ਸਹਾਇਕ ਲਾਈਨਮੈਨ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਦੀ ਉਮਰ 42 ਸਾਲ
Sunday, Sep 22, 2019 - 11:01 AM (IST)

ਪਟਿਆਲਾ (ਜੋਸਨ) - ਪਾਵਰਕਾਮ ਨੇ ਅਹਿਮ ਫੈਸਲਾ ਲੈਂਦਿਆਂ ਪੰਜਾਬ ਦੇ ਬੇਰੋਜ਼ਗਾਰ ਲਾਈਨਮੈਨਾਂ ਨੂੰ ਰਾਹਤ ਦਿੱਤੀ ਹੈ। ਹੁਣ ਪਾਵਰਕਾਮ ਵਲੋਂ ਸਹਾਇਕ ਲਾਈਨਮੈਨ ਦੀਆਂ ਕੱਢੀਆਂ ਜਾ ਰਹੀਆਂ ਅਸਾਮੀਆਂ ਵਿਚ ਅਪਲਾਈ ਕਰਨ ਦੀ ਉਮਰ 37 ਸਾਲ ਤੋਂ ਵਧ ਕੇ 42 ਸਾਲ ਹੋਵੇਗੀ। ਬੇਰੋਜ਼ਗਾਰ ਲਾਈਨਮੈਨ ਯੂਨੀਅਨ ਮਾਨ ਪੰਜਾਬ ਦੀ ਅਗਵਾਈ ਹੇਠ ਪਾਵਰਕਾਮ ਦੇ ਡਾਇਰੈਕਟਰ ਪ੍ਰਬੰਧਕੀ ਆਰ. ਪੀ. ਪਾਂਡਵ, ਡਾਇਰੈਕਟਰ ਵਣਜ ਓ. ਪੀ. ਗਰਗ ਅਤੇ ਡਿਪਟੀ ਸੈਕਟਰੀ ਆਈ. ਆਰ. ਬੀ. ਐੱਸ. ਗੁਰਮ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਪਾਂਡਵ ਨੇ ਆਖਿਆ ਕਿ ਪਾਵਰਕਾਮ ਨੇ ਬੇਰੋਜ਼ਗਾਰ ਲਾਈਨਮੈਨਾਂ ਦੀ ਮੰਗ ਨੂੰ ਪ੍ਰਵਾਨ ਕਰ ਲਿਆ ਹੈ। ਬੇਰੋਜ਼ਗਾਰ ਲਾਈਨਮੈਨ ਯੂਨੀਅਨ ਮਾਨ ਦੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਨੇ ਕਿਹਾ ਕਿ ਉਮਰ ਹੱਦ ਵਧਾਉਣ ਸਬੰਧੀ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ।
13 ਅਗਸਤ ਨੂੰ ਅਧਿਕਾਰੀਆਂ ਦੀ ਮੌਜੂਦਗੀ 'ਚ ਮੰਗਾਂ ਮੰਨਣ ਉਪਰੰਤ ਮਰਨ ਵਰਤ ਸਮਾਪਤ ਕੀਤਾ ਗਿਆ ਸੀ, ਜਿਸ 'ਤੇ ਮੈਨੇਜਮੈਂਟ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਮਰ ਹੱਦ 37 ਸਾਲ ਤੋਂ ਵਧਾ ਕੇ 42 ਸਾਲ ਕਰ ਦਿੱਤੀ ਗਈ ਹੈ। ਇਸ਼ਤਿਹਾਰ 295/19 ਤਹਿਤ ਸਹਾਇਕ ਲਾਇਨਮੈਨ ਦੀਆਂ 3500 ਪੋਸਟਾਂ ਅਤੇ ਉਮਰ ਹੱਦ 42 ਸਾਲ ਕਰਕੇ ਇਸ਼ਤਿਹਾਰ ਦਾ ਰੀ-ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਸੂਬਾ ਪ੍ਰਧਾਨ ਮਾਨ ਨੇ ਪਾਵਰਕਾਮ ਮੈਨੇਜਮੈਂਟ ਨੂੰ ਅਪੀਲ ਕੀਤੀ ਕਿ ਜਿਨ੍ਹਾਂ 53 ਸਾਥੀਆਂ ਦੀ ਕੌਸਲਿੰਗ ਸੀ. ਆਰ. ਏ. 289/16 ਅਧੀਨ ਹੋਈ ਹੈ, ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਨਿਯੁਕਤੀ ਪੱਤਰ ਦਿੱਤੇ ਜਾਣ। ਇਸ ਮੌਕੇ ਸੂਬਾ ਮੀਤ ਪ੍ਰਧਾਨ ਮੇਵਾ ਸਿੰਘ ਮੀਮਸਾ, ਸੂਬਾ ਜਨਰਲ ਸਕੱਤਰ ਹਿਤੇਸ਼ ਕੁਮਾਰ ਫਿਰੋਜ਼ਪੁਰ, ਸੂਬਾ ਪ੍ਰੈੱਸ ਸਕੱਤਰ ਚੌਧਰੀ ਵਿਨੈ ਧਰਵਾਲ ਹੁਸ਼ਿਆਰਪੁਰ, ਸੂਬਾ ਵਰਕਿੰਗ ਕਮੇਟੀ ਮੈਂਬਰ ਰਮਨਦੀਪ ਫੁਰਵਾਹੀ ਆਦਿ ਹਾਜ਼ਰ ਸਨ।