ਨਰਸਾਂ ਤੋਂ ਬਾਅਦ ਹੁਣ ਈ.ਟੀ.ਟੀ. ਅਧਿਆਪਕਾਂ ਤੇ ਕਾਰਪੋਰੇਸ਼ਨ ਕਰਮਚਾਰੀ ਚੜ੍ਹੇ ਬਿਲਡਿੰਗ 'ਤੇ
Tuesday, Mar 05, 2019 - 02:43 PM (IST)

ਪਟਿਆਲਾ (ਜੋਸਨ,ਬਖਸ਼ੀ)—ਮੁੱਖ ਮੰਤਰੀ ਪੰਜਾਬ ਦਾ ਸ਼ਹਿਰ ਅੱਜ ਵੀ ਪੂਰੀ ਤਰ੍ਹਾਂ ਗਰਮਾਇਆ ਰਿਹਾ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਜਿਥੇ ਅਧਿਆਪਕ ਲੰਘੇ ਕੱਲ ਤੋਂ ਅੱਜ ਵੀ ਪਾਣੀ ਵਾਲੀ ਟੈਂਕੀ 'ਤੇ ਡਟੇ ਹੋਏ ਹਨ, ਉਥੇ ਦੂਜੇ ਪਾਸੇ ਨਗਰ ਨਿਗਮ ਦੀ ਚੌਥੀ ਮੰਜ਼ਿਲ 'ਤੇ ਸਫਾਈ ਸੇਵਾਦਾਰਾਂ ਦੇ ਤਿੰਨ ਨੇਤਾ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਜਾ ਚੜ੍ਹੇ। ਸੀ. ਐੱਮ. ਸਿਟੀ ਪੂਰੀ ਤਰ੍ਹਾਂ ਹਾਲੋਂ-ਬੇਹਾਲ ਹੈ। ਪੰਜਾਬੀ ਯੂਨੀਵਰਸਿਟੀ ਵਿਖੇ ਮੁਲਾਜ਼ਮਾਂ ਨੇ ਵੀ. ਸੀ. ਦਫਤਰ ਘੇਰਿਆ ਹੋਇਆ ਹੈ। ਇੰਜੀਨੀਅਰ ਹੜਤਾਲ 'ਤੇ ਹਨ। ਬੱਸ ਸਟੈਂਡ ਵੱਖ-ਵੱਖ ਜਥੇਬੰਦੀਆਂ ਨੇ ਜਾਮ ਕੀਤਾ ਹੋਇਆ ਹੈ।
ਲੰਘੇ ਕੱਲ ਤੋਂ ਪਟਿਆਲਾ ਪੁਲਸ ਪ੍ਰਸ਼ਾਸਨ ਬਹਾਦਰਗੜ੍ਹ ਵਿਖੇ ਪਾਣੀ ਵਾਲੀ ਟੈਂਕੀ 'ਤੇ ਸਲਫਾਸ ਦੀਆਂ ਗੋਲੀਆਂ ਅਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹੇ ਬੇਰੋਜ਼ਗਾਰ ਅਧਿਆਪਕਾਂ ਨੂੰ ਹੇਠਾਂ ਉਤਾਰਨ ਲਈ ਜੂਝ ਰਿਹਾ ਸੀ। ਦੂਜੇ ਪਾਸੇ ਅੱਜ ਨਗਰ ਨਿਗਮ ਦੇ 240 ਦੇ ਲਗਭਗ ਆਊਟਸੋਰਸ ਸਫਾਈ ਸੇਵਾਦਾਰਾਂ ਨੇ ਨਿਗਮ ਦਫਤਰ ਮੂਹਰੇ ਧਰਨਾ ਗੱਡ ਦਿੱਤਾ। ਇਨ੍ਹਾਂ ਦੇ ਤਿੰਨ ਨੇਤਾ ਮੰਗਤ ਕਲਿਆਣ, ਮੁਕੇਸ਼ ਹੰਸ ਤੇ ਸੰਜੂ ਚੌਥੀ ਮੰਜ਼ਿਲ 'ਤੇ ਡਟੇ ਹੋਏ ਹਨ। ਦੂਜੇ ਪਾਸੇ ਮੇਅਰ ਤੇ ਕਮਿਸ਼ਨਰ ਦਫਤਰ ਸਾਹਮਣੇ ਮੁਲਾਜ਼ਮ ਨੇਤਾ ਦਰਸ਼ਨ ਸਿੰਘ ਲੁਬਾਣਾ, ਰਾਮ ਪ੍ਰਸਾਦ ਸਹੋਤਾ, ਸੁਨੀਲ ਕੁਮਾਰ ਬੁਢਲਾਣ ਅਤੇ ਹੋਰ ਨੇਤਾਵਾਂ ਦੀ ਅਗਵਾਈ 'ਚ ਸਮੁੱਚੇ ਕਰਮਚਾਰੀ ਧਰਨੇ 'ਤੇ ਬੈਠੇ ਹਨ।
ਨਿਗਮ ਅਧਿਕਾਰੀਆਂ ਦਾ ਪਿੱਟ-ਸਿਆਪਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ। ਸ਼ਾਮ ਤੱਕ ਇਨ੍ਹਾਂ ਮੁਲਾਜ਼ਮਾਂ ਦੀ ਨਗਰ ਨਿਗਮ ਦੇ ਅਧਿਕਾਰੀ ਨਾਲ ਬਹਿਸ ਚੱਲ ਰਹੀ ਸੀ। ਇਹ ਨਿਗਮ ਦੀ ਛੱਤ ਤੋਂ ਹੇਠਾਂ ਨਹੀਂ ਉੱਤਰ ਰਹੇ।
ਦੂਜੇ ਪਾਸੇ ਲੰਘੇ ਕੱਲ ਤੋਂ 5 ਅਧਿਆਪਕ ਅਜੇ ਵੀ ਪਾਣੀ ਵਾਲੀ ਟੈਂਕੀ 'ਤੇ ਡਟੇ ਹੋਏ ਹਨ। ਇਨ੍ਹਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਕੋਲ ਹਜ਼ਾਰਾਂ ਪੋਸਟਾਂ ਖਾਲੀ ਹਨ। ਉਨ੍ਹਾਂ ਨੂੰ ਨੌਕਰੀ ਦਿੱਤੀ ਜਾਵੇ। ਬੇਰੋਜ਼ਗਾਰ ਅਧਿਆਪਕ ਪੂਰੀ ਤਰ੍ਹਾਂ ਗੁੱਸੇ 'ਚ ਸੰਘਰਸ਼ ਨੂੰ ਹੋਰ ਤੇਜ਼ ਕਰ ਰਹੇ ਹਨ। ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਦੇ ਇਨ੍ਹਾਂ ਨੂੰ ਹੇਠਾਂ ਉਤਾਰਨ ਦੇ ਸਾਰੇ ਮਨਸੂਬੇ ਹੁਣ ਤੱਕ ਫੇਲ ਹਨ।