ਡਰਾਈਵਰ ਕਰ ਰਹੇ ਨੇ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ

Saturday, Mar 09, 2019 - 11:38 AM (IST)

ਪਠਾਨਕੋਟ (ਸ਼ਾਰਦਾ) : ਪਠਾਨਕੋਟ ਤੋਂ ਧਾਰਕਲਾਂ ਅਤੇ ਦੁਨੇਰਾ ਨੂੰ ਜਾਣ ਵਾਲੀਆਂ ਬੱਸਾਂ 'ਚ ਸਮਰੱਥਾ ਤੋਂ ਜ਼ਿਆਦਾ ਸਵਾਰੀਆਂ ਬਿਠਾਏ ਜਾਣ ਦੇ ਕਾਰਨ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਸਮੱਸਿਆ ਗੰਭੀਰ ਹੋਣ ਦੇ ਬਾਵਜੂਦ ਵੀ ਇਸ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਜਿਸ ਦੇ ਕਾਰਨ ਉਕਤ ਰੂਟ ਦੀਆਂ ਬੱਸਾਂ 'ਚ ਸਫਰ ਕਰਨ ਵਾਲੇ ਯਾਤਰੀਆਂ 'ਚ ਵਿਭਾਗ ਦੇ ਖਿਲਾਫ਼ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਲ ਇੰਡੀਆ ਰਾਹੁਲ ਗਾਂਧੀ ਬ੍ਰਿਗੇਡ ਦੇ ਸੂਬਾ ਚੇਅਰਮੈਨ ਡਾ. ਵਿਕੀ ਕਾਠਾ ਨੇ ਦੱਸਿਆ ਕਿ ਬੀਤੇ ਦਿਨ ਉਹ ਪਠਾਨਕੋਟ 'ਚ ਕਿਸੇ ਕੰਮ ਲਈ ਆਏ ਸਨ ਕਿ ਜਦੋਂ ਉਹ ਵਾਪਿਸ ਪਰਤ ਰਹੇ ਸਨ ਕਿ ਸਕੂਲ 'ਚ ਛੁੱਟੀ ਦੇ ਸਮੇਂ ਸਕੂਲ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਬੱਸ 'ਚ ਜਗ੍ਹਾ ਨਾ ਹੋਣ ਕਾਰਨ ਬੱਸ ਦੀ ਛੱਤ 'ਤੇ ਬਿਠਾਇਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉਕਤ ਬੱਸ ਦੁਪਹਿਰ ਨੂੰ ਪਠਾਨਕੋਟ ਸਥਿਤ ਖੱਡੀ ਵਾਲੇ ਪੁਲ ਤੋਂ ਚੱਲੀ ਜਿਸ ਨੇ ਅੱਗੇ ਖਾਨਪੁਰ, ਜੁਗਿਆਲ, ਸ਼ਾਹਪੁਰਕੰਡੀ, ਧਰਕਲਾਂ ਦੇ ਰਸਤੇ ਤੋਂ ਹੁੰਦੇ ਦੁਨੇਰਾ ਨੂੰ ਜਾਣਾ ਸੀ ਅਤੇ ਇਸ ਬੱਸ ਦੇ ਉੱਪਰ ਸਕੂਲੀ ਵਿਦਿਆਰਥੀ ਸਵਾਰ ਸਨ ਅਤੇ ਬੱਸ ਦੇ ਉਪਰ ਇਕ ਦੂਸਰੇ ਤੋਂ ਧੱਕਾ-ਮੁੱਕੀ ਅਤੇ ਮਸਤੀ ਕਰ ਰਹੇ ਸਨ ਜੇਕਰ ਧੱਕਾ-ਮੁੱਕੀ ਦੇ ਦੌਰਾਨ ਕੋਈ ਵਿਦਿਆਰਥੀ ਬੱਸ ਤੋਂ ਥੱਲੇ ਡਿੱਗ ਜਾਂਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ। ਡਾ. ਵਿਕੀ ਕਾਠਾ ਨੇ ਦੱਸਿਆ ਕਿ ਇਹ ਸਫਰ ਵਿਦਿਆਰਥੀਆਂ ਦੇ ਲਈ ਇਕ-ਦੋ ਦਿਨ ਦਾ ਨਹੀਂ, ਬਲ ਕਿ ਰੂਟੀਨ ਦਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਪਰਿਵਾਰ ਵਾਲੇ ਆਪਣੇ ਬੱਚਿਆਂ ਨੂੰ ਸਿੱਖਿਆ ਗ੍ਰਹਿਣ ਕਰਵਾਉਣ ਦੇ ਲਈ ਪਠਾਨਕੋਟ ਭੇਜਦੇ ਹਨ ਪਰ ਉਹ ਘਰੋਂ ਸਕੂਲ ਅਤੇ ਸਕੂਲ ਤੋਂ ਘਰ ਕਿਵੇਂ ਪੁੱਜਦੇ ਹਨ ਇਹ ਗੱਲ ਜਾਂ ਵਿਦਿਆਰਥੀ ਖੁਦ ਜਾਣਦੇ ਹਨ ਜਾਂ ਫਿਰ ਭਗਵਾਨ। ਜੇਦਰ ਅਜਿਹੇ 'ਚ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਇਸ ਦਾ ਨਤੀਜਾ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੂੰ ਭੁਗਤਣਾ ਪੈ ਸਕਦਾ ਹੈ। ਡਾ. ਵਿਕੀ ਕਾਠਾ ਨੇ ਅੱਗੇ ਦੱਸਿਆ ਕਿ ਵਿਭਾਗ ਨੂੰ ਚਾਹੀਦਾ ਹੈ ਕਿ ਜੇਕਰ ਉਕਤ ਰੂਟ 'ਤੇ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੈ ਤਾਂ ਬੱਸਾਂ ਦੀ ਗਿਣਤੀ 'ਚ ਵਾਧਾ ਕੀਤਾ ਜਾਵੇ, ਤਾਂ ਜੋ ਯਾਤਰੀਆਂ ਅਤੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਨ੍ਹਾਂ ਨੇ ਵਿਭਾਗ ਨੂੰ ਅਪੀਲ ਕੀਤੀ ਕਿ ਵਿਭਾਗ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਹਦਾਇਤਾਂ ਜਾਰੀ ਕਰਨ ਕਿ ਉਹ ਸਮਰੱਥਾ ਤੋਂ ਜ਼ਿਆਦਾ ਸਵਾਰੀਆਂ ਬੱਸਾਂ 'ਚ ਨਾ ਬਿਠਾਉਣ। 

ਇਸ ਸਬੰਧ 'ਚ ਭਾਰਤੀ ਸੇਵਾ ਦਲ ਦੇ ਸੂਬਾ ਚੇਅਰਮੈਨ ਸਰਦਾਰ ਬੂਆ ਸਿੰਘ ਨੇ ਕਿਹਾ ਕਿ ਬੱਸਾਂ 'ਚ ਸਫਰ ਕਰਨ ਵਾਲੇ ਯਾਤਰੀਆਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਸਹੀ ਸਲਾਮਤ ਪਹੁੰਚਾਉਣ ਦਾ ਜ਼ਿੰਮਾ ਬੱਸ ਦੇ ਡਰਾਈਵਰ ਅਤੇ ਕੰਡਕਟਰ 'ਤੇ ਹੁੰਦਾ ਹੈ। ਅਜਿਹੇ ਵਿਚ ਬੱਸ ਦੇ ਕਡੰਕਟਰ ਦਾ ਪਹਿਲਾ ਫਰਜ਼ ਬਣਦਾ ਹੈ ਕਿ ਉਹ ਯਾਤਰੀਆਂ ਨੂੰ ਸਹੀ ਢੰਗ ਨਾਲ ਬਿਠਾਉਣ ਅਤੇ ਇਹ ਦੇਖਣ ਕਿ ਉਹ ਸੇਫ ਹਨ ਜਾਂ ਨਹੀਂ ਅਤੇ ਵਿਦਿਆਰਥੀਆਂ ਨੂੰ ਛੱਤਾਂ  'ਤੇ ਨਾ ਬਿਠਾਉਣ। 

ਇਸ ਸਬੰਧ 'ਚ ਯੁਵਾ ਯੂਥ ਪ੍ਰਧਾਨ ਦੀਪ ਮਹਿਰਾ ਨੇ ਦੱਸਿਆ ਕਿ ਪਠਾਨਕੋਟ ਦੇ ਖੱਡੀ ਪੁਲ ਤੋਂ ਲੈ ਕੇ ਪੰਗੋਲੀ ਚੌਕ ਤੱਕ ਦੇ ਰਸਤੇ ਦੀ ਮਾੜੀ ਹਾਲਤ ਹੈ । ਉਕਤ ਰੋਡ ਤੋਂ ਵਾਹਨ ਲੈ ਕੇ ਲੰਘਣਾ ਖਤਰੇ ਤੋਂ ਖਾਲੀ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਜਗ੍ਹਾ-ਜਗ੍ਹਾ 'ਤੇ ਪਏ ਟੋਇਆਂ ਕਾਰਨ ਜਿੱਥੇ ਵਾਹਨਾਂ ਨੂੰ ਨੁਕਸਾਨ ਹੁੰਦਾ ਹੈ, ਉਥੇ ਹੀ ਬੱਸਾਂ ਹਿਚਕੋਲੇ ਖਾਂਦੀਆਂ ਜਾਂਦੀਆਂ ਹਨ। ਜਿਸ ਕਾਰਨ ਵਿਦਿਆਰਥੀਆਂ ਦੇ ਬੈਲੰਸ ਖੋਹ ਕੇ ਥੱਲੇ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਜਗ੍ਹਾ-ਜਗ੍ਹਾ 'ਤੇ ਪਏ ਟੋਇਆਂ ਦੇ ਕਾਰਨ ਜਿਥੇ ਵਾਹਨਾਂ ਨੂੰ ਨੁਕਸਾਨ ਹੁੰਦਾ ਹੈ, ਜੇਕਰ ਅਜਿਹੇ ਵਿਚ ਬੱਸਾਂ ਦੀਆਂ ਛੱਤਾਂ 'ਤੇ ਵਿਦਿਆਰਥੀ ਸਵਾਰ ਹੋ ਕੇ ਆਪਣੀ ਮੰਜ਼ਿਲਾਂ ਵੱਲ ਵਧਦੇ ਹਨ, ਅਜਿਹੇ ਵਿਚ ਉਹ ਜਾਨ ਹਥੇਲੀ 'ਤੇ ਲੈ ਕੇ ਕਿਵੇਂ ਆਪਣੀ ਮੰਜ਼ਿਲ ਤੱਕ ਪੁੱਜਦੇ ਹਨ ਇਸ ਦੇ ਬਾਰੇ 'ਚ ਸਿਰਫ਼ ਉਨ੍ਹਾਂ ਨੂੰ ਹੀ ਪਤਾ ਹੋਵੇਗਾ। ਉਨ੍ਹਾਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਬੱਸ ਚਾਲਕਾਂ ਅਤੇ ਕੰਡਕਟਰਾਂ ਨੂੰ ਹਦਾਇਤ ਦਿੱਤੀ ਜਾਵੇ ਕਿ ਵਿਦਿਆਰਥੀਆਂ ਨੂੰ ਬੱਸਾਂ ਦੀਆਂ ਛੱਤਾਂ 'ਤੇ ਬੈਠਣ ਤੋਂ ਰੋਕਿਆ ਜਾਵੇ, ਤਾਂ ਜੋ ਕੋਈ ਅਨਹੋਣੀ ਘਟਨਾ ਨਾ ਵਾਪਰ ਸਕੇ। 

ਕੀ ਕਹਿਣਾ ਹੈ ਥਾਣਾ ਮੁਖੀ ਦਾ
ਇਸ ਸਬੰਧ ਵਿਚ ਜਦੋਂ ਥਾਣਾ ਡਵੀਜ਼ਨ ਨੰ.1 ਦੇ ਮੁਖੀ ਬਲਦੇਵ ਰਾਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਗਿਆ ਹੈ ਅਤੇ ਛੇਤੀ ਹੀ ਜੇਕਰ ਕੋਈ ਵਾਹਨ ਚਾਲਕ ਵਿਦਿਆਰਥੀਆਂ ਨੂੰ ਛੱਤਾਂ ਦੇ ਉਪਰ ਬਿਠਾਉਂਦਾ ਹੈ ਤਾਂ  ਉਸ  ਦੇ ਖਿਲਾਫ਼ ਸਖ਼ਤ ਕਾਰਵਾਈ ਕਰਨਗੇ।


Baljeet Kaur

Content Editor

Related News