ਰਾਤੋ-ਰਾਤ ਤਿਆਰ ਹੋਇਆ ਇਹ ਜੰਗਲ, ਜਾਣੋ ਰਹੱਸ

Saturday, Feb 15, 2020 - 12:41 PM (IST)

ਰਾਤੋ-ਰਾਤ ਤਿਆਰ ਹੋਇਆ ਇਹ ਜੰਗਲ, ਜਾਣੋ ਰਹੱਸ

ਪਠਾਨਕੋਟ (ਦੀਪਕ ਕੁਮਾਰ) : ਦੁਨੀਆ 'ਚ ਹਜ਼ਾਰਾਂ ਇਸ ਤਰ੍ਹਾਂ ਦੇ ਰਹੱਸਮਈ ਸਥਾਨ ਹਨ ਜੋ ਇਨਸਾਨ ਦੀ ਸੋਚ ਤੋਂ ਕਿਤੇ ਦੂਰ ਹੁੰਦੇ ਹਨ, ਸਭ ਤੋਂ ਜ਼ਿਆਦਾ ਤਾਂ ਭਾਰਤ ਦੀ ਜ਼ਮੀਨ 'ਤੇ ਹੀ ਪਾਏ ਜਾਂਦੇ ਹਨ। ਅਜਿਹਾ ਹੀ ਸਥਾਨ ਪੰਜਾਬ ਦੇ ਜ਼ਿਲਾ ਪਠਾਨਕੋਟ 'ਚ ਹੈ। ਇਸ ਸਬੰਧੀ ਕਈ ਕਥਾਵਾਂ ਹਨ। ਜ਼ਿਲਾ ਪਠਾਨਕੋਟ ਅਧੀਨ ਚਟਪਟ ਮੰਦਰ ਨੇੜੇ 28 ਏਕੜ 'ਚ ਫੈਲਿਆ ਜੰਗਲ 1600 ਸਾਲ ਪਹਿਲਾਂ ਰਾਤੋਂ-ਰਾਤ ਤਿਆਰ ਹੋ ਗਿਆ ਸੀ। ਇਸ ਜੰਗਲ ਦੇ ਦਰੱਖਤ ਰਾਤੋਂ-ਰਾਤ ਤਿਆਰ ਹੋ ਕੇ ਵੱਡੇ ਦਰੱਖਤ ਬਣ ਗਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਜੰਗਲ 'ਚ ਜਿਹੜੇ ਵੀ ਦਰੱਖਤ ਮੌਜੂਦ ਹਨ ਉਹ ਸਾਰੇ ਪੰਜਾਬ ਦੇ ਵਾਤਾਵਰਣ ਤੋਂ ਬਿਲਕੁਲ ਉਲਟ ਹਨ।

ਕੋਈ ਘਰ ਨਹੀਂ ਲੈ ਜਾ ਸਕਦਾ ਲਕੜੀ
ਰਾਤੋਂ-ਰਾਤ ਬਣੇ ਇਸ ਜੰਗਲ ਦੀ ਖਾਸ ਗੱਲ ਇਹ ਵੀ ਹੈ ਕਿ ਇਸ ਜੰਗਲ ਦੀ ਲੱਕੜੀ ਨੂੰ ਕੋਈ ਵੀ ਵਿਅਕਤੀ ਆਪਣੇ ਘਰ 'ਚ ਇਸਤੇਮਾਲ ਲਈ ਨਹੀਂ ਲੈ ਜਾਂਦਾ ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਕੋਈ ਵੀ ਇਸ ਜੰਗਲ ਤੋਂ ਇਕ ਵੀ ਲੱਕੜੀ ਵਰਤੋਂ ਲਈ ਆਪਣੇ ਘਰ ਲੈ ਜਾਂਦਾ ਹੈ ਤਾਂ ਉਸ ਦੇ ਪਰਿਵਾਰ 'ਚ ਕੁਝ ਨਾ ਕੁਝ ਜ਼ਰੂਰ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ।

ਕਿਸ ਕੰਮ ਆ ਰਹੀ ਹੈ ਇਹ ਲਕੜੀ
ਭਾਵੇਂ ਹੀ ਇਸ ਰਹੱਸਮਈ ਜੰਗਲ ਦੇ ਦਰੱਖਤਾਂ ਦੀ ਲੱਕੜੀ ਕੋਈ ਵੀ ਆਪਣੇ ਘਰ 'ਚ ਨਹੀਂ ਲੈ ਜਾਂਦਾ ਪਰ ਇਸ ਜੰਗਲ ਦੀ ਲੱਕੜੀ ਦਾ ਇਸਤੇਮਾਲ ਕੇਵਲ ਅਤੇ ਕੇਵਲ ਮੁਰਦਾ ਫੂਕਣ, ਮੰਦਰ 'ਚ ਲੰਗਰ ਤਿਆਰ ਕਰਨ ਅਤੇ ਮੰਦਰ 'ਚ ਸੈਕੜੇ ਸਾਲਾਂ ਤੋਂ ਫੂਕ ਰਹੇ ਅਖੰਡ ਦੁਣੇ ਨੂੰ ਜਲਾਉਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਜੰਗਲ ਦੀ ਲੱਕੜੀ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੱਕੜੀ ਫੂਕਣ ਤੋਂ ਬਾਅਦ ਇਸ ਲਕੜੀ ਦਾ ਕੋਲਾ ਤੱਕ ਨਹੀਂ ਬਣਦਾ, ਸਿੱਧੀ ਸੂਆਹ ਹੀ ਬਣਦੀ ਹੈ ਅਤੇ ਇਸ ਸੁਆਹ ਨੂੰ ਪ੍ਰਸਾਦ ਦੇ ਤੌਰ 'ਤੇ ਆਏ ਹੋਏ ਸ਼ਰਧਾਲੂਆ 'ਚ ਵੰਡਿਆ ਜਾਂਦਾ ਹੈ।

ਯੋਗੀ ਚਟਪਟ ਨਾਥ ਦੇ ਗੁੱਸੇ ਨਾਲ ਬਣਿਆ ਜੰਗਲ
ਇਸ ਬਾਰੇ ਜਾਣਕਾਰੀ ਦਿੰਦਿਆਂ ਮੰਦਰ ਦੇ ਮਹੰਤ ਸ਼ੰਕਰ ਨਾਥ ਨੇ ਦੱਸਿਆ ਕਿ ਕਰੀਬ 1600 ਸਾਲ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਚੰਬਾ ਤੋਂ ਯੋਗੀ ਚਟਪਟ ਨਾਥ ਜੀ ਇੱਥੇ ਤਪ ਕਰਨ ਲਈ ਆਏ ਸਨ। ਜਦ ਉਹ ਤਪ ਕਰ ਰਹੇ ਸਨ ਤਾਂ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਇਥੋਂ ਚਲੇ ਜਾਣ ਲਈ ਕਿਹਾ ਪਰ ਉਹ ਨਹੀਂ ਗਏ, ਜਿਸ ਕਾਰਣ ਪਿੰਡ ਵਾਲਿਆਂ ਨੇ ਆਪਣੇ ਬਲਦਾਂ ਸਮੇਤ ਹੱਲ ਨੂੰ ਯੋਗੀ ਜੀ ਦੇ ਉਪਰੋਂ ਲੰਘਾ ਦਿੱਤਾ, ਜਿਸ ਨਾਲ ਉਹ ਕ੍ਰੋਧੀ ਹੋ ਗਏ ਅਤੇ ਉਨ੍ਹਾਂ ਦੇ ਗੁੱਸੇ ਕਾਰਣ ਕਰੀਬ 28 ਏਕੜ ਜ਼ਮੀਨ 'ਚ ਰਾਤੋਂ-ਰਾਤ ਇਹ ਜੰਗਲ ਤਿਆਰ ਹੋ ਗਿਆ। ਉਨ੍ਹਾਂ ਦੱਸਿਆ ਕਿ ਜਿੱਥੇ-ਜਿੱਥੇ ਯੋਗੀ ਜੀ ਦੇ ਅੰਗ ਡਿਗੇ ਸਨ, ਉਥੋਂ ਖੁਦ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਸੀ, ਜੋ ਅੱਜ ਵੀ ਇੱਥੇ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਜਿਸ ਕਿਸੇ ਦੇ ਘਰ ਸੰਤਾਨ ਨਹੀਂ ਹੁੰਦੀ, ਕਿਸੇ ਵਿਅਕਤੀ ਨੂੰ ਸਰੀਰ 'ਚ ਖਾਰਿਸ਼ ਰਹਿੰਦੀ ਹੈ ਜਾਂ ਫਿਰ ਸਰੀਰ ਤੋਂ ਮੁਹਾਸੇ ਨਹੀਂ ਜਾਂਦੇ ਉਹ ਲੋਕ ਇੱਥੇ ਇਸ਼ਨਾਨ ਕਰਨ ਆਉਂਦੇ ਹਨ ਅਤੇ ਉਨ੍ਹਾਂ ਦੇ ਦੁੱਖ ਦੂਰ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਜੰਗਲ 'ਚ ਮੌਜੂਦ ਦਰੱਖਤ ਪੰਜਾਬ ਦੇ ਵਾਤਾਵਰਣ ਤੋਂ ਬਿਲਕੁਲ ਉਲਟ ਹਨ ਅਤੇ ਇਸ ਜੰਗਲ 'ਚ ਕਦੀ ਵੀ ਪੱਤਝੜ ਨਹੀਂ ਆਉਂਦੀ। ਇਹ ਦਰੱਖਤ ਹਮੇਸ਼ਾ ਹਰੇ-ਭਰੇ ਰਹਿੰਦੇ ਹਨ ਅਤੇ ਆਪਣੀ ਸਮੱਸਿਆ ਅਨੁਸਾਰ ਖੁਦ ਹੀ ਡਿੱਗ ਜਾਂਦੇ ਹਨ।

ਅਜਿਹੇ ਦਰੱਖਤ ਹੋਰ ਕਿਤੇ ਦਿਖਾਈ ਨਹੀਂ ਦਿੰਦੇ
ਇਸ ਸਬੰਧ ਵਿਚ ਜੰਗਲਾਤ ਵਿਭਾਗ ਦੇ ਜ਼ਿਲਾ ਅਧਿਕਾਰੀ ਸੰਜੀਵ ਤਿਵਾੜੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਚਟਪਟ ਜੰਗਲ ਵਿਚ ਜੋ ਦਰੱਖਤ ਹਨ ਉਹ ਹੋਰ ਕਿਤੇ ਨਹੀਂ ਹਨ। ਸ਼ਾਇਦ ਲੋਕਾਂ ਵੱਲੋਂ ਉਹ ਦਰੱਖਤ ਨਾ ਕੱਟਣ ਅਤੇ ਉਨ੍ਹਾਂ ਨੂੰ ਬਚਾਏ ਰੱਖਣ ਕਾਰਣ ਇੱਥੇ ਅਜਿਹੇ ਦਰੱਖਤ ਮੌਜੂਦ ਹਨ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਅਤੇ ਇਨ੍ਹਾਂ ਦਰੱਖਤਾਂ ਤੋਂ ਤਿਆਰ ਕੀਤੇ ਪੌਦੇ ਹੋਰ ਵੀ ਸਥਾਨਾਂ 'ਤੇ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਕਾਫੀ ਆਸਥਾ ਹੋਣ ਕਾਰਣ ਇਹ ਜੰਗਲ ਬਚਿਆ ਹੋਇਆ ਹੈ।

 


author

Baljeet Kaur

Content Editor

Related News