ਕਰਤਾਰਪੁਰ ਲਾਂਘਾ: ਪਾਕਿਸਤਾਨ ਨੇ ਤਿਆਰ ਕੀਤਾ ਖਰੜਾ, ਭਾਰਤ ਨੂੰ ਭੇਜਿਆ ਸੱਦਾ

01/22/2019 10:39:56 AM

ਇਸਲਾਮਾਬਾਦ, (ਏਜੰਸੀ)— ਪਾਕਿਸਤਾਨ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਕਰਤਾਰਪੁਰ ਕੋਰੀਡੋਰ ਸਮਝੌਤੇ ਦਾ ਖਰੜਾ ਭਾਰਤ ਨਾਲ ਸਾਂਝਾ ਕੀਤਾ ਹੈ। ਉਸ ਨੇ ਭਾਰਤ ਨੂੰ ਸੱਦਾ ਭੇਜਿਆ ਹੈ ਕਿ ਉਹ ਜਲਦੀ ਹੀ ਆਪਣੀ ਟੀਮ ਨੂੰ ਇਸਲਾਮਾਬਾਦ ਭੇਜ ਕੇ ਡੀਲ ਨੂੰ ਫਾਈਨਲ ਕਰੇ। ਪੇਸ਼ ਕੀਤੇ ਗਏ ਖਰੜੇ ਤਹਿਤ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਨੈਰੋਵਾਲ ਸਥਿਤ ਦਰਬਾਰ ਸਾਹਿਬ ਕਰਤਾਰਪੁਰ ਜਾਣ ਦੀ ਸੁਵਿਧਾ ਦਿੱਤੀ ਜਾਵੇਗੀ। ਇਹ ਗੁਰਦੁਆਰਾ ਭਾਰਤੀ ਸਰਹੱਦ 'ਚ ਗੁਰਦਾਸਪੁਰ ਤੋਂ ਤਕਰੀਬਨ 4.5 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫੈਸਲ ਨੇ ਇਕ ਬਿਆਨ 'ਚ ਕਿਹਾ ਕਿ ਇਸਲਾਮਾਬਾਦ ਸਥਿਤ ਭਾਰਤੀ ਦੂਤਘਰ ਦੇ ਮਾਧਿਅਮ ਨਾਲ ਪ੍ਰਸਤਾਵ ਦਾ ਖਰੜਾ ਭਾਰਤ ਨੂੰ ਸੌਂਪਿਆ ਗਿਆ ਹੈ। ਸ਼ਾਹ ਫੈਸਲ ਨੇ ਕਿਹਾ ਕਿ ਇਹ ਕਦਮ ਵੱਖ-ਵੱਖ ਧਰਮਾਂ 'ਚ ਆਪਸੀ ਤਾਲ-ਮੇਲ ਬਣਾਉਣ ਅਤੇ ਧਾਰਮਿਕ ਸਹਿਣਸ਼ੀਲਤਾ ਨੂੰ ਵਧਾਉਣ ਦੀ ਪਾਕਿਸਤਾਨ ਦੀ ਪਾਲਿਸੀ ਤਹਿਤ ਚੁੱਕਿਆ ਜਾ ਰਿਹਾ ਹੈ।

ਪਾਕਿਸਤਾਨ ਨੇ ਡਾਇਰੈਕਟਰ ਜਨਰਲ ਮੁਹੰਮਦ ਫੈਸਲ (ਸਾਊਥ ਏਸ਼ੀਆ ਅਤੇ ਸਾਰਕ) ਨੂੰ ਇਸ ਡੀਲ ਲਈ ਮੁੱਖ ਅਧਿਕਾਰੀ ਦੇ ਤੌਰ 'ਤੇ ਨਿਯੁਕਤ ਕੀਤਾ ਹੈ ਅਤੇ ਭਾਰਤ ਨੂੰ ਵੀ ਕਿਹਾ ਹੈ ਕਿ ਜਲਦੀ ਤੋਂ ਜਲਦੀ ਇਸ ਦੇ ਲਈ ਅਧਿਕਾਰੀ ਨਾਮਜ਼ਦ ਕਰਨ। ਫੈਸਲ ਨੇ ਟਵੀਟ ਕੀਤਾ,''ਪੀ. ਐੱਮ. ਇਮਰਾਨ ਖਾਨ ਦੀ ਪਹਿਲ ਨੂੰ ਅੱਗੇ ਵਧਾਉਂਦੇ ਹੋਏ ਅੱਜ ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ 'ਤੇ ਡਰਾਫਟ ਐਗਰੀਮੈਂਟ ਭਾਰਤ ਨਾਲ ਸਾਂਝਾ ਕੀਤਾ। ਅਸੀਂ ਭਾਰਤ ਦੀ ਵਫਦ ਨੂੰ ਇਸਲਾਮਾਬਾਦ ਆਉਣ ਦਾ ਸੱਦਾ ਦਿੰਦੇ ਹਾਂ ਤਾਂ ਕਿ ਇਸ ਐਗਰੀਮੈਂਟ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ। ਕਰਤਾਰਪੁਰ ਕੋਰੀਡੋਰ 'ਤੇ ਪਾਕਿਸਤਾਨ ਵਲੋਂ ਕੰਮ ਸ਼ੁਰੂ ਹੋ ਚੁੱਕਾ ਹੈ।''

ਜ਼ਿਕਰਯੋਗ ਹੈ ਕਿ ਪਿਛਲੇ ਸਾਲ 26 ਨਵੰਬਰ ਨੂੰ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਜ਼ਿਲੇ 'ਚ ਕਰਤਾਰਪੁਰ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਸੀ। ਕੈਂਦਰੀ ਕੈਬਨਿਟ ਨੇ 22 ਨਵੰਬਰ ਨੂੰ ਫੈਸਲਾ ਕੀਤਾ ਸੀ ਕਿ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਦੀ ਸਰਹੱਦ ਤਕ ਕੋਰੀਡੋਰ ਬਣਾਇਆ ਜਾਵੇਗਾ।


Related News