ਇਸ ਵਾਰ ਸਿਰਫ 15 ਥਾਵਾਂ ''ਤੇ ਵਿਕਣਗੇ ਪਟਾਕੇ

Tuesday, Sep 05, 2017 - 05:55 PM (IST)

ਇਸ ਵਾਰ ਸਿਰਫ 15 ਥਾਵਾਂ ''ਤੇ ਵਿਕਣਗੇ ਪਟਾਕੇ

ਚੰਡੀਗੜ੍ਹ  (ਨੀਰਜ ਅਧਿਕਾਰੀ) - ਗਣੇਸ਼ ਉਤਸਵ ਦੇ ਨਾਲ ਹੀ ਫੈਸਟੀਵਲ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਮਹੀਨੇ ਦੀ 30 ਤਰੀਕ ਨੂੰ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਦੇ ਦਹਿਨ ਦੇ ਨਾਲ ਹੀ ਦੁਸਹਿਰਾ ਮਨਾਇਆ ਜਾਵੇਗਾ ਤੇ ਆਤਿਸ਼ਬਾਜ਼ੀ ਧੂਮ-ਧੜੱਕੇ ਦੀ ਸ਼ੁਰੂਆਤ ਹੋ ਜਾਵੇਗੀ ਪਰ ਦੋ ਸਾਲ ਤੋਂ ਘਾਟਾ ਝੱਲ ਰਹੇ ਪਟਾਕਾ ਵਿਕ੍ਰੇਤਾਵਾਂ ਨੂੰ ਇਸ ਵਾਰ ਪ੍ਰਸ਼ਾਸਨ ਨੇ ਝਟਕਾ ਦੇ ਦਿੱਤਾ ਹੈ। 
ਪ੍ਰਸ਼ਾਸਨ ਨੇ ਇਸ ਵਾਰ ਸ਼ਹਿਰ ਵਿਚ ਸਿਰਫ 15 ਥਾਵਾਂ 'ਤੇ ਹੀ ਪਟਾਕੇ ਵੇਚਣ ਦੀ ਆਗਿਆ ਦਿੱਤੀ ਹੈ। ਇਸ ਨਾਲ ਪਟਾਕਾ ਵਿਕ੍ਰੇੇਤਾਵਾਂ ਦਾ ਮੂਡ ਉੱਖੜ ਗਿਆ ਹੈ। ਚੰਡੀਗੜ੍ਹ ਕ੍ਰੈਕਰਜ਼ ਡੀਲਰਜ਼ ਐਸੋਸੀਏਸ਼ਨ ਇਸ ਫੈਸਲੇ 'ਤੇ ਨਾਰਾਜ਼ਗੀ ਜਤਾਉਂਦਿਆਂ ਪੁਰਾਣੀ ਪਾਲਿਸੀ ਨੂੰ ਹੀ ਜਾਰੀ ਰੱਖਣ 'ਤੇ ਅੜ ਗਈ ਹੈ। 
ਦੋ ਸਾਲ ਪਹਿਲਾਂ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਹੰਗਾਮਾ ਹੋਇਆ ਸੀ। ਉਦੋਂ ਪੂਰੀ ਸਿੱਖ ਸੰਗਤ ਨੇ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਲਿਆ ਸੀ। ਤਿਉਹਾਰਾਂ ਦੇ ਸੀਜ਼ਨ ਵਿਚ ਇਸ ਦਾ ਅਸਰ ਹਰ ਕਾਰੋਬਾਰ 'ਤੇ ਪਿਆ ਸੀ, ਇਸ ਤੋਂ ਪਟਾਕੇ ਵਿਕ੍ਰੇਤਾ ਵੀ ਅਛੂਤੇ ਨਹੀਂ ਰਹੇ ਸਨ। ਉਪਰੋਂ ਚਾਈਨੀਜ਼ ਚੀਜ਼ਾਂ ਦੇ ਖਿਲਾਫ ਸੋਸ਼ਲ ਮੀਡੀਆ 'ਤੇ ਚੱਲੀ ਮੁਹਿੰਮ ਨੇ ਵੀ ਪਟਾਕੇ ਕਾਰੋਬਾਰ ਨੂੰ ਘਾਟੇ ਵਿਚ ਧਕੇਲ ਦਿੱਤਾ ਸੀ। ਨਤੀਜਾ ਇਹ ਰਿਹਾ ਕਿ ਸਾਰੇ ਪਟਾਕਾ ਵਿਕ੍ਰੇਤਾਵਾਂ ਦਾ 50 ਫੀਸਦੀ ਸਾਮਾਨ ਬਚਿਆ ਰਹਿ ਗਿਆ ਸੀ। ਪਿਛਲੇ ਸਾਲ ਜ਼ਿਆਦਾ ਪਟਾਕਾ ਵਿਕ੍ਰੇਤਾਵਾਂ ਨੇ ਨਵਾਂ ਮਾਲ ਹੀ ਨਹੀਂ ਖਰੀਦਿਆ ਸੀ। ਸਾਰੇ ਪੁਰਾਣੇ ਸਟਾਕ ਨੂੰ ਹੀ ਕੱਢਣ ਵਿਚ ਲੱਗੇ ਰਹੇ। ਇਸ ਲਈ ਪਿਛਲਾ ਫੈਸਟੀਵਲ ਸੀਜ਼ਨ ਪਟਾਕਾ ਵਿਕ੍ਰੇਤਾਵਾਂ ਲਈ ਫਾਇਦੇਮੰਦ ਨਹੀਂ ਰਿਹਾ ਸੀ। 
7 ਸਥਾਨ ਤੈਅ, 8 ਨਵੀਆਂ ਥਾਵਾਂ ਲਈ ਮੰਗੇ ਸੁਝਾਅ
ਇਸ ਵਾਰ ਪ੍ਰਸ਼ਾਸਨ ਨੇ ਸ਼ਹਿਰ ਵਿਚ ਪਟਾਕੇ ਵੇਚਣ ਲਈ 7 ਥਾਵਾਂ ਤੈਅ ਕਰ ਲਈਆਂ ਹਨ। ਹਾਲ ਹੀ ਵਿਚ ਏ. ਡੀ. ਸੀ. ਦੀ ਪ੍ਰਧਾਨਗੀ ਵਿਚ ਹੋਈ ਚੰਡੀਗੜ੍ਹ ਕ੍ਰੈਕਰਜ਼ ਡੀਲਰਜ਼ ਐਸੋਸੀਏਸ਼ਨ ਤੇ ਸਬੰਧਤ ਪੁਲਸ-ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬੈਠਕ ਵਿਚ ਇਨ੍ਹਾਂ ਥਾਵਾਂ ਦੀ ਚੋਣ ਬਾਰੇ ਜਾਣਕਾਰੀ ਦਿੰਦਿਆਂ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਸ਼ਹਿਰ ਦੇ ਦਾਇਰੇ ਨੂੰ ਦੇਖਦਿਆਂ 8 ਹੋਰ ਸਥਾਨ ਪਟਾਕੇ ਵੇਚਣ ਲਈ ਤੈਅ ਕੀਤੇ ਜਾਣਗੇ। ਇਸ ਲਈ ਚੰਡੀਗੜ੍ਹ ਕ੍ਰੈਕਰਜ਼ ਡੀਲਰਜ਼ ਐਸੋਸੀਏਸ਼ਨ ਤੋਂ ਵੀ ਸੁਝਾਅ ਮੰਗੇ ਹਨ। ਇਸ ਤੋਂ ਇਲਾਵਾ ਚੁਣੀਆਂ ਗਈਆਂ 7 ਥਾਵਾਂ ਵਿਚ ਤਬਦੀਲੀ ਲਈ ਵੀ ਸੁਝਾਅ ਦੇਣ ਲਈ ਕਿਹਾ ਗਿਆ ਹੈ ਪਰ ਪ੍ਰਸ਼ਾਸਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਵਾਰ ਸੈਕਟਰਾਂ ਦੀਆਂ ਮਾਰਕੀਟਾਂ ਵਿਚ ਦੁਕਾਨਾਂ ਦੇ ਅੱਗੇ ਪਟਾਕਾ ਸਟਾਲ ਨਹੀਂ ਲੱਗਣ ਦਿੱਤੇ ਜਾਣਗੇ। ਪਟਾਕਾ ਸਟਾਲ ਸਿਰਫ 15 ਚੋਣਵੇਂ ਸਥਾਨਾਂ 'ਤੇ ਹੀ ਲੱਗਣਗੇ। 
ਪਿਛਲੇ ਸਾਲ ਵੀ ਪ੍ਰਸ਼ਾਸਨ ਨੇ ਬਣਾਈ ਸੀ ਨਵੀਂ ਪਾਲਿਸੀ 
ਸ਼ਹਿਰ ਵਿਚ ਪਟਾਕਿਆਂ ਦੀ ਵਿਕਰੀ ਲਈ ਪ੍ਰਸ਼ਾਸਨ ਨੇ ਪਿਛਲੇ ਸਾਲ ਵੀ ਨਵੀਂ ਪਾਲਿਸੀ ਬਣਾਈ ਸੀ। ਉਨ੍ਹਾਂ ਲਈ ਸ਼ਹਿਰ ਵਿਚ 7 ਵੱਖ-ਵੱਖ ਥਾਵਾਂ ਤੈਅ ਕੀਤੀਆਂ ਗਈਆਂ ਸਨ ਪਰ ਸਾਲ 2015 ਵਿਚ ਹੋਏ ਘਾਟੇ ਤੇ ਬਚੇ ਹੋਏ ਮਾਲ ਦੀ ਦੁਹਾਈ ਦੇ ਕੇ ਪਟਾਕਾ ਵਿਕ੍ਰੇਤਾਵਾਂ ਨੇ ਇਸ ਪਾਲਿਸੀ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ। ਇਸ 'ਤੇ ਪ੍ਰਸ਼ਾਸਨ ਨੇ ਪੁਰਾਣੀ ਪਾਲਿਸੀ ਦੇ ਮੁਤਾਬਿਕ ਹੀ ਲਾਇਸੰਸ ਧਾਰਕ ਪਟਾਕਾ ਵਿਕ੍ਰੇਤਾਵਾਂ ਨੂੰ ਆਪਣੇ ਕਾਰੋਬਾਰੀ ਸਥਾਨ 'ਤੇ ਹੀ ਪਟਾਕੇ ਵੇਚਣ ਦੀ ਆਗਿਆ ਦੇ ਦਿੱਤੀ ਸੀ ਪਰ ਇਸ ਵਾਰ ਪ੍ਰਸ਼ਾਸਨ ਵੀ ਨਵੀਂ ਪਾਲਿਸੀ ਲਾਗੂ ਕਰਨ 'ਤੇ ਅੜ ਗਿਆ ਹੈ। 
400 ਤੋਂ ਵੱਧ ਲਾਇਸੰਸਧਾਰਕ
ਚੰਡੀਗੜ੍ਹ ਕ੍ਰੈਕਰਜ਼ ਡੀਲਰਜ਼ ਐਸੋਸੀਏਸ਼ਨ ਮੁਤਾਬਿਕ ਸਾਲ 2015 ਤਕ ਸ਼ਹਿਰ ਵਿਚ 399 ਲਾਇਸੰਸਧਾਰਕ ਪਟਾਕਾ ਵਿਕ੍ਰੇਤਾ ਸਨ। ਪਿਛਲੇ ਸਾਲ ਲਾਇਸੰਸ ਰਿਨਿਊ ਕਰਵਾਉਣ ਲਈ ਇਨ੍ਹਾਂ ਵਿਚੋਂ ਕਰੀਬ ਢਾਈ ਸੌ ਨੇ ਹੀ ਅਪਲਾਈ ਕੀਤਾ, ਜਦਕਿ ਕਈ ਨਵੇਂ ਲਾਇਸੰਸ ਵੀ ਬਣੇ। ਚੰਡੀਗੜ੍ਹ ਕ੍ਰੈਕਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਚਿਰਾਗ ਅਗਰਵਾਲ ਨੇ ਦੱਸਿਆ ਕਿ ਬੈਠਕ ਵਿਚ ਦੱਸਿਆ ਕਿ ਉਨ੍ਹਾਂ ਦੀ ਮੰਗ 'ਤੇ ਅਧਿਕਾਰੀਆਂ ਨੇ ਇਹ ਤਾਂ ਤੈਅ ਕਰ ਦਿੱਤਾ ਹੈ ਕਿ ਇਸ ਵਾਰ ਪਟਾਕਿਆਂ ਦੇ ਲਾਇਸੰਸ ਰਿਨਿਊ ਕਰਨ ਤੇ ਨਵੇਂ ਲਾਇਸੰਸ ਜਾਰੀ ਕਰਨ ਦਾ ਕੰਮ ਦੁਸਹਿਰੇ ਤੋਂ ਪਹਿਲਾਂ ਹੀ ਪੂਰਾ ਕੀਤਾ ਜਾਵੇਗਾ ਪਰ ਪਟਾਕਾ ਵਿਕਰੀ ਦੇ ਸਥਾਨਾਂ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। 
60 ਫੀਸਦੀ ਹੀ ਹੋ ਸਕੇਗਾ ਕਾਰੋਬਾਰ
ਚੰਡੀਗੜ੍ਹ ਕ੍ਰੈਕਰਜ਼ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਗੁਪਤਾ ਤੇ ਜਨਰਲ ਸਕੱਤਰ ਚਿਰਾਗ ਅਗਰਵਾਲ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਪਟਾਕੇ ਵੇਚਣ ਲਈ ਵੱਖ-ਵੱਖ 15 ਥਾਵਾਂ ਤੈਅ ਕਰਨਾ ਨਿਆਂ ਸੰਗਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਪੁਰਾਣੇ ਲਾਇਸੰਸਧਾਰਕ ਖੁਦਰਾ ਪਟਾਕਾ ਵਿਕ੍ਰੇਤਾ ਦੁਕਾਨਦਾਰ ਤੇ ਸਿਰਫ ਫੈਸਟੀਕਲ ਸੀਜ਼ਨ ਵਿਚ ਹੀ ਸਟਾਲ ਲਗਾਉਂਦੇ ਹਨ। ਇਹ ਉਨ੍ਹਾਂ ਦਾ ਵਾਧੂ ਲਾਇਸੰਸ ਹੈ। ਉਹ ਦੁਕਾਨਾਂ ਦੇ ਅੱਗੇ ਹੀ ਪਟਾਕੇ ਵੇਚਦੇ ਹਨ। ਇਸ ਲਈ ਅੱਗ ਬੁਝਾਊ ਯੰਤਰ ਸਮੇਤ ਸਾਰੇ ਪ੍ਰਬੰਧ ਵੀ ਕਰਦੇ ਹਨ ਤੇ ਸਬੰਧਿਤ ਵਿਭਾਗਾਂ ਦੀ ਆਗਿਆ ਵੀ ਲੈਂਦੇ ਹਨ ਪਰ ਹੁਣ ਜੇਕਰ ਪਟਾਕੇ ਵੇਚਣ ਲਈ ਅਲੱਗ ਥਾਵਾਂ ਤੈਅ ਕੀਤੀਆਂ ਜਾਣਗੀਆਂ ਤਾਂ ਇਹ ਦੁਕਾਨਦਾਰ ਸਿਰਫ ਪਟਾਕੇ ਵੇਚਣ ਲਈ ਦੁਕਾਨ ਛੱਡ ਕੇ ਕਿਸੇ ਹੋਰ ਥਾਂ 'ਤੇ ਜਾ ਕੇ ਪਟਾਕੇ ਵੇਚਣ 'ਚ ਅਸਮਰਥ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਨਵੀਂ ਪਾਲਿਸੀ ਲਾਗੂ ਕੀਤੀ ਤਾਂ ਇਸ ਵਾਰ 50 ਤੋਂ 60 ਫੀਸਦੀ ਕਾਰੋਬਾਰੀ ਹੀ ਪਟਾਕੇ ਵੇਚ ਸਕਣਗੇ। ਕਈ ਤਾਂ ਪਟਾਕਾ ਕੰਪਨੀਆਂ ਦੇ ਥੋਕ ਵਿਕ੍ਰੇਤਾਵਾਂ ਨੂੰ ਆਰਡਰ ਦੇ ਚੁੱਕੇ ਹਨ, ਅਜਿਹੇ ਵਿਚ ਉਨ੍ਹਾਂ ਨੂੰ ਪ੍ਰਸ਼ਾਸਨ ਦੀ ਨਵੀਂ ਪਾਲਿਸੀ ਤੋਂ ਇਕ ਵਾਰ ਫਿਰ ਨੁਕਸਾਨ ਝੱਲਣਾ ਪਏਗਾ। 
ਫਿਲਹਾਲ ਇਹ ਹਨ 7 ਸਥਾਨ ਤੈਅ 
- ਗੋਬਿੰਦਪੁਰਾ ਪਾਰਕ ਦੇ ਸਾਹਮਣੇ, ਮਨੀਮਾਜਰਾ। 
- ਫਾਇਰ ਸਟੇਸ਼ਨ ਤੇ ਉੱਪਲ ਹਾਊਸਿੰਗ ਸੋਸਾਇਟੀ ਦੇ ਸਾਹਮਣੇ, ਮਨੀਮਾਜਰਾ। 
- ਗੁਜਰਾਤ ਭਵਨ ਦੇ ਸਾਹਮਣੇ, ਸੈਕਟਰ-24, ਚੰਡੀਗੜ੍ਹ। 
- ਹੋਟਲ ਸ਼ਿਵਾਲਿਕ ਵਿਊ ਦੇ ਕੋਲ ਦਾ ਮੈਦਾਨ, ਸੈਕਟਰ-17 ਚੰਡੀਗੜ੍ਹ। 
- ਰਿਆਨ ਇੰਟਰਨੈਸ਼ਨਲ ਸਕੂਲ ਦੇ ਕੋਲ ਦਾ ਮੈਦਾਨ, ਸੈਕਟਰ-49, ਚੰਡੀਗੜ੍ਹ। 
- ਸਬਜ਼ੀ ਮੰਡੀ ਗਰਾਊਂਡ, ਸੈਕਟਰ-43, ਚੰਡੀਗੜ੍ਹ। 
- ਗੌਰਮਿੰਟ ਸਕੂਲ ਦੇ ਸਾਹਮਣੇ, ਸੈਕਟਰ-38 ਵੈਸਟ, ਚੰਡੀਗੜ੍ਹ।


Related News