''ਪ੍ਰਨੀਤ ਕੌਰ ਅਵੇਸਲਾਪਣ ਤਿਆਗਣ, ਕਦੇ ਉਨ੍ਹਾਂ ਨੂੰ ਪਾਕਿ ਔਰਤ ਠਗਦੀ ਹੈ, ਕਦੇ ਸਾਈਬਰ ਠੱਗ''
Friday, Aug 09, 2019 - 09:37 AM (IST)
ਪਟਿਆਲਾ (ਜੋਸਨ) : ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਚਾਰ ਵਾਰ ਮੈਂਬਰ ਪਾਰਲੀਮੈਂਟ ਬਣੇ ਦੇਸ਼ ਦੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣਾ ਅਵੇਸਲਾਪਣ ਤਿਆਗ ਦੇਣ। ਉਨ੍ਹਾਂ ਦੇ ਅਵੇਸਲੇਪਣ ਕਾਰਣ ਹੀ ਉਨ੍ਹਾਂ ਨੂੰ ਕਦੇ ਪਾਕਿਸਤਾਨੀ ਔਰਤ ਠੱਗ ਲੈਂਦੀ ਹੈ ਅਤੇ ਕਦੇ ਸਾਈਬਰ ਠੱਗ।
ਬੀਰ ਦਵਿੰਦਰ ਸਿੰਘ ਨੇ ਆਖਿਆ ਕਿ ਇਕ ਸਾਈਬਰ ਠੱਗ ਨੇ ਪ੍ਰਨੀਤ ਕੌਰ ਦੇ ਬੈਂਕ ਖਾਤੇ ਵਿਚੋਂ 23 ਲੱਖ ਰੁਪਏ ਕਢਵਾ ਲਏ। ਪ੍ਰਨੀਤ ਕੌਰ ਦੇ ਇਸ ਤਰ੍ਹਾਂ ਠੱਗੇ ਜਾਣ 'ਤੇ ਮੈਂ ਹਮਦਰਦੀ ਦਾ ਇਜ਼ਹਾਰ ਕਰਦਾ ਹਾਂ। ਇਸ ਤੋਂ ਵੀ ਵੱਧ ਹਮਦਰਦੀ ਦਾ ਇਜ਼ਹਾਰ ਪਟਿਆਲਾ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਕਰਨਾ ਬਣਦਾ ਹੈ, ਜਿਨ੍ਹਾਂ ਵਿਚਾਰਿਆਂ ਨੇ ਚੌਥੀ ਵਾਰ ਅਜਿਹੀ ਔਰਤ ਨੂੰ ਆਪਣਾ ਨੁਮਾਇੰਦਾ ਚੁਣਿਆ ਹੈ, ਜੋ ਅਵੇਸਲੀ ਅਤੇ ਲਾਪ੍ਰਵਾਹ ਹੋਣ ਕਾਰਣ ਬੜੇ ਸਹਿਜ ਨਾਲ ਹੀ ਠੱਗੀ ਜਾਂਦੀ ਹੈ। ਜੇ ਕਾਨਵੈਂਟ ਸਕੂਲ ਦੀ ਪੜ੍ਹੀ, ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਚੌਥੀ ਵਾਰ ਐੱਮ. ਪੀ. ਬਣੀ ਬੀਬੀ ਪ੍ਰਨੀਤ ਕੌਰ ਵਰਗੀ ਔਰਤ ਅਜਿਹੇ ਠੱਗਾਂ ਦਾ ਸ਼ਿਕਾਰ ਹੋ ਸਕਦੀ ਤਾਂ ਆਮ ਲੋਕਾਂ ਦਾ ਕੀ ਹਾਲ ਹੈ? ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਪਟਿਆਲਾ ਪੁਲਸ ਨੇ ਬੜੀ ਮੁਸ਼ੱਕਤ ਨਾਲ ਸਾਈਬਰ ਠੱਗੀ ਦਾ ਇਹ ਵੱਡਾ ਮਾਮਲਾ ਕੁਝ ਹੀ ਘੰਟਿਆਂ ਵਿਚ ਹੱਲ ਕਰ ਲਿਆ ਹੈ। ਪ੍ਰਨੀਤ ਕੌਰ ਦੇ ਬੈਂਕ ਖਾਤੇ ਵਿਚੋਂ ਕਢਵਾਈ ਗਈ ਰਾਸ਼ੀ ਵੀ ਬਰਾਮਦ ਕਰ ਲਈ ਹੈ। ਪੁਲਸ ਨੂੰ ਅਜਿਹੀ ਫੁਰਤੀ ਪੰਜਾਬ ਦੇ ਆਮ ਲੋਕ, ਜੋ ਵੱਡੇ ਮਗਰਮੱਛਾਂ ਦੀਆਂ ਠੱਗੀਆਂ ਦਾ ਸ਼ਿਕਾਰ ਹੁੰਦੇ ਹਨ, ਦੇ ਕੇਸਾਂ ਵਿਚ ਵੀ ਦਿਖਾਉਣੀ ਚਾਹੀਦੀ ਹੈ।