ਰਾਜੀਵ ਗਾਂਧੀ ਪਾਰਕ ਨੂੰ ਗੰਦਗੀ ਸੁੱਟਣ ਲਈ ਬਣਾਇਆ ਆਰਜ਼ੀ ਡੰਪ!
Monday, Oct 23, 2017 - 08:12 AM (IST)

ਨਾਭਾ (ਜੈਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਭਗ 50 ਲੱਖ ਰੁਪਏ ਦੀ ਗ੍ਰਾਂਟ ਦੇ ਕੇ ਇਥੇ ਦੁਲੱਦੀ ਗੇਟ ਤੋਂ ਬਾਹਰ ਰਿਆਸਤੀ ਟੋਭੇ ਨੂੰ ਮਿੱਟੀ ਨਾਲ ਭਰਵਾ ਕੇ 11 ਸਾਲ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦੀ ਯਾਦ ਵਿਚ ਰਾਜੀਵ ਪਾਰਕ ਦੀ ਉਸਾਰੀ ਕਰਵਾਈ ਗਈ ਸੀ। ਹੁਣ ਨਗਰ ਕੌਂਸਲ ਨੇ ਪਾਰਕ ਗੇਟ ਅੱਗੇ ਬੋਰਡ ਲਾ ਦਿੱਤਾ ਹੈ ਕਿ ਸਾਡੇ ਕੋਲ ਸ਼ਹਿਰ ਵਿਚੋਂ ਇਕੱਠੀ ਕੀਤੀ ਜਾ ਰਹੀ ਗੰਦਗੀ/ਕੂੜਾ-ਕਰਕਟ ਨੂੰ ਡੰਪ ਕਰਨ ਲਈ ਕੋਈ ਥਾਂ ਨਹੀਂ, ਜਿਸ ਕਾਰਨ ਪਾਰਕ ਵਿਚ ਕੂੜਾ-ਗੰਦਗੀ ਇਕੱਠੀ ਕੀਤੀ ਜਾਵੇਗੀ।
ਇਸ ਪੈਦਾ ਹੋਈ ਸਥਿਤੀ ਕਾਰਨ ਕੌਂਸਲ ਨੇ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਸੈਰ ਕਰਨ ਵਾਲੇ ਲੋਕਾਂ ਅਤੇ ਲਾਗਲੇ ਕਾਲੋਨੀ ਵਾਸੀਆਂ ਨੇ ਪਾਰਕ ਨੂੰ ਗੰਦਗੀ ਡੰਪ ਬਣਾਉਣ ਲਈ ਰੋਸ ਪ੍ਰਗਟ ਕੀਤਾ ਹੈ। ਇਸ ਖਿਲਾਫ਼ ਅਦਾਲਤ ਵਿਚ ਜਨਤਕ ਪਟੀਸ਼ਨ ਵੀ ਪਾਈ ਜਾ ਰਹੀ ਹੈ। ਲੋਕਾਂ ਵਿਚ ਚਰਚਾ ਹੈ ਕਿ ਕੈਪਟਨ ਸ਼ਾਸਨ 'ਚ ਕੈਬਨਿਟ ਮੰਤਰੀ ਦੇ ਸ਼ਹਿਰ ਵਿਚ ਰਾਜੀਵ ਗਾਂਧੀ ਪਾਰਕ ਨੂੰ ਗੰਦਗੀ ਦਾ ਡੰਪ ਬਣਾਏ ਜਾਣ ਨਾਲ ਕਾਂਗਰਸੀ ਹੁਣ ਸੱਚੀ ਸ਼ਰਧਾਂਜਲੀ ਭੇਟ ਕਰ ਰਹੇ ਹਨ ਜਾਂ ਸ਼ਹਾਦਤਾਂ ਦਾ ਅਪਮਾਨ ਕਰ ਰਹੇ ਹਨ? ਪਾਰਕ ਵਿਚ ਲੱਗੇ ਗੰਦਗੀ ਢੇਰ, ਘੁੰਮਦੇ ਪਸ਼ੂ ਤੇ ਗੇਟ ਅੱਗੇ ਲੱਗਾ ਬੋਰਡ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।