ਪੰਜਾਬ ਦੇ ਇਸ ਪਿੰਡ ਦੀ ਪੰਚਾਇਤ ਨੇ ਛੱਡੀ ਅੜੀ, ਦਿੱਤੀ ''ਪ੍ਰੇਮ ਵਿਆਹ'' ਨੂੰ ਪ੍ਰਵਾਨਗੀ

05/05/2018 11:47:25 AM

ਦੋਰਾਹਾ (ਸੁਖਬੀਰ) : ਸਥਾਨਕ ਪਿੰਡ ਚਣਕੋਈਆਂ ਖੁਰਦ ਦੀ ਪੰਚਾਇਤ ਨੇ ਆਪਣੀ ਅੜੀ ਛੱਡਦਿਆਂ 'ਪ੍ਰੇਮ ਵਿਆਹ' ਨੂੰ ਪ੍ਰ੍ਰਵਾਨਗੀ ਦੇ ਦਿੱਤੀ ਹੈ। ਪੰਚਾਇਤ ਮੈਂਬਰਾਂ ਨੇ ਸਾਦੇ ਕਾਗਜ਼ 'ਤੇ ਮਤਾ ਪਾ ਕੇ 'ਪ੍ਰੇਮ ਵਿਆਹ' ਦੇ ਮਾਮਲੇ 'ਚ ਕਾਨੂੰਨ ਦੀ ਪਾਲਣਾ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਦੱਸਿਆ ਕਿ ਪ੍ਰੇਮ ਵਿਆਹ ਕਰਾਉਣ ਵਾਲੇ ਪਿੰਡ ਦੇ ਜੋੜੇ ਖਿਲਾਫ 29 ਅਪ੍ਰੈਲ ਨੂੰ ਇਸ ਲਈ ਮਤਾ ਪਾਸ ਕੀਤਾ ਸੀ ਕਿ ਪਿੰਡ ਦਾ ਮਾਹੌਲ ਖਰਾਬ ਨਾ ਹੋਵੇ। ਉਨ੍ਹਾਂ ਇਹ ਮਤਾ ਵਾਪਸ ਲੈਂਦਿਆਂ ਕਿਹਾ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਅਤੇ ਅਮਨ ਪਸੰਦ ਹਨ।
ਮਤੇ 'ਚ ਲਿਖਿਆ ਹੈ ਕਿ ਉਨ੍ਹਾਂ ਪਿੰਡ ਦੀ ਭਲਾਈ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਲਈ ਕਦਮ ਚੁੱਕਿਆ ਹੈ। ਉਨ੍ਹਾਂ ਲਿਖਿਆ ਕਿ ਸਾਨੂੰ ਕਿਸੇ ਦੇ ਪ੍ਰੇਮ ਵਿਆਹ ਤੋਂ ਕੋਈ ਇਤਰਾਜ਼ ਨਹੀਂ ਹੈ। ਇਸ ਮੌਕੇ ਪਾਇਲ ਦੇ ਡੀ. ਐੱਸ. ਪੀ. ਰਛਪਾਲ ਸਿੰਘ ਢੀਂਡਸਾ, ਥਾਣਾ ਦੋਰਾਹਾ ਦੇ ਐੱਸ. ਐੱਚ. ਓ. ਮਨਜੀਤ ਸਿੰਘ, ਬੀ. ਡੀ. ਪੀ. ਓ. ਦੋਰਾਹਾ ਨਵਦੀਪ ਕੌਰ ਅਤੇ ਹੋਰ ਅਧਿਕਾਰੀਆਂ ਨੇ ਪਿੰਡ ਵਾਸੀਆਂ ਅਤੇ ਮੋਹਤਬਰਾਂ ਨੂੰ ਸਮਝਾਇਆ ਕਿ ਉਹ ਅਦਾਲਤੀ ਹੁਕਮਾਂ ਦੇ ਉਲਟ ਕੋਈ ਫੈਸਲਾ ਨਹੀਂ ਲੈ ਸਕਦੇ। ਇਸ 'ਤੇ ਧਿਆਨ ਦਿੰਦਿਆਂ ਪਿੰਡ ਦੇ ਪਤਵੰਤਿਆਂ ਨੇ ਕਾਨੂੰਨ ਦੀ ਪਾਲਣਾ ਦਾ ਮਤਾ ਪਾਸ ਕੀਤਾ। 
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਮੋਹਤਬਰਾਂ ਨੇ ਮਤੇ ਰਾਹੀਂ ਪਿੰਡ 'ਚ ਪ੍ਰੇਮ ਵਿਆਹ ਕਰਨ ਵਾਲੇ ਜੋੜੇ ਦੇ ਸਮਾਜਿਕ ਬਾਈਕਾਟ ਦਾ ਫੈਸਲਾ ਕੀਤਾ ਸੀ। ਮਤੇ 'ਚ ਕਿਹਾ ਗਿਆ ਸੀ ਕਿ ਪਿੰਡ ਦਾ ਕੋਈ ਵੀ ਵਿਅਕਤੀ ਇਨ੍ਹਾਂ ਨਾਲ ਵਾਸਤਾ ਨਹੀਂ ਰੱਖੇਗਾ ਅਤੇ ਦੁਕਾਨਦਾਰ ਉਨ੍ਹਾਂ ਨੂੰ ਸਮਾਨ ਵੀ ਨਹੀਂ ਦੇਣਗੇ। ਇਹ ਮਾਮਲਾ ਉਸ ਸਮੇਂ ਗਰਮਾ ਗਿਆ ਸੀ, ਜਦੋਂ ਦੋ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਿਤ ਪਿੰਡ ਦੇ ਗੁਆਂਢੀ ਮੁੰਡੇ-ਕੁੜੀ ਨੇ ਪ੍ਰੇਮ ਵਿਆਹ ਕਰਵਾ ਲਿਆ। ਪਹਿਲਾਂ ਕੁੜੀ ਦੇ ਭਰਾ ਨੇ ਵੀ ਨੇੜਲੇ ਪਿੰਡ ਦੀ ਕੁੜੀ ਨਾਲ ਪ੍ਰੇਮ ਵਿਆਹ ਕਰਾਇਆ ਸੀ।


Related News