ਪਟਿਆਲਵੀਆਂ ਲਈ ਰਾਹਤ, 2 ਹੋਰ ਕੋਰੋਨਾ ਪੀੜਤ ਹੋਏ ਤੰਦਰੁਸਤ

Monday, May 04, 2020 - 12:02 PM (IST)

ਪਟਿਆਲਵੀਆਂ ਲਈ ਰਾਹਤ, 2 ਹੋਰ ਕੋਰੋਨਾ ਪੀੜਤ ਹੋਏ ਤੰਦਰੁਸਤ

ਪਟਿਆਲਾ (ਪਰਮੀਤ): ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਰਾਜਪੁਰਾ ਦੇ 'ਕੋਰੋਨਾ ਪਾਜ਼ੀਟਿਵ' ਆਏ 28 ਸਾਲਾ ਵਿਅਕਤੀ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾ ਦਿੱਤਾ ਗਿਆ ਹੈ ਅਤੇ ਰਾਜਪੁਰਾ ਤੋਂ ਉਨ੍ਹਾਂ ਦੇ ਸੰਪਰਕ ਵਿਚ ਆਏ ਦੋ ਹੋਰ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਕੁੱਲ 45 ਸੈਂਪਲ ਜ਼ਿਲੇ ਦੀਆਂ ਵੱਖ-ਵੱਖ ਥਾਂਵਾਂ ਤੋਂ 'ਕੋਰੋਨਾ' ਜਾਂਚ ਸਬੰਧੀ ਲਏ ਗਏ ਹਨ, ਜਿਨ੍ਹਾਂ ਦੀਆਂ ਰਿਪੋਰਟਾਂ ਭਲਕੇ ਆਉਣਗੀਆਂ। ਉਨ੍ਹਾਂ ਦੱਸਿਆ ਕਿ ਕੱਲ ਲਏ ਸਾਰੇ ਸੈਂਪਲਾਂ ਦੀਆਂ ਰਿਪੋਰਟਾਂ ਵੀ ਦੇਰ ਰਾਤ ਆਉਣ ਦੀ ਸੰਭਾਵਨਾ ਹੈ।ਜ਼ਿਲੇ 'ਚ 'ਕੋਰੋਨਾ' ਕੇਸਾਂ ਬਾਰੇ ਉਨ੍ਹਾਂ ਕਿਹਾ ਕਿ ਹੁਣ ਤਕ 1073 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 86 ਪਾਜ਼ੀਟਿਵ, ਜੋ ਕਿ ਜ਼ਿਲਾ ਪਟਿਆਲਾ ਨਾਲ ਸਬੰਧਤ ਹਨ, 896 ਨੈਗੇਟਿਵ ਅਤੇ 91 ਦੀ ਰਿਪੋਰਟ ਆਉਣੀ ਬਾਕੀ ਹੈ। ਪਾਜ਼ੀਟਿਵ ਕੇਸਾਂ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ ਅਤੇ 5 ਕੇਸ ਠੀਕ ਹੋ ਚੁੱਕੇ ਹਨ, ਜਿਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਦੇ ਕੇ ਘਰ ਭੇਜਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ: 193 ਪਾਕਿਸਤਾਨੀ ਸ਼ਹਿਰੀਆਂ ਦੀ 5 ਮਈ ਨੂੰ ਹੋਵੇਗੀ ਵਤਨ ਵਾਪਸੀ

ਡਾ. ਮਲਹੋਤਰਾ ਨੇ ਦੱਸਿਆ ਕਿ ਗੁਰਮੁੱਖ ਕਲੋਨੀ ਸਮਾਣਾ ਦਾ ਰਹਿਣ ਵਾਲਾ 35 ਸਾਲਾ ਨੌਜਵਾਨ, ਜੋ ਕਿ ਗੰਭੀਰ ਹਾਲਤ ਵਿਚ ਸ਼ੁੱਕਰਵਾਰ ਨੂੰ ਰਾਜਿੰਦਰਾ ਹਸਪਤਾਲ ਵਿਚ ਸਮਾਣਾ ਤੋਂ ਰੈਫਰ ਹੋ ਕੇ ਦਾਖਲ ਹੋਇਆ ਸੀ ਅਤੇ ਸ਼ੁੱਕਰਵਾਰ ਰਾਤ ਨੂੰ ਹੀ ਉਸ ਦੀ ਰਾਜਿੰਦਰਾ ਹਸਪਤਾਲ ਵਿਚ ਮੌਤ ਹੋ ਗਈ ਸੀ, ਦੀ 'ਕੋਰੋਨਾ' ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ 'ਕੋਰੋਨਾ' ਨੂੰ ਮਾਤ ਦੇਣ ਵਾਲੇ ਦੋ ਹੋਰ ਵਿਅਕਤੀ, ਜਿਨ੍ਹਾਂ 'ਚੋਂ ਇਕ ਸਫਾਬਾਦੀ ਗੇਟ ਅਤੇ ਇਕ ਬੁੱਕ ਮਾਰਕੀਟ ਵਿਚ ਰਹਿਣ ਵਾਲਾ ਹੈ, ਦੇ ਵੀ 'ਕੋਰੋਨਾ' ਸਬੰਧੀ ਦੋਵੇਂ ਟੈਸਟ ਨੈਗੇਟਿਵ ਆਉਣ 'ਤੇ ਉਨ੍ਹਾਂ ਨੂੰ ਬੀਤੀ ਰਾਤ ਰਾਜਿੰਦਰਾ ਹਸਪਤਾਲ ਵਿਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਸੀ। ਹੁਣ ਜ਼ਿਲੇ ਵਿਚ 'ਕੋਰੋਨਾ' ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਪੰਜ ਹੋ ਗਈ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਖੜ੍ਹਾ ਹੋ ਸਕਦੈ ਮਜ਼ਦੂਰਾਂ ਦਾ ਸੰਕਟ

ਉਨ੍ਹਾਂ ਕਿਹਾ ਕਿ ਹਸਪਤਾਲ ਤੋਂ ਛੁੱਟੀ ਹੋਣ ਵਾਲੇ ਸਾਰੇ ਹੀ ਵਿਅਕਤੀਆਂ ਨੂੰ ਆਈ.ਸੀ.ਐੱਮ.ਆਰ.ਦੀਆਂ ਗਾਈਡਲਾਈਨਜ਼ ਅਨੁਸਾਰ ਅਗਲੇ 14 ਦਿਨਾਂ ਲਈ ਘਰਾਂ ਵਿਚ ਹੀ 'ਏਕਾਂਤਵਾਸ' ਰਹਿਣ ਲਈ ਕਿਹਾ ਜਾ ਰਿਹਾ ਹੈ। ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ 'ਕੋਰੋਨਾ ਪਾਜ਼ੀਟਿਵ' ਵਿਅਕਤੀ ਠੀਕ ਹਨ। ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ।
ਉਨ੍ਹਾਂ ਕਿਹਾ ਕਿ ਬਾਹਰੀ ਰਾਜਾਂ ਤੋਂ ਆਉਣ ਵਾਲੇ ਵਿਅਕਤੀਆਂ/ਲੇਬਰ ਨੂੰ ਪ੍ਰਸ਼ਾਸਨ ਵੱਲੋਂ ਸਰਕਾਰੀ ਸਕੂਲਾਂ/ਕਾਲਜਾਂ ਵਿਚ ਬਣਾਏ ਕੁਆਰੰਟੀਨ ਫੈਸੀਲਿਟੀ ਵਿਚ ਰੱਖਿਆ ਜਾ ਰਿਹਾ ਹੈ, ਜਿੱਥੇ ਕਿ ਸਿਹਤ ਵਿਭਾਗ ਦੇ ਡਾਕਟਰਾਂ/ਪੈਰਾ ਮੈਡੀਕਲ ਸਟਾਫ ਵੱਲੋਂ ਸਮੇਂ-ਸਮੇਂ 'ਤੇ ਉਨ੍ਹਾਂ ਦੀ ਸਕਰੀਨਿੰਗ ਦੇ ਨਾਲ-ਨਾਲ ਕੌਂਸਲਿੰਗ ਵੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਬੀਮਾਰੀ ਤੋਂ ਬਚਾਅ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ।


author

Shyna

Content Editor

Related News