ਕਿਸਾਨ ਜਥੇਬੰਦੀਆਂ ਨੇ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਆਏ ਅਧਿਕਾਰੀ ਮੋੜੇ ਬੇਰੰਗ
Thursday, May 19, 2022 - 11:43 PM (IST)
ਸ਼ਾਹਕੋਟ (ਅਰਸ਼ਦੀਪ, ਤ੍ਰੇਹਨ) : ਤਹਿਸੀਲ ਸ਼ਾਹਕੋਟ ਹਲਕੇ ਦੇ ਪਿੰਡ ਥੰਮੂਵਾਲ ਦੀ 97 ਏਕੜ ਤੇ ਪਿੰਡ ਚੱਕ ਬਾਹਮਣੀਆਂ ਦੀ 167 ਏਕੜ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਸਾਨ ਜਥੇਬੰਦੀਆਂ ਨੇ ਬੇਰੰਗ ਮੋੜ ਦਿੱਤਾ। ਅੱਜ ਕਰੀਬ 10.30 ਵਜੇ ਪਿੰਡ ਥੰਮੂਵਾਲ 'ਚ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਲਈ ਡੀ.ਡੀ.ਪੀ.ਓ. ਜਲੰਧਰ ਇਕਬਾਲਜੀਤ ਸਿੰਘ, ਐੱਸ.ਪੀ. (ਡੀ) ਜਲੰਧਰ ਕੰਵਲਪ੍ਰੀਤ ਸਿੰਘ ਚਾਹਲ, ਸਥਾਨਕ ਐੱਸ.ਡੀ.ਐੱਮ. ਲਾਲ ਵਿਸ਼ਵਾਸ ਬੈਂਸ, ਡੀ.ਐੱਸ.ਪੀ. ਸ਼ਾਹਕੋਟ ਜਸਬਿੰਦਰ ਸਿੰਘ ਖਹਿਰਾ, ਬੀ.ਡੀ.ਪੀ.ਓ. ਮਲਕੀਤ ਸਿੰਘ ਸੰਧੂ, ਤਹਿਸੀਲਦਾਰ ਲਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਸਵਪਨਦੀਪ ਕੌਰ ਤੇ ਥਾਣਾ ਮੁਖੀ ਹਰਦੀਪ ਸਿੰਘ ਪਹੁੰਚੇ, ਜਿਨ੍ਹਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ।
ਇਹ ਵੀ ਪੜ੍ਹੋ : ਹਰਜੋਤ ਬੈਂਸ ਵੱਲੋਂ ਜੇਲ੍ਹਾਂ 'ਚ ਮੋਬਾਇਲਾਂ ਦੀ ਵਰਤੋਂ 'ਤੇ ਮੁਕੰਮਲ ਰੋਕ ਲਗਾਉਣ ਲਈ ਤਕਨੀਕੀ ਹੱਲ ਤਲਾਸ਼ਣ ਦੇ ਨਿਰਦੇਸ਼
ਇਸ ਮੌਕੇ ਥਾਣਾ ਸ਼ਾਹਕੋਟ, ਲੋਹੀਆਂ ਤੇ ਮਹਿਤਪੁਰ ਦੇ ਪੁਲਸ ਮੁਲਾਜ਼ਮ ਵੱਡੀ ਗਿਣਤੀ 'ਚ ਤਾਇਨਾਤ ਸਨ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਸਕੱਤਰ ਅਮਨਦੀਪ ਸਿੰਘ ਅਮਨਾ, ਭਾਕਿਯੂ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਚਾਹਲ, ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਤੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਵਿਸ਼ਾਲ ਧਰਨਾ ਲਾਇਆ ਗਿਆ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਕਿਸਾਨਾਂ ਦੇ ਹੱਕ 'ਚ ਧਰਨੇ 'ਤੇ ਬੈਠੇ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਦੇ 15 ਲੱਖ ਤੋਂ ਵੱਧ ਵਿਦਿਆਰਥੀਆਂ ਦੀਆਂ ਮੁਫ਼ਤ ਵਰਦੀਆਂ ਲਈ 92.95 ਕਰੋੜ ਜਾਰੀ : ਮੀਤ ਹੇਅਰ
ਕਿਸਾਨ ਆਗੂਆਂ ਅਮਨਦੀਪ ਸਿੰਘ ਅਮਨਾ, ਗੁਰਚਰਨ ਸਿੰਘ ਚਾਹਲ ਤੇ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਪੰਜਾਬ ਸਰਕਾਰ ਆਬਾਦਕਾਰਾਂ ਤੋਂ ਹੱਕ ਖੋਹ ਕੇ ਤੇ ਉਨ੍ਹਾਂ ਨੂੰ ਉਜਾੜ ਕੇ ਪੂੰਜੀਪਤੀਆਂ ਨੂੰ ਜ਼ਮੀਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਪਿੰਡ ਥੰਮੂਵਾਲ ਤੇ ਚੱਕ ਬਾਹਮਣੀਆਂ 'ਚ ਆਬਾਦਕਾਰਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਸਨ, ਜਿਨ੍ਹਾਂ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਇਹ ਆਬਾਦਕਾਰ ਇਕ ਜਾਂ ਦੋ ਏਕੜ ਜ਼ਮੀਨ ਦੇ ਮਾਲਕ ਹਨ, ਇਨ੍ਹਾਂ ਦੀ ਕੋਈ ਬਹੁਤੀ ਵੱਡੀ ਮਾਲਕੀ ਨਹੀਂ ਹੈ, ਇਸ ਲਈ ਇਕ ਇੰਚ ਵੀ ਇਨ੍ਹਾਂ ਕੋਲੋਂ ਜ਼ਮੀਨ ਖੋਹਣ ਨਹੀਂ ਦਿੱਤੀ ਜਾਵੇਗੀ। ਪ੍ਰਸ਼ਾਸਨ ਇਨ੍ਹਾਂ ਆਬਾਦਕਾਰਾਂ ਨੂੰ ਵਸਾਉਣ ਬਾਰੇ ਸੋਚੇ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਸ ਸੀ ਕਿ 'ਆਪ' ਸਰਕਾਰ ਰੇਤ ਮਾਫ਼ੀਆ ਖ਼ਤਮ ਕਰੇਗੀ, ਨਸ਼ਿਆਂ ਦੇ ਸੌਦਾਗਰਾਂ ਨੂੰ ਜੇਲ੍ਹਾਂ 'ਚ ਸੁੱਟੇਗੀ ਤੇ ਕੋਈ ਨਵਾਂ ਬਦਲਾਅ ਕਰੇਗੀ ਪਰ ਇਸ ਸਰਕਾਰ ਵੱਲੋਂ ਇਹ ਸਭ ਕਰਨ ਦੀ ਬਜਾਏ ਬੇਸਹਾਰਿਆਂ ਨੂੰ ਉਜਾੜਿਆ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਧੱਕੇਸ਼ਾਹੀ ਨਾਲ ਜ਼ਮੀਨਾਂ 'ਤੇ ਕਬਜ਼ੇ ਕਰੇਗੀ ਤਾਂ ਉਸ ਧੱਕੇਸ਼ਾਹੀ ਦਾ ਜਵਾਬ ਸ਼ਾਂਤਮਈ ਅੰਦੋਲਨ ਕਰਕੇ ਦਿੱਤਾ ਜਾਵੇਗਾ ਪਰ ਸਰਕਾਰ ਨੂੰ ਜ਼ਮੀਨ ਨਹੀਂ ਦਿੱਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ 'ਚ ਆਮ ਆਦਮੀ ਵਾਲੀ ਕੋਈ ਗੱਲ ਨਹੀਂ ਹੈ ਤੇ ਇਹ ਸਰਕਾਰ ਵੀ ਮੋਦੀ ਸਰਕਾਰ ਵਾਂਗ ਕਾਰਪੋਰੇਟ ਘਰਾਣਿਆਂ ਨਾਲ ਰਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਅੱਗੇ ਤੋਂ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਮਾਮਲਾ ਕਿਸਾਨ ਜਥੇਬੰਦੀਆਂ ਦੇ ਧਿਆਨ 'ਚ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ : ਪਾਣੀ ਦੀ ਆੜ 'ਚ ਚੱਲ ਰਿਹਾ ਸੀ ਸ਼ਰਾਬ ਦਾ ਕਾਰੋਬਾਰ, ਪੁਲਸ ਨੇ ਮਾਰਿਆ ਛਾਪਾ, 13 ਪੇਟੀਆਂ ਸ਼ਰਾਬ ਬਰਾਮਦ
ਇਸ ਮੌਕੇ ਵਿਧਾਇਕ ਸ਼ੇਰੋਵਾਲੀਆ ਨੇ ਕਿਹਾ ਕਿ ਮੈਂ ਆਪਣੇ ਕਿਸਾਨ ਭਰਾਵਾਂ ਦੀ ਮਦਦ ਲਈ ਆਇਆ ਹਾਂ ਤੇ ਕਿਸੇ ਵੀ ਕੀਮਤ 'ਚ ਆਮ ਲੋਕਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਐੱਸ.ਡੀ.ਐੱਮ. ਲਾਲ ਵਿਸ਼ਵਾਸ ਬੈਂਸ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਤੇ ਪ੍ਰਸ਼ਾਸਨ ਵਿਚਾਲੇ ਹੋਈ ਗੱਲਬਾਤ ਦੌਰਾਨ ਕਿਸਾਨ ਆਗੂਆਂ ਨੇ ਜੋ ਵੀ ਗੱਲਾਂ ਸਾਹਮਣੇ ਰੱਖੀਆਂ ਹਨ, ਨੂੰ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਜਾਵੇਗਾ। ਇਸ ਮੌਕੇ ਅਸ਼ਵਿੰਦਰਪਾਲ ਸਿੰਘ, ਗੁਰਮੁਖ ਸਿੰਘ, ਭਾਕਿਯੂ (ਕਾਦੀਆਂ) ਦੇ ਹਲਕਾ ਪ੍ਰਧਾਨ ਕੁਲਜੀਤ ਸਿੰਘ ਹੁੰਦਲ, ਕਾਮਰੇਡ ਚਰਨਜੀਤ ਸਿੰਘ ਥੰਮੂਵਾਲ ਸਰਪੰਚ, ਮੇਜਰ ਸਿੰਘ ਬਾਜਵਾ, ਹਰਪ੍ਰੀਤ ਸਿੰਘ ਕੋਟਲੀ, ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਨੌਜਵਾਨ ਨੇ ਕੀਤੀ ਖੁਦਕੁਸ਼ੀ, ਨਾਨਕਾ ਪਰਿਵਾਰ ਨੇ ਕਤਲ ਦਾ ਲਾਇਆ ਦੋਸ਼, ਅੰਤਿਮ ਸੰਸਕਾਰ ਵੇਲੇ ਹੋਇਆ ਹੰਗਾਮਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ