਦਾਰ, ਨੌਕਰ ਜਾਂ ਪੇਇੰਗ ਗੈਸਟ ਰੱਖੇਗਾ ਤਾਂ ਉਹ ਉਸ ਦਾ ਪੂਰਾ ਵੇਰਵਾ ਨੇੜੇ ਦੇ ਪੁਲਸ ਥਾਣੇ ਜਾਂ ਚੌਕੀ ਵਿਚ ਦਰਜ ਕਰਾਉਣਾ ਯਕੀਨੀ ਬਣਾਏਗਾ।
ਮਨਾਹੀ ਦੇ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜ਼ਿਲਾ ਪਟਿਆਲਾ ਚੰਡੀਗੜ੍ਹ ਅਤੇ ਹਰਿਆਣਾ ਦੇ ਨਜ਼ਦੀਕ ਹੋਣ ਕਾਰਨ ਅਤੇ ਇੱਥੇ ਇੰਡਸਟਰੀ ਹੋਣ ਕਰ ਕੇ ਦੂਜੇ ਰਾਜਾਂ ਤੋਂ ਬਹੁਤ ਸਾਰੇ ਲੋਕ ਕੰਮ-ਕਾਰ ਲਈ ਆਉਂਦੇ ਹਨ। ਇਸ ਤੋਂ ਇਲਾਵਾ ਹੋਰ ਵਿੱਦਿਅਕ ਅਦਾਰਿਆਂ ਅਤੇ ਸੰਸਥਾਵਾਂ ਵਿਚ ਪੜ੍ਹਾਈ ਲਈ ਦੂਜੇ ਰਾਜਾਂ ਤੋਂ ਵਿਦਿਆਰਥੀ ਵੀ ਕਿਰਾਏ 'ਤੇ ਰਹਿ ਰਹੇ ਹਨ। ਕਈ ਵਿਅਕਤੀ ਵਾਰਦਾਤਾਂ ਕਰਨ ਤੋਂ ਬਾਅਦ ਵਾਪਸ ਚਲੇ ਜਾਂਦੇ ਹਨ। ਉਨ੍ਹਾਂ ਨੂੰ ਲੱਭਣਾ ਮੁਸ਼ਕਲ ਹੋ ਜਾਂਦਾ ਹੈ। ਮਕਾਨ ਮਾਲਕਾਂ ਵੱਲੋਂ ਇਨ੍ਹਾਂ ਕਿਰਾਏਦਾਰਾਂ ਦੀ ਸੂਚਨਾ ਪੁਲਸ ਕੋਲ ਦਰਜ ਨਹੀਂ ਕਰਵਾਈ ਜਾਂਦੀ। ਇਸ ਕਰ ਕੇ ਅਮਨ-ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਹ ਹੁਕਮ 15 ਫਰਵਰੀ 2020 ਤੱਕ ਲਾਗੂ ਰਹਿਣਗੇ।