ਪਟਿਆਲਾ ''ਚ ਇਕੋ ਦਿਨ ਸਾਹਮਣੇ ਆਏ 52 ਕੋਰੋਨਾ ਪਾਜ਼ੇਟਿਵ ਕੇਸ
Sunday, Jul 12, 2020 - 01:27 AM (IST)
ਪਟਿਆਲਾ/ਸਮਾਣਾ, (ਪਰਮੀਤ, ਦਰਦ, ਅਨੇਜਾ)- ਜ਼ਿਲੇ ’ਚ ਅੱਜ ਇਕ ਹੀ ਦਿਨ ’ਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਹਾਫ ਸੈਂਚੁਰੀ ਟਪ ਗਈ। ਸ਼ਨੀਵਾਰ 52 ਪਾਜ਼ੇਟਿਵ ਕੇਸ ਨਵੇਂ ਆ ਗਏ ਅਤੇ 12ਵੇਂ ਪਾਜ਼ੇਟਿਵ ਵਿਅਕਤੀ ਦੀ ਮੌਤ ਹੋ ਗਈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਹੁਣ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 553 ਹੋ ਗਈ ਹੈ। ਨਵੇਂ ਕੇਸਾਂ ’ਚ 2 ਕੈਦੀ ਅਤੇ ਇਕ ਪੁਲਸ ਮੁਲਾਜ਼ਮ ਵੀ ਸ਼ਾਮਲ ਹੈ। ਹੁਣ ਤੱਕ ਜ਼ਿਲੇ ’ਚ 12 ਮਰੀਜ਼ਾਂ ਦੀ ਮੌਤ, 229 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ 312 ਕੇਸ ਐਕਟਿਵ ਹਨ। ਇਨ੍ਹਾਂ ’ਚੋਂ 63 ਸਰਕਾਰੀ ਰਾਜਿੰਦਰਾ ਹਸਪਤਾਲ, 111 ਕੋਵਿਡ ਕੇਅਰ ਸੈਂਟਰ, 125 ਮਰੀਜ਼ ਘਰਾਂ ’ਚ ਇਕਾਂਤਵਾਸ ਕੀਤੇ ਹਨ। ਬਾਕੀ ਦੇ 13 ਮਰੀਜ਼ ਚੰਡੀਗਡ਼੍ਹ, ਮੋਹਾਲੀ ਤੇ ਲੁਧਿਆਣਾ ਦੇ ਹਸਪਤਾਲਾਂ ’ਚ ਦਾਖਲ ਹਨ।
ਡਾ. ਮਲਹੋਤਰਾ ਨੇ ਹੋਰ ਦੱਸਿਆ ਕਿ ਅੱਜ ਜਿਹਡ਼ੇ ਕੇਸ ਪਾਜ਼ੇਟਿਵ ਆਏ ਹਨ, ਉਨ੍ਹਾਂ ’ਚੋਂ 20 ਸਮਾਣਾ ਦੇ ਹਨ, 27 ਪਟਿਆਲਾ ਸ਼ਹਿਰ, 1 ਪਾਤਡ਼ਾਂ, 1 ਰਾਜਪੁਰਾ ਅਤੇ 3 ਵੱਖ-ਵੱਖ ਪਿੰਡਾਂ ਦੇ ਹਨ। ਪਿਛਲੇ 24 ਘੰਟਿਆਂ ਦੌਰਾਨ 674 ਰਿਪੋਰਟਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ’ਚੋਂ 624 ਨੈਗੇਟਿਵ ਅਤੇ 52 ਪਾਜ਼ੇਟਿਵ ਆਏ ਹਨ। ਡਾ. ਮਲਹੋਤਰਾ ਨੇ ਦੱਸਿਆ ਕਿ ਤੋਪਖਾਨਾ ਮੋਡ਼ ਅਤੇ ਨਾਲ ਲਗਦੇ ਏਰੀਆ ’ਚ 39 ਦੇ ਕਰੀਬ ਕੇਸ ਪਾਜ਼ੇਟਿਵ ਆਉਣ ’ਤੇ ਤੋਪਖਾਨਾ ਮੋਡ਼ ਦੇ ਮਾਈਕਰੋ ਕੰਟੇਨਮੈਂਟ ਏਰੀਆ ’ਚ ਵਾਧਾ ਕੀਤਾ ਗਿਆ। ਅਨਾਰਦਾਣਾ ਚੌਂਕ ਤੋਂ ਲੈ ਕੇ ਰੋਜ਼ ਗਾਰਡਨ ਸਕੂਲ, ਫੀਲਖਾਨਾ ਸਕੂਲ, ਪੀਲੀ ਸਡ਼ਕ, ਕਡ਼ਾਹ ਵਾਲਾ ਚੌਂਕ, ਚਾਂਦਨੀ ਚੌਂਕ ਤੱਕ ਦੇ ਏਰੀਆ ਨੂੰ 14 ਦਿਨਾਂ ਲਈ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੁਹੰਡ ਪਿੰਡ, ਧੀਰੂ ਕੀ ਮਾਜਰੀ ਤੇ ਆਨੰਦ ਨਗਰ ਐਕਸਟੈਂਸ਼ਨ ’ਚ ਬਣਾਏ ਕੰਟੇਨਮੈਂਟ ਜ਼ੋਨ ਵੀ ਲਾਗੂ ਹਨ। ਸਮਾਣਾ ਦੇ ਇਕੋ ਇਲਾਕੇ ਵਿਚ 17 ਕੇਸ ਪਾਜ਼ੇਟਿਵ ਆਉਣ ਮਗਰੋਂ ਮਾਛੀ ਹਾਤਾ, ਤੇਜ ਕਲੌਲੀ ਤੇ ਪੀਰ ਗੋਲੀ ਮੁਹੱਲਾ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਬਣਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਦਾ ਅੱਜ ਬਿਸ਼ਨ ਨਗਰ ਦਾ ਰਹਿਣ ਵਾਲਾ 36 ਸਾਲਾ ਵਿਅਕਤੀ ਜੋ ਪੀ. ਜੀ. ਆਈ. ਚੰਡੀਗਡ਼੍ਹ ’ਚ ਦਾਖਲ ਸੀ ਅਤੇ ਕੋਰੋਨਾ ਪਾਜ਼ੇਟਿਵ ਸੀ, ਦੀ ਮੌਤ ਹੋ ਗਈ।