ਬੇਅਦਬੀ ਮਾਮਲਿਆਂ ਨੂੰ ਦੇਖਦਿਆਂ ਪੁਲਸ ਨੇ ਲਿਆ ਅਹਿਮ ਫ਼ੈਸਲਾ

Thursday, Oct 15, 2020 - 10:01 AM (IST)

ਬੇਅਦਬੀ ਮਾਮਲਿਆਂ ਨੂੰ ਦੇਖਦਿਆਂ ਪੁਲਸ ਨੇ ਲਿਆ ਅਹਿਮ ਫ਼ੈਸਲਾ

ਪਟਿਆਲਾ (ਬਲਜਿੰਦਰ) : ਫਤਿਹਗਡ਼੍ਹ ਸਾਹਿਬ ਵਿਖੇ 2 ਥਾਵਾਂ ’ਤੇ ਬੇਅਦਬੀ ਮਾਮਲਿਆਂ ਤੋਂ ਬਾਅਦ ਪਟਿਆਲਾ ਪੁਲਸ ਨੇ ਧਾਰਮਿਕ ਸਥਾਨਾਂ ਦੀ ਚੌਕਸੀ ਵਧਾ ਦਿੱਤੀ ਹੈ। ਪਿੰਡ ਦੇ ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ ਨਾਲ ਪੁਲਸ ਨੇ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਹਨ ਤਾਂ ਕਿ ਧਾਰਮਿਕ ਸਥਾਨ ਦੀ ਚੌਕਸੀ ਵਧਾਈ ਜਾ ਸਕੇ। ਇਸ ਮਾਮਲੇ ’ਚ ਪਹਿਲ ਕਰਦਿਆਂ ਥਾਣਾ ਸਦਰ ਦੀ ਪੁਲਸ ਨੇ ਐੱਸ. ਐੱਚ. ਓ. ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਮੀਟਿੰਗ ਕੀਤੀ ਗਈ।

ਇਸ ’ਚ ਵਿਸ਼ੇਸ਼ ਤੌਰ ’ਤੇ ਡੀ. ਐੱਸ. ਪੀ. ਪਟਿਆਲਾ ਦਿਹਾਤੀ ਅਜੇਪਾਲ ਸਿੰਘ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀ. ਐੱਸ. ਪੀ. ਅਜੇਪਾਲ ਸਿੰਘ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਕਈ ਵਾਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਨਾਲ ਮਾਹੌਲ ਖਰਾਬ ਹੋ ਸਕਦਾ ਹੈ। ਇਸ ਲਈ ਪਿੰਡ ਪੱਧਰ ’ਤੇ ਧਾਰਮਿਕ ਸਥਾਨਾਂ ਦੀ ਚੌਕਸੀ ਵਧਾ ਦਿੱਤੀ ਜਾਵੇ ਅਤੇ ਸਾਰੀਆਂ ਥਾਵਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣ ਤਾਂ ਕਿ 24 ਘੰਟੇ ਨਿਗਰਾਨੀ ਰੱਖੀ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਤਾਂ ਚੌਕਸੀ ਵਧਾ ਦਿੱਤੀ ਗਈ ਪਰ ਪਿੰਡਾਂ ਦੇ ਮੋਹਤਬਰ ਵਿਅਕਤੀ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਅਤੇ ਸ਼ਰਾਰਤੀ ਅਨਸਰਾਂ ’ਤੇ ਨਿਗਰਾਨੀ ਰੱਖਣ।

ਐੱਸ. ਐੱਚ. ਓ. ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਪੁਲਸ ਵੱਲੋਂ ਵੀ ਰਾਤ ਦੀ ਗਸ਼ਤ ਵਧਾ ਦਿੱਤੀ ਗਈ ਹੈ। ਇਸ ਮੌਕੇ ਪਿੰਡ ਨੈਣਾ ਖੁਰਦ ਦੇ ਸਰਪੰਚ ਅਮਨ ਨੈਣਾ, ਪਿੰਡ ਨੈਣਾ ਖੁਰਦ ਦੇ ਸਰਪੰਚ ਬੂਟਾ ਸਿੰਘ, ਜਲਾਲਪੁਰ ਦੀ ਸਰਪੰਚ ਭੁਪਿੰਦਰ ਕੌਰ, ਰਣਜੀਤ ਕੋਰ ਸਰਪੰਚ ਸੇਖਪੁਰਾ, ਮਦਨ ਲਾਲ ਸਰਪੰਚ ਅਸਮਾਨਪੁਰ, ਗੁਰਦੀਪ ਸਿੰਘ ਸਰਪੰਚ ਕੁਲੇਮਾਜਰਾ, ਮਨਜੀਤ ਕੌਰ ਸਰਪੰਚ ਸੁਨਿਆਰਹੇੜੀ, ਕੁਲਵਿੰਦਰ ਕੌਰ ਸਰਪੰਚ ਭਟੇੜੀ ਖੁਰਦ, ਗੁਰਪ੍ਰੀਤ ਸਿੰਘ ਸਰਪੰਚ ਨੈਣ ਕਲਾਂ ਅਤੇ ਸਰਪੰਚ ਉਧਮ ਸਿੰਘ ਪਿੰਡ ਘਲੌਡ਼ੀ ਵਿਸ਼ੇਸ਼ ਤੌਰ ਮੀਟਿੰਗ ’ਚ ਸ਼ਾਮਲ ਹੋਏ।
 


author

Babita

Content Editor

Related News