ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

Friday, Apr 19, 2019 - 12:03 PM (IST)

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਪਠਾਨਕੋਟ (ਕੰਵਲ) : ਨਸ਼ੇ ਦੀ ਓਵਰਡੋਜ਼ ਕਾਰਨ ਇਕ ਹੋਰ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਬੀ.ਟੈੱਕ. ਕਰਕੇ ਚੰਡੀਗੜ੍ਹ 'ਚ ਨੌਕਰੀ ਕਰਦਾ ਸੀ ਤੇ ਸ਼ਾਦੀ-ਸ਼ੁਦਾ ਸੀ ਤੇ ਉਸ ਦੀ ਇਕ ਬੱਚੀ ਵੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਸ ਪ੍ਰਭਾਰੀ ਹੈੱਡ ਕਾਂਸਟੇਬਲ ਦਵਿੰਦਰ ਸਿੰਘ ਨੇ ਦੱਸਿਆ ਕਿ ਭਾਟੀਆ ਸਟੋਨ ਕ੍ਰੈਸ਼ਰ ਦੇ ਮਾਲਿਕ ਦਾ ਫੋਨ ਆਇਆ ਕਿ ਉਨ੍ਹਾਂ ਦੇ ਕ੍ਰੈਸ਼ਰ ਦੇ ਸਾਹਮਣੇ ਦਿੱਲੀ ਪਠਾਨਕੋਟ ਰੇਲ ਮਾਰਗ ਦੇ ਕੋਲ ਇਕ ਲਾਸ਼ ਪਈ ਹੋਈ ਹੈ, ਜਿਸ ਦੀ ਸੂਚਨਾ ਡਮਟਾਲ ਪੁਲਸ ਸਟੇਸ਼ਨ ਨੂੰ ਦਿੱਤੀ। ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੀ ਜੇਬ ਤੋਂ ਆਧਾਰ ਕਾਰਡ ਤੇ ਹੋਰ ਕਾਗਜ਼ਾਤ ਬਰਾਮਦ ਹੋਏ ਤੇ ਆਧਾਰ ਕਾਰਡ ਦੇ ਆਧਾਰ 'ਤੇ ਮ੍ਰਿਤਕ ਦੀ ਪਛਾਣ ਅਨਿਲ ਸ਼ਰਮਾ ਪੁੱਤਰ ਚਮਨ ਸ਼ਰਮਾ ਨਿਵਾਸੀ ਸੁਜਾਨਪੁਰ ਵਜੋਂ ਹੋਈ। ਇਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ। ਜਿਨ੍ਹਾਂ ਦੱਸਿਆ ਕਿ ਮ੍ਰਿਤਕ ਨਸ਼ੇ ਦਾ ਆਦੀ ਸੀ। ਮੰਗਲਵਾਰ ਨੂੰ ਚੰਡੀਗੜ੍ਹ ਤੋਂ ਮੋਟਰਸਾਈਕਲ 'ਤੇ ਸੁਜਾਨਪੁਰ ਦੇ ਲਈ ਨਿਕਲਿਆ ਸੀ ਤੇ ਮੰਗਲਵਾਰ ਕਰੀਬ 2 ਵਜੇ ਫੋਨ 'ਤੇ ਘਰ ਦੱਸਿਆ ਕਿ ਉਹ ਘਰ ਆ ਰਿਹਾ ਹੈ। ਉਸ ਦੇ ਬਾਅਦ ਉਹ ਘਰ ਨਹੀਂ ਪਹੁੰਚਿਆ, ਜਿਸ ਦੇ ਕਾਰਨ ਉਨ੍ਹਾਂ ਦੇ ਪਰਿਵਾਰ ਵਲੋਂ ਪੰਜਾਬ ਤੇ ਹਿਮਾਚਲ 'ਚ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਮ੍ਰਿਤਕ ਦਾ ਮੋਟਰਸਾਈਕਲ ਪੀ ਬੀ 35 ਪੀ 1753 ਸੜਕ ਦੇ ਕਿਨਾਰੇ ਹੀ ਪਿਆ ਮਿਲਿਆ, ਜਦਕਿ ਮੋਬਾਇਲ ਗਾਇਬ ਹੈ। ਮੌਕੇ 'ਤੇ ਮ੍ਰਿਤਕ ਕੋਲੋਂ ਟੀਕਾ ਲਾਉਣ ਵਾਲੀ ਸਰਿੰਜ ਮਿਲੀ ਹੈ ਤੇ ਉਸ ਦੀ ਬਾਂਹ ਤੋਂ ਟੀਕਾ ਲਾਉਣ ਦੇ ਨਿਸ਼ਾਨ ਵੀ ਮਿਲੇ ਹਨ। ਪੁਲਸ ਨੇ 174 ਸੀ.ਆਰ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਨੂਰਪੁਰ ਭੇਜ ਦਿੱਤਾ।


author

Baljeet Kaur

Content Editor

Related News