ਇਸ਼ਕ 'ਚ ਅੰਨ੍ਹੀ ਮਾਂ ਦੀ ਕਰਤੂਤ, ਆਸ਼ਕ ਨਾਲ ਮਿਲ ਕੇ ਕੀਤਾ ਮਾਸੂਮ ਦਾ ਕਤਲ

Saturday, Dec 28, 2019 - 02:53 PM (IST)

ਇਸ਼ਕ 'ਚ ਅੰਨ੍ਹੀ ਮਾਂ ਦੀ ਕਰਤੂਤ, ਆਸ਼ਕ ਨਾਲ ਮਿਲ ਕੇ ਕੀਤਾ ਮਾਸੂਮ ਦਾ ਕਤਲ

ਪਠਾਨਕੋਟ (ਧਰਮਿੰਦਰ ਠਾਕੁਰ) : ਪੁਲਸ ਥਾਣਾ ਇੰਦੋਰਾ ਅਧੀਨ ਪੈਂਦੇ ਪਿੰਡ ਪਲਾਖ ’ਚ ਇਕ ਸ਼ਰਮਸਾਰ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮਾਂ ਨੇ ਆਪਣੇ ਨਾਜਾਇਜ਼ ਸਬੰਧਾਂ ਕਾਰਣ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬੱਚੇ ਦੀ ਮਾਂ ਦੇ ਆਪਣੇ ਦਿਓਰ ਨਾਲ ਨਾਜਾਇਜ਼ ਸਬੰਧ ਸਨ ਅਤੇ ਉਸ ਦੇ 7 ਸਾਲ ਦੇ ਬੇਟੇ ਨੇ ਆਪਣੇ ਚਾਚਾ ਨਾਲ ਹੋਈ ਕੋਈ ਸ਼ੱਕੀ ਹਰਕਤ ਨੂੰ ਦੇਖ ਲਿਆ ਸੀ, ਜਿਸ ਕਾਰਣ ਮਾਂ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਪਿੰਡ ਕੋਲ ਲਾਸ਼ ਨੂੰ ਜੰਗਲ ’ਚ ਸੁੱਟ ਦਿੱਤਾ। ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਓਂਕਾਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਪੁਲਸ ਥਾਣਾ ਇੰਦੋਰਾ ’ਚ ਮੁਲਜ਼ਮ ਔਰਤ ਦੇ ਪਤੀ ਬਲਵੰਤ ਸਿੰਘ ਨੇ ਬੱਚੇ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਬੱਚਿਆਂ ਦੀ ਮਾਂ ਪੂਨਾ ਦੇਵੀ ਪਤਨੀ ਬਲਵੰਤ ਸਿੰਘ ਦੇ ਆਪਣੇ ਦਿਓਰ ਸੇਵਾ ਕੁਮਾਰ ਨਾਲ ਨਾਜਾਇਜ਼ ਸਬੰਧ ਸਨ। 7 ਸਾਲਾ ਵੱਡੇ ਬੇਟੇ ਯੁੱਧਵੀਰ ਉਰਫ ਵਿਨੇ ਨੇ ਉਨ੍ਹਾਂ ਨੂੰ ਸਬੰਧ ਬਣਾਉਂਦਿਆਂ ਦੇਖ ਲਿਆ ਸੀ। ਇਸ ਕਾਰਣ ਮਹਿਲਾ ਨੇ ਦਿਓਰ ਨਾਲ ਮਿਲ ਕੇ ਆਪਣੇ ਬੇਟੇ ਦੀ ਹੱਤਿਆ ਕਰ ਕੇ ਲਾਸ਼ ਜੰਗਲ ’ਚ ਸੁੱਟ ਦਿੱਤੀ।

ਉਕਤ ਕਲਯੁਗੀ ਮਹਿਲਾ ਤਿੰਨ ਬੱਚਿਆਂ ਦੀ ਮਾਂ ਸੀ, ਜਿਸ ’ਚੋਂ ਉਸ ਨੇ ਇਕ ਦੀ ਹੱਤਿਆ ਕਰ ਦਿੱਤੀ। ਹੱਤਿਆ ’ਚ ਉਸ ਦੇ ਦਿਓਰ ਦਾ ਵੀ ਹੱਥ ਦੱਸਿਆ ਜਾ ਰਿਹਾ ਹੈ। ਔਰਤ ਦਾ ਵੱਡਾ ਬੇਟਾ 7 ਸਾਲ ਦਾ ਸੀ, ਉਸ ਤੋਂ ਛੋਟਾ 4 ਸਾਲ ਦਾ ਅਤੇ ਸਭ ਤੋਂ ਛੋਟੀ ਬੇਟੀ ਡੇਢ ਸਾਲ ਦੀ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਕੋਲੋਂ ਜਦੋਂ ਉਕਤ ਘਟਨਾ ਸਬੰਧੀ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉੱਧਰ ਪੁਲਸ ਨੇ ਤੁਰੰਤ ਹਰਕਤ ’ਚ ਆਉਂਦੇ ਹੋਏ ਲਾਸ਼ ਨੂੰ ਬਰਾਮਦ ਕਰ ਲਿਆ ਅਤੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਪਰਿਵਾਰ ਦੇ ਮੈਂਬਰਾਂ ਸਮੇਤ ਬਾਕੀ ਲੋਕਾਂ ਦੇ ਵੀ ਬਿਆਨ ਲੈ ਰਹੀ ਹੈ। ਇਸ ਘਟਨਾ ਤੋਂ ਬਾਅਦ ਖੇਤਰ ’ਚ ਸਨਸਨੀ ਫੈਲ ਗਈ ਹੈ।


author

Baljeet Kaur

Content Editor

Related News