ਪੰਚਾਇਤਾਂ ਨੇ ਪਾਣੀ ਵਾਲੀਆਂ ਟੈਂਕੀਆਂ ਦੇ ਬਿੱਲ ਭਰਨ ਤੋਂ ਹੱਥ ਖਿੱਚੇ
Wednesday, Feb 07, 2018 - 07:48 AM (IST)

ਭਾਦਸੋਂ, (ਅਵਤਾਰ)- ਸੂਬੇ ਅੰਦਰ ਲਗਭਗ ਜੂਨ ਮਹੀਨੇ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਕਾਰਨ ਜਿੱਥੇ ਪਿੰਡਾਂ ਵਿਚ ਸਰਗਰਮੀਆਂ ਮੁੜ ਸ਼ੁਰੂ ਹੋਣ ਲੱਗ ਪਈਆਂ ਹਨ, ਉਥੇ ਪਿੰਡਾਂ ਦੀਆਂ ਮੌਜੂਦਾ ਪੰਚਾਇਤਾਂ ਵੱਲੋਂ ਪਾਣੀ ਦੀਆਂ ਟੈਂਕੀਆਂ ਦੇ ਬਿੱਲ ਵੀ ਭਰਨ ਤੋਂ ਹੱਥ ਖੜ੍ਹੇ ਕੀਤੇ ਜਾ ਰਹੇ ਹਨ। ਮੌਜੂਦਾ ਪੰਚਾਇਤ ਮੈਂਬਰਾਂ ਤੇ ਸਰਪੰਚਾਂ ਦੇ ਮਨ ਦੀ ਇਹ ਧਾਰਨਾ ਹੈ ਕਿ ਪਾਣੀ ਵਾਲੀਆਂ ਟੈਂਕੀਆਂ ਦੇ ਲੰਬੇ ਸਮਿਆਂ ਤੋਂ ਪੈਂਡਿੰਗ ਪਏ ਬਿਜਲੀ ਦੇ ਲੱਖਾਂ ਰੁਪਏ ਦੇ ਬਿੱਲ ਨਵੀਆਂ ਬਣਨ ਵਾਲੀਆਂ ਪੰਚਾਇਤਾਂ ਦੇ ਸਿਰ ਥੋਪਿਆ ਜਾਵੇ।
ਇਹੋ ਜਿਹੀ ਹੀ ਇਕ ਉਦਾਹਰਨ ਵੇਖਣ ਨੂੰ ਮਿਲ ਰਹੀ ਹੈ ਵਿਧਾਨ ਸਭਾ ਹਲਕਾ ਨਾਭਾ ਰਿਜ਼ਰਵ ਦੀ, ਜਿੱਥੋਂ ਸਬ-ਡਵੀਜ਼ਨ ਭਾਦਸੋਂ ਦੇ ਬਿਜਲੀ ਵਿਭਾਗ ਦੇ ਵੱਖ-ਵੱਖ ਪਿੰਡਾਂ ਵੱਲ ਕਰੀਬ 1 ਕਰੋੜ ਰਕਮ ਦੇ ਪਾਣੀ ਵਾਲੀਆਂ ਟੈਂਕੀਆਂ ਦੇ ਬਿਜਲੀ ਦੇ ਬਿੱਲ ਪੈਂਡਿੰਗ ਪਏ ਹਨ। ਬਹੁਤ ਸਾਰੀਆਂ ਪੰਚਾਇਤਾਂ ਨੇ ਮਤੇ ਪਾ ਕੇ ਜਲ ਸਪਲਾਈ ਵਿਭਾਗ ਨੂੰ ਲਿਖਤੀ ਰੂਪ ਵਿਚ ਪਾਣੀ ਵਾਲੀਆਂ ਟੈਂਕੀਆਂ ਦੀ ਸਪਲਾਈ ਤੇ ਬਿੱਲ ਭਰਨ ਦੀ ਜ਼ਿੰਮੇਵਾਰੀ ਸਾਂਭੀ ਗਈ ਹੈ ਪਰ ਇਸ ਦੇ ਬਾਵਜੂਦ ਪਾਵਰਕਾਮ ਦੀ ਹਰ ਡਵੀਜ਼ਨ, ਸਬ-ਡਵੀਜ਼ਨ ਦਾ ਉਸ ਦੇ ਅਧੀਨ ਆਉਂਦੇ ਪਿੰਡਾਂ ਵੱਲ ਲੱਖਾਂ ਰੁਪਏ ਦੇ ਬਿਜਲੀ ਬਿੱਲ ਪੈਂਡਿੰਗ ਪਏ ਹਨ। ਪਾਵਰਕਾਮ ਦੀ ਸਬ-ਡਵੀਜ਼ਨ ਭਾਦਸੋਂ ਤੋਂ ਮਿਲੀ ਆਰ. ਟੀ. ਆਈ. ਸੂਚਨਾ ਤਹਿਤ ਪਿੰਡ ਚਾਸਵਾਲ ਦਾ 10 ਲੱਖ 39 ਹਜ਼ਾਰ 411 ਰੁਪਏ, ਅਗੌਲ 6 ਲੱਖ, ਫਰੀਦਪੁਰ ਕਰੀਬ 4 ਲੱਖ ਰੁਪਏ, ਜਿੰਦਲਪੁਰ 8 ਲੱਖ, ਜੱਸੋਮਾਜਰਾ 8 ਲੱਖ ਰੁਪਏ, ਦਰਗਾਪੁਰ 4 ਲੱਖ, ਖੇੜੀ ਜੱਟਾਂ 4 ਲੱਖ, ਚਹਿਲ 4 ਲੱਖ, ਕਾਲਸਨਾਂ 3 ਲੱਖ, ਰੰਨੋ 1 ਲੱਖ, ਸਹੌਲੀ 2 ਲੱਖ 40 ਹਜ਼ਾਰ, ਭੜੀ ਪਨੈਚਾਂ 1 ਲੱਖ 65 ਹਜ਼ਾਰ ਸਮੇਤ 34 ਪਿੰਡਾਂ ਦਾ ਕੁੱਲ 93 ਲੱਖ ਰੁਪਏ ਦੇ ਕਰੀਬ ਰਕਮ ਪਾਵਰਕਾਮ ਦਾ ਪਿੰਡਾਂ ਦੀਆਂ ਪਾਣੀਆਂ ਵਾਲੀਆਂ ਟਂੈਕੀਆਂ ਦਾ ਬਕਾਇਆ ਰਕਮ ਖੜ੍ਹੀ ਹੈ, ਜਿਸ ਨੂੰ ਭਰਨ ਲਈ ਪੰਚਾਇਤਾਂ, ਐੱਸ. ਡੀ. ਓ. ਵਾਟਰ ਸਪਲਾਈ ਵਿਭਾਗ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਪੰਚਾਇਤਾਂ ਵੱਲੋਂ ਪਾਣੀ ਵਾਲੀਆਂ ਟੈਂਕੀਆਂ ਚਲਾਉਣ ਲਈ ਰੱਖੇ ਗਏ ਕਰਮਚਾਰੀਆਂ ਵੱਲੋਂ ਲੋਕਾਂ ਤੋਂ ਹਰ ਮਹੀਨੇ ਪਾਣੀ ਦੀ ਸਪਲਾਈ ਦੇ ਪੈਸੇ ਤਾਂ ਲੈ ਲਏ ਜਾਂਦੇ ਹਨ ਪਰ ਪੰਚਾਇਤਾਂ ਵੱਲੋਂ ਬਿਜਲੀ ਦੇ ਪੈਂਡਿੰਗ ਪਏ ਬਿਜਲੀ ਬਿੱਲ ਨਹੀਂ ਭਰੇ ਜਾ ਰਹੇ ਹਨ, ਜਿਸ ਕਾਰਨ ਪਾਵਰਕਾਮ ਵੱਲੋਂ ਕਿਸੇ ਵੀ ਸਮੇਂ ਪਾਣੀ ਵਾਲੀਆਂ ਟੈਂਕੀਆਂ ਦੇ ਬਕਾਏ ਬਿੱਲਾਂ ਨੂੰ ਲੈ ਕੇ ਕੁਨੈਕਸ਼ਨ ਕੱਟੇ ਜਾ ਸਕਦੇ ਹਨ। ਜੇਕਰ ਪਾਣੀ ਵਾਲੀਆਂ ਟੈਂਕੀਆਂ ਦੇ ਕੁਨੈਕਸ਼ਨ ਕੱਟੇ ਗਏ ਤਾਂ ਪਿੰਡਾਂ ਵਿਚ ਪਾਣੀ ਸਪਲਾਈ ਨੂੰ ਲੈ ਕੇ ਹਾਹਾਕਾਰ ਮੱਚ ਜਾਵੇਗੀ, ਜਿਸ ਦਾ ਨੁਕਸਾਨ ਪਿੰਡ ਦੀ ਆਮ ਜਨਤਾ ਦਾ ਹੋਵੇਗਾ।