ਫਿਰੋਜ਼ਪੁਰ : ਕਿਸਾਨ ਇਸ ਤਰ੍ਹਾਂ ਕਰਦੇ ਸੀ ਹੈਰੋਇਨ ਦੀ ਸਮਗਲਿੰਗ, ਸਾਹਮਣੇ ਆਇਆ ਸੱਚ (ਵੀਡੀਓ)

03/21/2018 6:16:40 PM

ਫਿਰੋਜ਼ਪੁਰ (ਮਲਹੋਤਰਾ) : ਸੀਮਾ ਸੁਰੱਖਿਆ ਬਲ ਤੇ ਸੀ. ਆਈ. ਏ. ਸਟਾਫ ਦੀ ਸਾਂਝੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲੇ ਤਿੰਨ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ 630 ਗ੍ਰਾਂਮ ਹੈਰੋਇਨ ਬਰਾਮਦ ਕੀਤੀ ਹੈ। ਸੀ. ਆਈ. ਏ. ਦੇ ਏ. ਆਈ. ਜੀ. ਨਰਿੰਦਰਪਾਲ ਸਿੰਘ ਨੇ ਬੁੱਧਵਾਰ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੰਤਰਰਾਸ਼ਟਰੀ ਸਰਹੱਦ 'ਤੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਜਾਣ ਵਾਲੇ ਕੁਝ ਕਿਸਾਨ ਸਰਹੱਦ ਪਾਰੋਂ ਨਸ਼ੀਲੇ ਪਦਾਰਥ ਮੰਗਵਾ ਕੇ ਉਨ੍ਹਾਂ ਨੂੰ ਅੱਗੇ ਸਪਲਾਈ ਕਰਦੇ ਹਨ।
ਇਸ ਸੂਚਨਾ ਦੇ ਆਧਾਰ 'ਤੇ ਮੰਗਲਵਾਰ ਮਹਿੰਦਰ ਟਰੈਕਟਰ 'ਤੇ ਸ਼ੱਕੀ ਹਾਲਤ ਵਿਚ ਕੰਡਿਆਲੀ ਤਾਰ ਵੱਲ ਜਾ ਰਹੇ ਤਿੰਨ ਕਿਸਾਨਾਂ ਰਾਜ ਸਿੰਘ ਉਰਫ ਰਾਜੂ ਪਿੰਡ ਫੱਤੇਵਾਲਾ ਹਿਠਾੜ, ਮਨਜੀਤ ਸਿੰਘ ਉਰਫ ਬੱਗੀ ਤੇ ਸ਼ਿੰਗਾਰ ਸਿੰਘ ਦੋਵੇਂ ਵਾਸੀ ਪਿੰਡ ਹਬੀਬਵਾਲਾ ਨੂੰ ਰੋਕ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਪਾਕਿਸਤਾਨ ਵੱਲੋਂ ਆਈ ਹੈਰੋਇਨ ਲੈਣ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀ. ਐਸ. ਐਫ. ਦੇ ਸਹਿਯੋਗ ਨਾਲ ਤਿੰਨ੍ਹਾਂ ਦੀ ਨਿਸ਼ਾਨਦੇਹੀ ਤੇ ਕੰਡਿਆਲੀ ਤਾਰ ਤੇ ਦਰਿਆ ਦੀ ਫਾਟ ਪਾਰ ਮੋਟਰ ਦੇ ਨੇੜੇ ਬਣੀ ਝੋਂਪੜੀ ਦੇ ਕੋਲ ਜ਼ਮੀਨ ਵਿਚ ਲੁਕੋ ਕੇ ਰੱਖੇ 14 ਪੈਕੇਟ ਹੈਰੋਇਨ ਬਰਾਮਦ ਕੀਤੇ ਗਏ ਜਿਨ੍ਹਾਂ ਦਾ ਕੁੱਲ ਵਜ਼ਨ 630 ਗ੍ਰਾਮ ਹੈ। ਏ. ਆਈ. ਜੀ. ਨੇ ਦੱਸਿਆ ਕਿ ਦੋਸ਼ੀਆਂ ਨੇ ਪੁੱਛਗਿੱਛ ਵਿਚ ਮੰਨਿਆ ਹੈ ਕਿ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਮੰਗਵਾਉਣ ਵਿਚ ਜਸਵੰਤ ਸਿੰਘ ਉਰਫ ਜੱਸਾ ਪਿੰਡ ਫੱਤੇਵਾਲਾ ਤੇ ਸੋਨਾ ਸਿੰਘ ਪਿੰਡ ਹਬੀਬਵਾਲਾ ਵੀ ਉਨ੍ਹਾਂ ਦਾ ਸਾਥ ਦਿੰਦੇ ਹਨ। ਪੰਜਾਂ ਖਿਲਾਫ ਥਾਣਾ ਐੱਸ. ਐੱਸ. ਓ. ਸੀ ਫਾਜ਼ਿਲਕਾ ਵਿਖੇ ਪਰਚਾ ਦਰਜ ਕਰਨ ਤੋਂ ਬਾਅਦ ਬਾਕੀ ਦੋਹਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।


Related News