ਪਟੇਲ ਹਸਪਤਾਲ ਦੇ ਡਾਕਟਰਾਂ ''ਤੇ ਲਾਇਆ ਗਲਤ ਰਿਪੋਰਟ ਦੇਣ ਦਾ ਦੋਸ਼

Wednesday, Sep 13, 2017 - 07:11 AM (IST)

ਜਲੰਧਰ, (ਰੱਤਾ)- ਪਟੇਲ ਹਸਪਤਾਲ ਵਿਚ ਜ਼ੇਰੇ ਇਲਾਜ 14 ਸਾਲਾ ਬੱਚੇ ਦੇ ਪਿਤਾ ਨੇ ਹਸਪਤਾਲ ਦੇ ਡਾਕਟਰਾਂ 'ਤੇ ਗਲਤ ਰਿਪੋਰਟ ਦੇਣ ਦਾ ਦੋਸ਼ ਲਾਇਆ ਹੈ। ਕਪੂਰਥਲਾ ਵਾਸੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ 14 ਸਾਲ ਲੜਕੇ ਏਕਓਮਕਾਰ ਨੂੰ ਬੁਖਾਰ ਕਾਰਨ 9 ਸਤੰਬਰ ਰਾਤ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਤੇ 11 ਸਤੰਬਰ ਸਵੇਰੇ ਉਸ ਨੂੰ ਸਟਾਫ ਨੇ ਦੱਸਿਆ ਕਿ ਉਸ ਦੇ ਬੇਟੇ ਦੇ ਪਲੇਟਲੈਟਸ ਸੈੱਲ ਸਿਰਫ 11 ਹਜ਼ਾਰ ਰਹਿ ਗਏ ਹਨ, ਇਸ ਲਈ ਰੋਗੀ ਨੂੰ ਤੁਰੰਤ ਪਲੇਟਲੈਟਸ ਸੈੱਲ ਚੜ੍ਹਾਉਣੇ ਪੈਣਗੇ। ਉਸ ਦੇ ਲਈ ਡੋਨਰ ਦਾ ਇੰਤਜ਼ਾਮ ਕਰੋ ਤੇ ਪੈਸੇ ਜਮ੍ਹਾ ਕਰਵਾਓ। 
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਸਮੇਂ ਉਸ ਨੇ ਸਟਾਫ ਨੂੰ ਕਹਿ ਦਿੱਤਾ ਕਿ ਲੜਕੇ ਨੂੰ ਪਲੇਟਲੈਟਸ ਸੈੱਲ ਚੜ੍ਹਾ ਦਿਓ ਪਰ ਦੁਪਹਿਰ ਨੂੰ ਜਦੋਂ ਉਸ ਨੇ ਲੜਕੇ ਦਾ ਬਲੱਡ ਸੈਂਪਲ ਅਲਫਾ ਲੈਬਾਰਟਰੀ ਭੇਜਿਆ ਤਾਂ ਉਥੋਂ ਮਿਲੀ ਰਿਪੋਰਟ ਮੁਤਾਬਕ ਪਲੇਟਲੈਟਸ ਸੈੱਲ ਲਗਭਗ 3 ਲੱਖ ਸਨ। ਪਟੇਲ ਹਸਪਤਾਲ ਵਿਚ ਹੀ ਸ਼ਾਮ ਨੂੰ ਕੀਤੇ ਗਏ ਬਲੱਡ ਟੈਸਟ ਵਿਚ ਵੀ ਪਲੇਟਲੈਟਸ ਸੈੱਲਾਂ ਦੀ ਗਿਣਤੀ 3 ਲੱਖ ਦੇ ਕਰੀਬ ਸੀ, ਜਿਸ ਨੂੰ ਦੇਖ ਕੇ ਉਸ ਨੂੰ ਸ਼ੱਕ ਹੋਇਆ ਕਿ ਪਹਿਲਾਂ 11 ਹਜ਼ਾਰ ਪਲੇਟਲੈਟਸ ਸੈੱਲ ਦੀ ਰਿਪੋਰਟ ਗਲਤ ਬਣਾਈ ਗਈ ਸੀ। ਇਸ ਗੱਲ ਨੂੰ ਲੈ ਕੇ ਉਸ ਨੇ ਮੰਗਲਵਾਰ ਸਵੇਰੇ ਪਟੇਲ ਹਸਪਤਾਲ ਦੇ ਸਟਾਫ ਨੂੰ ਕਿਹਾ ਕਿ ਲੜਕੇ ਦਾ ਇਲਾਜ ਕਰਨ ਵਾਲੇ ਡਾਕਟਰ ਨਾਲ ਮਿਲਾਇਆ ਜਾਵੇ ਤਾਂ ਜੋ ਉਹ ਪਤਾ ਕਰ ਸਕਣ ਕਿ ਆਖਿਰ ਰਿਪੋਰਟ ਵਿਚ ਇੰਨਾ ਫਰਕ ਕਿਵੇਂ ਆਇਆ।
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਟੇਲ ਹਸਪਤਾਲ ਦੇ ਸਟਾਫ ਨੇ ਜਦੋਂ ਉਸ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਤਾਂ ਉਸ ਨੇ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰ ਕੇ ਬੁਲਾ ਲਿਆ। ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਪ੍ਰਦੇਸੀ, ਗੁਰਪ੍ਰੀਤ ਸਿੰਘ ਬਿੱਟੂ, ਹਰਪਾਲ ਸਿੰਘ ਚੱਢਾ ਸਣੇ ਕਈ ਵਰਕਰ ਉਥੇ ਪਹੁੰਚ ਗਏ ਤੇ ਉਨ੍ਹਾਂ ਪੁਲਸ ਥਾਣਾ ਨੰਬਰ 4 ਵਿਚ ਸ਼ਿਕਾਇਤ ਦਿੱਤੀ।
ਓਧਰ ਲੜਕੇ ਦਾ ਇਲਾਜ ਕਰਨ ਵਾਲੇ ਡਾ. ਰੋਹਿਤ ਚੋਪੜਾ ਨੇ ਦੱਸਿਆ ਕਿ ਰਿਪੋਰਟ ਵਿਚ ਜਦੋਂ ਪਲੇਟਲੈਟਸ ਸੈੱਲ ਘੱਟ ਆਏ ਤਾਂ ਉਨ੍ਹਾਂ ਸੈੱਲ ਚੜ੍ਹਾ ਦਿੱਤੇ, ਜਿਸ ਤੋਂ ਬਾਅਦ ਬੱਚੇ ਦੇ ਪਲੇਟਲੈਟਸ ਸੈੱਲ ਨਾਰਮਲ ਹੋ ਗਏ। ਉਨ੍ਹਾਂ ਕਿਹਾ ਕਿ ਬੱਚੇ ਦੇ ਇਲਾਜ ਵਿਚ ਕੋਈ ਕੋਤਾਹੀ ਨਹੀਂ ਵਰਤੀ ਗਈ।
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਥਾਣਾ ਨੰਬਰ 4 ਦੇ ਐੈੱਸ. ਐੱਚ. ਓ. ਨੇ ਸੰਬੰਧਤ ਡਾਕਟਰ ਨੂੰ ਥਾਣੇ ਬੁਲਾਇਆ ਪਰ ਕਾਫੀ ਦੇਰ ਤੱਕ ਜਦੋਂ ਡਾਕਟਰ ਨਹੀਂ ਪਹੁੰਚੇ ਤਾਂ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੂੰ ਗੁੱਸਾ ਆ ਗਿਆ। ਆਖਿਰ ਜਦੋਂ ਪਟੇਲ ਹਸਪਤਾਲ ਦੇ ਡਾ. ਸਵਪਨ ਸੂਦ, ਡਾ. ਰੋਹਿਤ ਚੋਪੜਾ, ਡਾ. ਨਵੀਨ ਖੰਨਾ, ਡਾ. ਸੰਜੇ ਵਧਵਾ ਪੁਲਸ ਥਾਣੇ ਪਹੁੰਚੇ ਤਾਂ ਦੋਵਾਂ ਧਿਰਾਂ ਵਿਚ ਤਿੱਖੀ ਬਹਿਸਬਾਜ਼ੀ ਸ਼ੁਰੂ ਹੋ ਗਈ ਤੇ ਮਾਮਲਾ ਵਿਗੜਨ ਲੱਗਾ। 
ਵੇਖਦਿਆਂ ਹੀ ਵੇਖਦਿਆਂ ਥਾਣੇ ਵਿਚ ਜਿਥੇ ਡਾਕਟਰਾਂ ਦੇ ਸਮਰਥਕ ਇਕੱਠੇ ਹੋ ਗਏ, ਉਥੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਵੀ ਇਕੱਠੇ ਹੋ ਗਏ ਤੇ ਉਨ੍ਹਾਂ ਹਸਪਤਾਲ ਦੇ ਪ੍ਰਬੰਧਕਾਂ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਨਤੀਜੇ ਵਜੋਂ ਪੁਲਸ ਥਾਣਾ ਨੰਬਰ 4 ਪੁਲਸ ਛਾਉਣੀ ਵਿਚ ਬਦਲ ਗਿਆ ਤੇ ਉਥੇ ਪੁਲਸ ਦੇ ਕਈ ਉੱਚ ਅਧਿਕਾਰੀ ਵੀ ਪਹੁੰਚ ਗਏ। ਅੰਤ ਵਿਚ ਦੇਰ ਸ਼ਾਮ ਦੋਵਾਂ ਧਿਰਾਂ ਵਿਚ ਲਿਖਤੀ ਰੂਪ ਵਿਚ ਸਮਝੌਤਾ ਹੋ ਗਿਆ।


Related News