ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ’ਚ 30 ਹਜ਼ਾਰ 903 ਮੀਟਰਕ ਟਨ ਹੋਈ ਝੋਨੇ ਦੀ ਆਮਦ

Wednesday, Oct 04, 2023 - 06:01 PM (IST)

ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ’ਚ 30 ਹਜ਼ਾਰ 903 ਮੀਟਰਕ ਟਨ ਹੋਈ ਝੋਨੇ ਦੀ ਆਮਦ

ਪਟਿਆਲਾ (ਜੋਸਨ) : ਜ਼ਿਲ੍ਹੇ ਵਿਚ ਝੋਨੇ ਦੀ ਖ਼ਰੀਦ ਲਈ ਬਣਾਈਆਂ ਕੁੱਲ 109 ਮੰਡੀਆਂ ਵਿਚੋਂ 41 ਮੰਡੀਆਂ ਵਿਚ ਝੋਨੇ ਦੀ ਆਮਦ ਤੇ 38 ਮੰਡੀਆਂ ਵਿਚ ਖ਼ਰੀਦ ਸ਼ੁਰੂ ਹੋ ਚੁੱਕੀ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਦਿਨ ਤੱਕ ਜ਼ਿਲ੍ਹੇ ਦੀਆਂ 41 ਮੰਡੀਆਂ ਵਿਚ ਝੋਨੇ ਦੀ 30 ਹਜ਼ਾਰ 903 ਮੀਟਰਕ ਟਨ ਆਮਦ ਹੋਈ ਹੈ, ਜਿਸ ਵਿਚੋਂ 26 ਹਜ਼ਾਰ 246 ਮੀਟਰਕ ਟਨ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਖ਼ਰੀਦੇ ਗਏ ਝੋਨੇ ਵਿਚੋਂ ਪਨਗਰੇਨ ਵੱਲੋਂ 12621 ਮੀਟਰਿਕ ਟਨ, ਮਾਰਕਫੈੱਡ ਵੱਲੋਂ 5086 ਮੀਟਰਿਕ ਟਨ, ਪਨਸਪ ਵੱਲੋਂ 5230 ਮੀਟਰਿਕ ਟਨ ਅਤੇ ਪੰਜਾਬ ਰਾਜ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 3309 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ।

ਉਨ੍ਹਾਂ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਾਤ ਸਮੇਂ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਨਾ ਕਰਵਾਉਣ ਕਿਉਂਕਿ ਰਾਤ ਸਮੇਂ ਫ਼ਸਲ ਦੀ ਕਟਾਈ ਕਰਵਾਉਣ ਕਾਰਨ ਫ਼ਸਲ ਵਿਚ ਨਮੀਂ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਕਾਰਨ ਖਰੀਦ ਏਜੰਸੀਆਂ ਵੱਧ ਨਮੀ ਵਾਲੀ ਫ਼ਸਲ ਖਰੀਦਣ ਤੋਂ ਅਸਮਰੱਥ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਮੰਡੀਆਂ ਵਿਚ ਆਪਣੀ ਫ਼ਸਲ ਪੂਰੀ ਤਰ੍ਹਾਂ ਸੁਕਾ ਕੇ ਹੀ ਲੈ ਕੇ ਆਉਣ।

ਉਨ੍ਹਾਂ ਇਹ ਅਪੀਲ ਵੀ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਕਿਉਂਕਿ ਅਜਿਹਾ ਕਰਨਾ ਜਿਥੇ ਗੈਰ ਕਾਨੂੰਨੀ ਹੈ ਉਥੇ ਹੀ ਇਸ ਦਾ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੀ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਤੇ ਧਰਤੀ ਵਿਚਲੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਆਧੁਨਿਕ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਪਰਾਲੀ ਨੂੰ ਖੇਤ ਵਿਚ ਹੀ ਵਾਹੁਣ ਨੂੰ ਤਰਜੀਹ ਦਿੱਤੀ ਜਾਵੇ।


author

Gurminder Singh

Content Editor

Related News