ਡਾਕਟਰ ਦੀ ਲਾਪ੍ਰਵਾਹੀ ਨਾਲ ਨੌਜਵਾਨ ਪੁੱਜਾ ਕੋਮਾ ''ਚ, ਮਾਮਲਾ ਦਰਜ

11/28/2019 2:59:19 PM

ਪਠਾਨਕੋਟ (ਸ਼ਾਰਦਾ) : ਡਵੀਜ਼ਨ ਨੰ-1 ਦੀ ਪੁਲਸ ਨੇ ਭਿੰਡਰ ਹਸਪਤਾਲ ਦੇ ਮਾਲਕ ਡਾ. ਜੇ. ਐੱਸ. ਭਿੰਡਰ ਦੇ ਖਿਲਾਫ਼ ਧਾਰਾ 338 ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ ਉਕਤ ਮਾਮਲਾ ਜਾਂਚ ਰਿਪੋਰਟ ਆਉਣ ਤੋਂ ਬਾਅਦ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਡਾ. ਭਿੰਡਰ ਨੇ ਜ਼ਮਾਨਤ ਲੈ ਲਈ ਹੈ। ਹੁਣ ਛੇਤੀ ਹੀ ਚਾਰਜਸ਼ੀਟ ਪੂਰੀ ਕਰ ਕੇ ਮਾਮਲਾ ਅਦਾਲਤ 'ਚ ਭੇਜਿਆ ਜਾਵੇਗਾ।ਇਸ ਸਬੰਧੀ ਸਾਬਕਾ ਪ੍ਰਿੰ. ਕੁਲਵੰਤ ਸਿੰਘ ਰੰਧਾਵਾ ਵਾਸੀ ਨੇੜੇ ਏ. ਬੀ. ਕਾਲਜ ਨੇ ਡਾ. ਭਿੰਡਰ 'ਤੇ ਦੋਸ਼ ਲਾਉਂਦੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਗਲਤ ਇੰਜੈਕਸ਼ਨ ਲਾਉਣ ਕਾਰਣ ਕੋਮਾ 'ਚ ਜਾਣ ਦੀ ਸਥਿਤੀ ਪੈਦਾ ਹੋਈ ਹੈ। 11 ਦਸੰਬਰ 2018 ਨੂੰ ਉਨ੍ਹਾਂ ਦਾ ਬੇਟਾ ਅਨਮੋਲ (22) ਏ. ਬੀ. ਕਾਲਜ 'ਚ ਸਕੇਟਿੰਗ ਪ੍ਰੈਕਟਿਸ ਲਈ ਗਿਆ। ਇਸ ਦੌਰਾਨ ਡਿੱਗ ਕੇ ਉਸਦੀ ਬਾਂਹ ਟੁੱਟ ਗਈ, ਜਿਸ ਨੂੰ ਮੈਂ ਡਾ. ਭਿੰਡਰ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ। ਐਕਸਰੇ ਕਰਵਾਉਣ ਤੋਂ ਬਾਅਦ ਡਾ. ਭਿੰਡਰ ਨੇ ਇਲਾਜ ਕਰਦੇ ਹੋਏ ਟੁੱਟੀ ਬਾਂਹ 'ਤੇ ਪਲਾਸਟਰ ਲਾ ਦਿੱਤਾ ਅਤੇ 20 ਦਿਨ ਬਾਅਦ ਅਸੀਂ ਬੇਟੇ ਨੂੰ ਫਿਰ ਹਸਪਤਾਲ ਲੈ ਕੇ ਆਏ। ਜਦੋਂ ਪਲਾਸਟਰ ਖੋਲ੍ਹਿਆ ਗਿਆ ਤਾਂ ਬਾਂਹ ਦੀ ਹੱਡੀ ਟੇਡੀ ਜੁੜੀ ਹੋਈ ਸੀ, ਜਿਸ 'ਤੇ ਡਾਕਟਰ ਨੇ ਉਸਨੂੰ ਸਿੱਧਾ ਕਰਨ ਲਈ ਬਾਂਹ 'ਚ ਪਲੇਟਾਂ ਪਾਉਣ ਨੂੰ ਕਿਹਾ। ਡਾ. ਭਿੰਡਰ ਉਨ੍ਹਾਂ ਦੇ ਬੇਟੇ ਨੂੰ 11 ਜਨਵਰੀ 2019 ਨੂੰ ਸ਼ਾਮ 7 ਵਜੇ ਓ. ਟੀ. 'ਚ ਲੈ ਗਏ, ਜਿਸ ਦੇ 10 ਮਿੰਟ ਬਾਅਦ ਹੀ ਡਾਕਟਰ ਦਾ ਮੁਲਾਜ਼ਮ ਬਾਹਰ ਆਇਆ ਅਤੇ ਅਨਮੋਲ ਨੂੰ ਕਿਤੇ ਹੋਰ ਸ਼ਿਫਟ ਕਰਨ ਦਾ ਸੁਝਾਅ ਦੇਣ ਲੱਗਾ। ਉਨ੍ਹਾਂ ਨੇ ਬੇਟੇ ਨੂੰ ਇਕ ਹੋਰ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਜਿੱਥੇ ਉਸਦੀ ਹਾਲਤ 'ਚ ਸੁਧਾਰ ਨਹੀਂ ਹੋਇਆ। ਅੰਤ ਅਨਮੋਲ ਨੂੰ ਸੀ. ਐੱਮ. ਸੀ. ਲਿਜਾਣਾ ਪਿਆ, ਉਥੋਂ ਵੀ 10 ਦਿਨ ਦੇ ਇਲਾਜ ਤੋਂ ਬਾਅਦ ਵਾਪਸ ਘਰ ਲਿਜਾਣ ਲਈ ਕਿਹਾ।

ਉਨ੍ਹਾਂ ਦੱਸਿਆ ਕਿ ਇਸ 'ਤੇ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸਦੇ ਬਾਅਦ ਪੀ. ਐੱਸ. ਵੇਰਕਾ ਚੇਅਰਪਰਸਨ ਪ੍ਰੋਫੈਸਰ ਐਂਡ ਹੈਂਡ ਆਰਥੋਪੈਡਿਕ ਅੰਮ੍ਰਿਤਸਰ, ਡਾ. ਜੇ. ਪੀ. ਅੱਤਰੀ ਪ੍ਰੋਫੈਸਰ ਅਨੀਥੀਸੀਆ, ਡਾ. ਬੀ. ਐੱਸ. ਵਾਲੀਆ ਐਸੋਸਿਏਟ ਪ੍ਰੋਫੈਸਰ ਸਰਜਰੀ, ਡਾ. ਏ. ਛਾਬੜਾ ਐਸੋਸੀਏਟ ਪ੍ਰੋਫੈਸਰ ਅੰਮ੍ਰਿਤਸਰ ਦੇ ਬੋਰਡ ਨੇ ਰਿਪੋਰਟ ਦਿੱਤੀ ਕਿ ਅਨਮੋਲ ਦੀ ਉਕਤ ਹਾਲਤ ਡਾਕਟਰ ਦੀ ਲਾਪ੍ਰਵਾਹੀ ਨਾਲ ਹੋਈ ਹੈ। ਇਸ ਉਪਰੰਤ 21 ਨਵੰਬਰ ਨੂੰ ਪੁਲਸ ਨੇ ਡਾ. ਭਿੰਡਰ ਖਿਲਾਫ਼ 338 (ਲਾਪ੍ਰਵਾਹੀ) ਦੇ ਤਹਿਤ ਮਾਮਲਾ ਦਰਜ ਕੀਤਾ। ਉਕਤ ਡਾਕਟਰ ਕੋਲ ਓ. ਟੀ. 'ਚ ਲੋੜੀਂਦੇ ਯੰਤਰ ਨਹੀਂ ਸਨ, ਜਿਸ ਨਾਲ ਐਮਰਜੈਂਸੀ ਦੀ ਸਥਿਤੀ 'ਚ ਰੋਗੀ ਦੀ ਜਾਨ ਬਚਾਈ ਜਾ ਸਕੇ। ਜੇਕਰ ਉੱਥੇ ਆਕਸੀਜਨ, ਵੈਂਟੀਲੇਟਰ ਆਦਿ ਯੰਤਰ ਹੁੰਦੇ ਤਾਂ ਅਨਮੋਲ ਨੂੰ ਇਸ ਸਥਿਤੀ 'ਚ ਬਚਾਇਆ ਜਾ ਸਕਦਾ ਸੀ। ਅਨਮੋਲ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ। ਉਨ੍ਹਾਂ ਮੰਗ ਕੀਤੀ ਕਿ ਉਕਤ ਡਾਕਟਰ ਖਿਲਾਫ਼ ਸਖ਼ਤ ਕਾਰਵਾਈ ਕਰ ਕੇ ਉਲਦਾ ਲਾਈਸੈਂਸ ਰੱਦ ਕੀਤਾ ਜਾਵੇ।


Baljeet Kaur

Content Editor

Related News