ਨਸ਼ੇ ਦਾ ਸੇਵਨ ਕਰਦੇ ਦੋ ਨੌਜਵਾਨ ਗ੍ਰਿਫਤਾਰ
Wednesday, Jan 08, 2020 - 06:11 PM (IST)
ਪਠਾਨਕੋਟ (ਸ਼ਾਰਦਾ) : ਸਥਾਨਕ ਪੁਲਸ ਨੇ ਸਿਵਲ ਹਸਪਤਾਲ ਦੇ ਪਿੱਛੇ ਪੁਰਾਣੇ ਸ਼ਾਹਪੁਰ ਮਾਰਗ 'ਤੇ ਸਥਿਤ ਖੇਤਾਂ ਵਿਚ ਦੋ ਨੌਜਵਾਨਾਂ ਨੂੰ ਨਸ਼ੇ ਦੇ ਇੰਜੈਕਸ਼ਨ ਲਗਾਉਂਦੇ ਹੋਏ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਉਕਤ ਨੌਜਵਾਨਾਂ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਨੂੰ ਦਬੋਚ ਲਿਆ ਗਿਆ। ਪੁਲਸ ਨੂੰ ਦੇਖਦੇ ਹੀ ਨੌਜਵਾਨਾਂ ਨੇ ਆਪਣੀ ਜੇਬ 'ਚ ਰੱਖੇ ਕੁਝ ਸਾਮਾਨ ਨੂੰ ਸੁੱਟ ਦਿੱਤਾ ਜਿਸ 'ਤੇ ਪੁਲਸ ਨੇ ਸੁੱਟੇ ਗਏ ਸਾਮਾਨ ਬਾਰੇ ਪੁਛਗਿੱਛ ਕੀਤੀ ਪਰ ਨੌਜਵਾਨਾਂ ਕੋਈ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ ਅਤੇ ਬਾਰਸ਼ ਕਾਰਣ ਖੇਤਾਂ 'ਚ ਬਣੇ ਚਿੱਕੜ ਵਿਚ ਸੁੱਟੇ ਗਏ ਸਾਮਾਨ ਦਾ ਪਤਾ ਨਹੀਂ ਚੱਲ ਸਕਿਆ। ਫੜੇ ਗਏ ਦੋਨੋਂ ਨੌਜਵਾਨ ਖੁਦ ਨੂੰ ਸਕੇ ਭਰਾ ਦੱਸ ਰਹੇ ਹਨ। ਨੌਜਵਾਨਾਂ ਦੇ ਫੜੇ ਜਾਣ ਦੀ ਘਟਨਾ ਨੂੰ ਸੁਣ ਕੇ ਖੇਤਰ 'ਚ ਸਨਸਨੀ ਫੈਲ ਗਈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਨੌਜਵਾਨ ਝੁੰਡਾ 'ਚ ਆਉਂਦੇ ਹਨ ਅਤੇ ਖੇਤਾਂ ਅਤੇ ਸਿਵਲ ਹਸਪਤਾਲ ਦੇ ਪਿੱਛੇ ਖਾਲੀ ਸਥਾਨ 'ਚ ਨਸ਼ੇ ਦਾ ਸੇਵਨ ਆਦਿ ਕਰ ਕੇ ਚਲਦੇ ਬਣਦੇ ਹਨ ਅਤੇ ਆਪਸ 'ਚ ਨਸ਼ੇ ਦੇ ਲੈਣ-ਦੇਣ ਦਾ ਧੰਦਾ ਵੀ ਕਰਦੇ ਹਨ। ਖਬਰ ਲਿਖੇ ਜਾਣ ਤੱਕ ਸਥਾਨਕ ਪੁਲਸ ਦੋਨੋਂ ਨੌਜਵਾਨਾਂ ਨੂੰ ਫੜ ਕੇ ਆਪਣੇ ਨਾਲ ਲੈ ਗਈ ਸੀ।