ਕਾਨਵੈਂਟ ਸਕੂਲ ਦੀ ਧੱਕੇਸ਼ਾਹੀ ਖ਼ਿਲਾਫ਼ ਸੈਂਕੜੇ ਮਾਪਿਆਂ ਨੇ ਖੰਨਾ-ਨਵਾਂਸ਼ਹਿਰ ਰੋਡ ਕੀਤਾ ਜਾਮ (ਤਸਵੀਰਾਂ)

Saturday, Dec 04, 2021 - 03:28 PM (IST)

ਕਾਨਵੈਂਟ ਸਕੂਲ ਦੀ ਧੱਕੇਸ਼ਾਹੀ ਖ਼ਿਲਾਫ਼ ਸੈਂਕੜੇ ਮਾਪਿਆਂ ਨੇ ਖੰਨਾ-ਨਵਾਂਸ਼ਹਿਰ ਰੋਡ ਕੀਤਾ ਜਾਮ (ਤਸਵੀਰਾਂ)

ਸਮਰਾਲਾ(ਗਰਗ) : ਇਲਾਕੇ ਦੇ ਸੈਂਕੜੇ ਮਾਪਿਆਂ ਨੇ ਇੱਕ ਮਹਿੰਗੇ ਕਾਨਵੈਂਟ ਸਕੂਲ ਖ਼ਿਲਾਫ਼ ਫ਼ੀਸਾਂ ਨੂੰ ਲੈ ਕੇ ਕੀਤੀ ਜਾ ਰਹੀ ਧੱਕੇਸ਼ਾਹੀ ਕਾਰਨ ਅੱਜ ਸਵੇਰ ਤੋਂ ਹੀ ਸਕੂਲ ਅੱਗੇ ਧਰਨਾ ਦੇ ਦਿੱਤਾ। ਮਾਪਿਆਂ ਨੇ ਖੰਨਾ-ਨਵਾਂਸ਼ਹਿਰ ਹਾਈਵੇਅ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਹੈ। 3 ਘੰਟੇ ਤੋਂ ਜਾਰੀ ਇਸ ਜਾਮ ਕਾਰਨ ਸੜਕ ਦੇ ਦੋਵੇਂ ਪਾਸੇ ਸੈਂਕੜੇ ਵਾਹਨ ਭਾਰੀ ਜਾਮ ਵਿੱਚ ਫਸ ਗਏ ਹਨ। ਮਾਪਿਆਂ ਵੱਲੋਂ ਸਕੂਲ ਪ੍ਰਬੰਧਕਾਂ ਖ਼ਿਲਾਫ਼ ਫ਼ੀਸਾਂ ਦੇ ਨਾਂ ’ਤੇ ਕਥਿਤ ਤੌਰ ’ਤੇ ਲੁੱਟ ਕੀਤੇ ਜਾਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ।

PunjabKesari

ਮਾਪਿਆਂ ਨੇ ਦੋਸ਼ ਲਗਾਇਆ ਕਿ ਕੋਰੋਨਾ ਲਾਕਡਾਊਨ ਸਮੇਂ ਫ਼ੀਸਾਂ ਨੂੰ ਲੈ ਕੇ ਤਿੰਨ ਮਹੀਨੇ ਇਸ ਸਕੂਲ ਖ਼ਿਲਾਫ਼ ਸੰਘਰਸ਼ ਕੀਤਾ ਗਿਆ ਸੀ ਅਤੇ ਉਸ ਵੇਲੇ ਡੀ. ਓ. ਐਜੂਕੇਸ਼ਨ ਨੂੰ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਬਣੀ ਕਮੇਟੀ ਵਿੱਚ ਫ਼ੀਸਾਂ ਨੂੰ ਲੈ ਤੈਅ ਹੋਈ ਫ਼ੀਸ ਅਦਾ ਕਰਨ ਤੋਂ ਬਾਅਦ ਅੱਜ ਅਚਾਨਕ ਸਕੂਲ ਮੈਨਜਮੈਂਟ ਨੇ ਪਿਛਲੀਆਂ ਪੂਰੀਆਂ ਫ਼ੀਸਾਂ ਲੈਣ ਦਾ ਫੁਰਮਾਨ ਸੁਣਾ ਦਿੱਤਾ। ਉਨ੍ਹਾਂ ਦੇ ਬੱਚਿਆਂ ਦੇ ਰਿਪੋਰਟ ਕਾਰਡ ਵੀ ਰੋਕ ਲਏ, ਜੋ ਕਿ ਉਹ ਅੱਜ ਲੈਣ ਲਈ ਸਕੂਲ ਪਹੁੰਚੇ ਸਨ।

PunjabKesari

ਦੂਜੇ ਪਾਸੇ ਸਕੂਲ ਪ੍ਰਿੰਸੀਪਲ ਨੇ ਇਸ ਮਾਮਲੇ ’ਚ ਸਫ਼ਾਈ ਦਿੰਦੇ ਹੋਏ ਆਖਿਆ ਕਿ ਉਨ੍ਹਾਂ ਵੱਲੋਂ ਕੁੱਝ ਵੀ ਗਲਤ ਨਹੀਂ ਕੀਤਾ ਜਾ ਰਿਹਾ ਅਤੇ ਸਭ ਕੁੱਝ ਨਿਯਮਾਂ ਮੁਤਾਬਕ ਹੀ ਹੋ ਰਿਹਾ ਹੈ। ਓਧਰ ਦੂਜੇ ਪਾਸੇ ਮਾਪਿਆਂ ਵੱਲੋਂ ਸਕੂਲ ਅੱਗੇ ਲਗਾਏ ਗਏ ਧਰਨੇ ਕਾਰਨ ਖੰਨਾ-ਨਵਾਂਸ਼ਹਿਰ ਹਾਈਵੇਅ ਜਾਮ ਹੋਣ ’ਤੇ ਪੁਲਸ ਦੇ ਉੱਚ ਅਧਿਕਾਰੀ, ਜਿਨ੍ਹਾਂ ਵਿੱਚ ਡੀ. ਐੱਸ. ਪੀ. ਸਮਰਾਲਾ ਹਰਵਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਕੇ ਮਾਪਿਆਂ ਨੂੰ ਧਰਨਾ ਖ਼ਤਮ ਕਰਨ ਲਈ ਸਮਝਾ ਰਹੇ ਹਨ ਪਰ ਮਾਪੇ ਸਕੂਲ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਧਰਨੇ ’ਤੇ ਡਟੇ ਹੋਏ ਹਨ। ਮਾਪਿਆਂ ਨੇ ਸਕੂਲ ਖ਼ਿਲਾਫ਼ ਕਾਰਵਾਈ ਹੋਣ ਤੱਕ ਧਰਨਾ ਜਾਰੀ ਰੱਖੇ ਜਾਣ ਦਾ ਐਲਾਨ ਵੀ ਕੀਤਾ ਹੈ।

PunjabKesari
 


author

Babita

Content Editor

Related News