ਪੰਜ ਸਿੰਘ ਸਾਹਿਬਾਨਾਂ ਦੇ ਫ਼ੈਸਲੇ ਤੋਂ ਬਾਅਦ ਖੁੱਲ੍ਹ ਕੇ ਬੋਲੇ ਢੱਡਰੀਆਂਵਾਲੇ, ਦਿੱਤਾ ਤਿੱਖਾ ਪ੍ਰਤੀਕਰਮ

Wednesday, Aug 26, 2020 - 11:37 PM (IST)

ਜਲੰਧਰ (ਵੈੱਬ ਡੈਸਕ) : ਪੰਜ ਸਿੰਘ ਸਾਹਿਬਾਨਾਂ ਵਲੋਂ ਢੱਡਰੀਆਂਵਾਲਿਆਂ ਦੇ ਪ੍ਰੋਗਰਾਮਾਂ 'ਤੇ ਲਗਾਈ ਗਈ ਰੋਕ ਅਤੇ ਸਿੱਖ ਸੰਗਤ ਨੂੰ ਢੱਡਰੀਆਂਵਾਲਿਆਂ ਦਾ ਬਾਈਕਾਟ ਕਰਨ ਦੇ ਹੁਕਮ 'ਤੇ ਢੱਡਰੀਆਂਵਾਲਿਆਂ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਢੱਡਰੀਆਂਵਾਲਿਆਂ ਨੇ ਆਖਿਆ ਕਿ ਉਨ੍ਹਾਂ ਦਾ ਵਿਰੋਧ ਸ੍ਰੀ ਅਕਾਲ ਤਖਤ ਸਾਹਿਬ ਨਾਲ ਨਹੀਂ ਸਗੋਂ ਜਥੇਦਾਰਾਂ ਨਾਲ ਹੈ। ਉਨ੍ਹਾਂ ਕਿਹਾ ਕਿ ਸਾਰੀ ਸਿੱਖ ਕੌਮ ਜਾਣਦੀ ਹੈ ਕਿ ਜਥੇਦਾਰਾਂ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ ਪਰ ਉਹ ਇਨ੍ਹਾਂ ਭ੍ਰਿਸ਼ਟ ਜਥੇਦਾਰਾਂ ਦਾ ਹੁਕਮ ਨਹੀਂ ਮੰਨਣਗੇ। ਢੱਡਰੀਆਂਵਾਲਿਆਂ ਨੇ ਕਿਹਾ ਕਿ ਜਿਸ ਸਮੇਂ ਜਥੇਦਾਰਾਂ ਨੇ ਸਿਰਸਾ ਵਾਲੇ ਸਾਧ ਨੂੰ ਮੁਆਫ਼ੀ ਦਿੱਤੀ ਸੀ ਉਸ ਸਮੇਂ ਸਾਰੀ ਸਿੱਖ ਕੌਮ ਨੇ ਜਥੇਦਾਰਾਂ ਦੇ ਹੁਕਮ ਨੂੰ ਗ਼ਲਤ ਦੱਸਦਿਆਂ ਇਸ ਦਾ ਵਿਰੋਧ ਕੀਤਾ ਜੇਕਰ ਮੇਰੇ ਵਲੋਂ ਜਥੇਦਾਰਾਂ ਦਾ ਵਿਰੋਧ ਅਕਾਲ ਤਖਤ ਸਾਹਿਬ ਦਾ ਵਿਰੋਧ ਆਖਿਆ ਜਾ ਰਿਹਾ ਹੈ ਤਾਂ ਸਾਰੀ ਸਿੱਖ ਕੌਮ ਨੇ ਅਕਾਲ ਤਖਤ ਦਾ ਵਿਰੋਧ ਕੀਤਾ ਸੀ। 

ਇਹ ਵੀ ਪੜ੍ਹੋ :  ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਦਾਦੂਵਾਲ, ਢੱਡਰੀਆਵਾਲੇ ਅਤੇ ਭਾਈ ਮੰਡ 'ਤੇ ਦਿੱਤਾ ਵੱਡਾ ਬਿਆਨ

ਇਕ ਸਵਾਲ ਦੇ ਜਵਾਬ ਵਿਚ ਭਾਈ ਰਣਜੀਤ ਸਿੰਘ ਨੇ ਆਖਿਆ ਕਿ ਜਥੇਦਾਰਾਂ ਵਲੋਂ ਮੇਰੇ ਦੀਵਾਨਾਂ ਅਤੇ ਪ੍ਰੋਗਰਾਮਾਂ 'ਤੇ ਰੋਕ ਖੁੱਲ੍ਹੇ ਤੌਰ 'ਤੇ ਬਿਆਨ ਜਾਰੀ ਕਰਕੇ ਲਗਾਈ ਗਈ ਹੈ, ਮੇਰੇ ਖ਼ਿਲਾਫ ਅਖਬਾਰਾਂ ਅਤੇ ਨਿਊਜ਼ ਚੈਨਲਾਂ ਵਿਚ ਬਿਆਨ ਦਿੱਤੇ ਗਏ, ਇਸ ਲਈ ਮੈਂ ਜਥੇਦਾਰਾਂ ਅਤੇ ਹੋਰ ਸਿੱਖ ਆਗੂਆਂ ਨੂੰ ਚੈਨਲ 'ਤੇ ਆ ਕੇ ਡਿਬੇਟ ਕਰਨ ਦਾ ਚੈਲੇਂਜ ਕੀਤਾ ਸੀ। ਉਨ੍ਹਾਂ ਕਿਹਾ ਕਿ ਹੁਣ ਮੇਰੇ ਚੈਲੇਂਜ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਪਰ ਜੇਕਰ ਅਖ਼ਬਾਰਾਂ ਅਤੇ ਚੈਨਲਾਂ ਵਿਚ ਬਿਆਨ ਨਾ ਦੇ ਕੇ ਸਗੋਂ ਮੇਰੇ ਕੋਲ ਆ ਕੇ ਨਿੱਜੀ ਤੌਰ 'ਤੇ ਸਪੱਸ਼ਟੀਕਰਨ ਮੰਗਿਆ ਜਾਂਦਾ ਤਾਂ ਮੈਂ ਵੀ ਨਿਊਜ਼ ਚੈਨਲ 'ਤੇ ਆ ਕੇ ਡਿਬੇਟ ਕਰਨ ਦੀ ਗੱਲ ਨਾ ਕਹਿੰਦਾ। ਭਾਈ ਢੱਡਰੀਆਂਵਾਲਿਆਂ ਨੇ ਕਿਹਾ ਕਿ ਚਾਰ ਸਾਲ ਤਕ ਮੈਨੂੰ ਬਦਨਾਮ ਕੀਤਾ ਗਿਆ, ਫਿਰ ਮੇਰੇ ਖ਼ਿਲਾਫ਼ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਗ਼ਲਤ ਪ੍ਰਚਾਰ ਕੀਤਾ ਗਿਆ, ਇਥੋਂ ਤਕ ਕਿ ਛਬੀਲ ਲਗਾ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਜੇਕਰ ਮੈਂ ਗ਼ਲਤ ਹੁੰਦਾ ਤਾਂ ਮੈਨੂੰ ਕਦੋਂ ਦਾ ਪੰਥ 'ਚੋਂ ਛੇਕ ਦਿੱਤਾ ਜਾਣਾ ਸੀ।

ਇਹ ਵੀ ਪੜ੍ਹੋ :  ਹਰ ਪਾਸੇ ਢੀਂਡਸਾ ਦੇ ਵੱਧਦੇ ਜ਼ਿਕਰ ਨੇ, ਬਾਦਲ ਦਲ ਦਾ ਵਧਾਇਆ ਫ਼ਿਕਰ


author

Gurminder Singh

Content Editor

Related News