ਦੇਵਦਰਸ਼ਦੀਪ ਸਿੰਘ ਪੀ.ਸੀ.ਐੱਸ. (ਐਗਜ਼ਕਿਊਟਿਵ) ਦੀ ਪ੍ਰੀਖਿਆ ''ਚੋਂ ਪੰਜਾਬ ਭਰ ''ਚੋਂ ਅਵੱਲ

06/16/2019 1:04:39 PM

ਪਟਿਆਲਾ (ਜੋਸਨ)—ਪਟਿਆਲਾ ਦਾ ਹੋਣਹਾਰ ਵਿਦਿਆਰਥੀ ਦੇਵਦਰਸ਼ਦੀਪ ਸਿੰਘ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਲਈ ਗਈ ਪੀ.ਸੀ.ਐੱਸ. (ਐਗਜ਼ਕਿਊਟਿਵ) ਦੀ ਪ੍ਰੀਖਿਆ 'ਚੋਂ ਪੰਜਾਬ ਭਰ 'ਚੋਂ ਪਹਿਲੇ ਸਥਾਨ 'ਤੇ ਰਿਹਾ ਹੈ। ਉਸ ਨੇ ਬਿਨਾਂ ਕਿਸੇ ਕੋਚਿੰਗ ਦੇ ਫਸਟ ਅਟੈਂਪਟ 'ਚ ਹੀ ਇਹ ਕਾਮਯਾਬੀ ਹਾਸਲ ਕੀਤੀ ਹੈ। ਦੇਵਦਰਸ਼ਦੀਪ ਸਿੰਘ ਦੀ ਇਸ ਵਡਮੁੱਲੀ ਪ੍ਰਾਪਤੀ ਲਈ ਪੰਜਾਬ ਦੇ ਮੁੱਖ ਮਤੰਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਉਚੇਚੀ ਵਧਾਈ ਦਿੰਦਿਆਂ ਸ਼ੁੱਭ ਕਾਮਨਾਵਾਂ ਪ੍ਰਗਟ ਕੀਤੀਆਂ ਹਨ। ਦੇਵਦਰਸ਼ਦੀਪ ਸਿੰਘ ਪੰਜਾਬ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸ਼੍ਰੋਮਣੀ ਪੰਜਾਬੀ ਵਿਭਾਗ 'ਚ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵੰਤ ਕੌਰ ਪੰਜਾਬੀ ਦਾ ਸਪੁੱਤਰ ਹੈ।
ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਰਹਿ ਰਹੇ ਦੇਵਦਰਸ਼ਦੀਪ ਸਿੰਘ ਦਾ ਵਿੱਦਿਅਕ ਸਫਰ ਬਿਹਤਰੀਨ ਕਿਸਮ ਦਾ ਰਿਹਾ ਹੈ।

ਪੰਜਾਬੀ ਯੂਨੀਵਰਸਿਟੀ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਚੋਂ ਅੱਠਵੀਂ ਅਤੇ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ 'ਚੋਂ 12ਵੀਂ ਸ਼੍ਰੈਣੀਆਂ ਦੀਆਂ ਪ੍ਰੀਖਿਆਵਾਂ ਮੈਰਿਟ 'ਚ ਰਹਿ ਕੇ ਪਾਸ ਕੀਤੀ। ਉਪਰੰਤ ਉਸ ਨੇ ਆਈ.ਟੀ.ਆਈ. ਦਿੱਲੀ ਵਿਖੇ ਸਿਵਲ ਇੰਜੀਨੀਅਰ ਦੇ ਚਾਰ ਸਾਲਾ ਕੋਰਸ 'ਚ ਤੀਜਾ ਸਥਾਨ ਪ੍ਰਾਪਤ ਕੀਤਾ। ਉਸ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵਲੋਂ ਸਾਲ 2018-19 ਦੌਰਾਨ ਲਈ ਗਈ ਇੰਡੀਅਨ ਫਾਰੈਸਟ ਸਰਵਿਸਿਜ਼ 'ਚੋਂ ਭਾਰਤ ਭਰ 'ਚੋਂ 12ਵਾਂ ਸਥਾਨ ਅਤੇ ਪੰਜਾਬ ਭਰ 'ਚੋਂ ਪਹਿਲਾ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਦੇਵਦਰਸ਼ਦੀਪ ਰੋਜ਼ਾਨਾ 10 ਘੰਟੇ ਪੜ੍ਹਾਈ ਕਰਦਾ ਰਿਹਾ ਹੈ। ਉਹ ਆਪਣੀ ਮਿਹਨਤ ਦਾ ਸਿਹਰਾ ਆਪਣੇ ਪਰਿਵਾਰਕ ਮੈਂਬਰਾਂ ਅਤੇ ਅਧਿਆਪਕਾਂ ਨੂੰ ਦਿੰਦਾ ਹੈ।


Shyna

Content Editor

Related News