ਅੰਤਰਾਸ਼ਟਰੀ ਦਬਾਅ ਕਾਰਨ ਭਾੜੇ ਦੇ ਵਿਦੇਸ਼ੀ ਅੱਤਵਾਦੀਆਂ ਤੋਂ ਕੰਮ ਲਵੇਗੀ ਆਈ. ਐੱਸ. ਆਈ

10/16/2017 11:57:54 AM

ਗੁਰਦਾਸਪੁਰ (ਵਿਨੋਦ) - ਪਾਕਿਸਤਾਨ 'ਚ ਬੈਠੇ ਖਲਿਸਤਾਨੀ ਸਮਰਥਕ ਆਪਣੇ ਨਾਂ ਬਦਲ ਕੇ ਨਸ਼ੇ ਦੀ ਸਮੱਗਲਿੰਗ ਕਰਨ ਲਈ ਤਾਂ ਤਿਆਰ ਹੋ ਗਏ ਹਨ ਪਰ ਇਨ੍ਹਾਂ ਖਾਲਿਸਤਾਨੀ ਸਮਰਥਕਾਂ ਨੇ ਪਾਕਿਸਤਾਨ ਦੇ ਦਬਾਅ ਦੇ ਬਾਵਜੂਦ ਭਾਰਤੀ ਸਰਹੱਦ 'ਚ ਪ੍ਰਵੇਸ਼ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਹ ਆਪਣੀ ਜਾਨ ਗਵਾਉਣ ਲਈ ਤਿਆਰ ਨਹੀਂ ਹਨ।
ਇਕੱਠੀ ਕੀਤੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈ. ਐੱਸ. ਆਈ. ਨੇ ਅੱਤਵਾਦ ਕਾਰਨ ਪਾਕਿਸਤਾਨ ਦੀ ਅੰਤਰਰਾਸ਼ਟਰੀ ਪੱਧਰ 'ਤੇ ਹੋ ਰਹੀ ਬਦਨਾਮੀ ਦੇ ਕਾਰਨ ਕਸ਼ਮੀਰ ਸਮੇਤ ਭਾਰਤ ਦੇ ਹੋਰ ਸੂਬਿਆਂ 'ਚ ਅੱਤਵਾਦੀ ਘਟਨਾਵਾਂ 'ਚ ਫਿਰ ਤੇਜ਼ੀ ਲਿਆਉਣ ਲਈ ਅਤੇ ਆਪਣੀ ਬਣਾਈ ਨਵੀਂ ਯੋਜਨਾ ਨੂੰ ਸਫਲ ਬਣਾਉਣ ਲਈ ਅੱਤਵਾਦੀ ਸੰਗਠਨਾਂ ਦੀ ਕਮਾਨ ਹੁਣ ਵਿਦੇਸ਼ੀ ਭਾੜੇ ਦੇ ਅੱਤਵਾਦੀਆਂ ਨੂੰ ਸੌਂਪੀ ਹੈ।
ਖਾਲਿਸਤਾਨੀ ਸਮਰਥਕਾਂ ਨੂੰ ਵੀ ਇਨ੍ਹਾਂ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ ਗਿਆ ਹੈ ਅਤੇ ਖਾਲਿਸਤਾਨੀ ਸਮਰਥਕਾਂ ਨੇ ਅੱਤਵਾਦੀ ਘਟਨਾਵਾਂ ਕਰਨ ਦੀ ਬਜਾਏ ਕੇਵਲ ਨਸ਼ੀਲੇ ਪਦਾਰਥ ਭਾਰਤ 'ਚ ਭੇਜਣ ਦਾ ਕੰਮ ਸੁਰੂ ਕੀਤਾ ਹੈ ਪਰ ਪਤਾ ਲੱਗਾ ਕਿ ਪਾਕਿਸਤਾਨ ਵਿਚ ਸ਼ਰਨ ਲਈ ਬੈਠੇ ਖਾਲਿਸਤਾਨੀ  ਸਮਰਥਕਾਂ ਤੇ ਕਸ਼ਮੀਰ ਦੇ ਕੁਝ ਅੱਤਵਾਦੀ ਸੰਗਠਨਾਂ ਦੇ ਨੇਤਾਵਾਂ ਨੇ ਵਿਦੇਸ਼ੀ ਭਾੜੇ ਦੇ ਅੱਤਵਾਦੀ ਨੇਤਾਵਾਂ ਨਾਲ ਮਿਲ ਕੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਆਈ. ਐੱਸ. ਆਈ. ਨੇ ਪਾਕਿਸਤਾਨ ਵਿਚ ਬੈਠੇ ਖਾਲਿਸਤਾਨੀ ਸਮਰਥਕਾਂ ਨੂੰ ਸਪੱਸ਼ਟ ਕਹਿ ਦਿੱਤਾ ਕਿ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਪਾਕਿਸਤਾਨ ਛੱਡ ਕੇ ਚਲੇ ਜਾਣ। 
ਡਿਫੈਂਸ ਕਾਲੋਨੀ ਲਾਹੌਰ 'ਚ ਸ਼ਰਨ ਲਈ ਬੈਠੇ ਹਨ 10 ਖਾਲਿਸਤਾਨੀ ਸਮਰਥਕ
ਸੂਤਰਾਂ ਦੇ ਅਨੁਸਾਰ ਡਿਫੈਂਸ ਕਾਲੋਨੀ ਲਾਹੌਰ ਵਿਚ ਇਸ ਸਮੇਂ ਲਗਭਗ 10 ਖਾਲਿਸਤਾਨੀ ਸਮਰਥਕ ਸ਼ਰਨ ਲਈ ਬੈਠੇ ਹਨ ਅਤੇ ਸਾਰੇ ਆਈ. ਐੱਸ. ਆਈ. ਲਈ ਕੰਮ ਕਰ ਰਹੇ ਹਨ। ਪਤਾ ਚੱਲਿਆ ਹੈ ਕਿ ਇਸ ਸਮੇਂ ਖਾਲਿਸਤਾਨੀ ਸਮੱਰਥਕਾਂ ਤੇ ਕਸ਼ਮੀਰੀ ਅੱਤਵਾਦੀ ਸੰਗਠਨਾਂ ਵਿਚਕਾਰ ਬਿਹਤਰ ਤਾਲਮੇਲ ਨਹੀਂ ਹੈ। ਡਿਫੈਂਸ ਕਾਲੋਨੀ ਲਾਹੌਰ ਵਿਚ ਰਹਿ ਰਹੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਚੀਫ ਰਣਜੀਤ ਸਿੰਘ ਨੀਟਾ ਪਤਨੀ ਤੇ ਬੇਟੀ ਨਾਲ ਰਹਿ ਰਿਹਾ ਹੈ।
ਇਸ ਸੰਬੰਧੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੀ ਸਾਰੀ ਜ਼ਿੰਮੇਵਾਰੀ ਨੀਟਾ ਨੂੰ ਸੌਂਪੀ ਗਈ ਹੈ। ਇਸ ਕਾਲੋਨੀ ਵਿਚ ਨੀਟਾ ਦੇ ਇਲਾਵਾ ਗਜਿੰਦਰ, ਪਰਮਜੀਤ ਸਿੰਘ, ਮਹਿਲ ਸਿੰਘ, ਵਧਾਵਾ ਸਿੰਘ, ਹਰਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਆਦਿ ਰਹਿ ਰਹੇ ਹਨ। ਸੂਤਰਾਂ ਅਨੁਸਾਰ ਗੁਰਮੀਤ ਸਿੰਘ ਆਪਣੇ ਆਪ ਨੂੰ ਖਾਲਿਸਤਾਨ ਦਾ ਪ੍ਰਧਾਨ ਮੰਤਰੀ ਕਹਿਲਾਉਂਦਾ ਹੈ। ਖਾਲਿਤਸਾਨੀ ਸਮਰਥਕ ਪਰਮਜੀਤ ਸਿੰਘ ਨੇ ਆਪਣਾ ਨਾਂ ਬਦਲ ਕੇ ਜਸਬੀਰ ਸਿੰਘ, ਵਧਾਵਾ ਸਿੰਘ ਨੇ ਗੁਰਚਰਨ ਸਿੰਘ, ਹਰਵਿੰਦਰ ਸਿੰਘ ਨੇ ਮਨਜੀਤ ਸਿੰਘ, ਗੁਰਮੀਤ ਸਿੰਘ ਨੇ ਰੇਸ਼ਮ ਸਿੰਘ ਰੱਖ ਲਿਆ ਹੈ।
ਨੀਟਾ ਦੀ ਅਗਵਾਈ 'ਚ ਕੰਮ ਕਰਨ ਨੂੰ ਤਿਆਰ ਨਹੀਂ ਵਧਾਵਾ 
ਨੀਟਾ ਅਤੇ ਉਸ ਦਾ ਵਿਸ਼ੇਸ਼ ਕ੍ਰਿਪਾ ਪਾਤਰ ਜਾਈਕਾ ਈਸਾਈ, ਜੋ ਜੰਮੂ ਇਲਾਕੇ ਦਾ ਹੀ ਰਹਿਣ ਵਾਲਾ ਹੈ, ਨੇ ਇਹ ਕੰਮ ਬੁਝੇ ਦਿਲ ਨਾਲ ਸ਼ੁਰੂ ਕੀਤਾ ਹੈ, ਜਦਕਿ ਖਾਲਿਸਤਾਨ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਦੇ ਚੀਫ ਬਣੇ ਵਧਾਵਾ ਸਿੰਘ ਨੇ ਨਸ਼ੀਲੇ ਪਦਾਰਥ ਭਾਰਤ ਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਵਧਾਵਾ ਸਿੰਘ ਨੂੰ ਕੁਝ ਹੋਰ ਖਾਲਿਸਤਾਨੀ ਸਮੱਰਥਕਾਂ ਦਾ ਸਮਰਥਨ ਪ੍ਰਾਪਤ ਹੈ। ਇਕ ਤਾਂ ਵਧਾਵਾ ਸਿੰਘ ਵਿਦੇਸ਼ੀ ਭਾੜੇ ਦੇ ਅੱਤਵਾਦੀਆਂ ਨਾਲ ਮਿਲਕੇ ਕੰਮ ਨਹੀਂ ਕਰਨਾ ਚਾਹੁੰਦਾ, ਦੂਸਰਾ ਉਹ ਰਣਜੀਤ ਸਿੰਘ ਨੀਟਾ ਦੀ ਅਗਵਾਈ 'ਚ ਵੀ ਕੰਮ ਕਰਨ ਲਈ ਤਿਆਰ ਨਹੀਂ ਹੈ। ਉਮਰ ਜ਼ਿਆਦਾ ਹੋਣ ਕਰ ਕੇ ਵਧਾਵਾ ਆਪਣੇ ਆਪ ਨੂੰ ਸਭ ਤੋਂ ਉਪਰ ਸਮਝਦਾ ਹੈ, ਜਦਕਿ ਆਈ. ਐੱਸ. ਆਈ ਰਣਜੀਤ ਸਿੰਘ ਨੀਟਾ ਨੂੰ ਮਹੱਤਵ ਦਿੰਦੀ ਹੈ।
ਪਾਕਿਸਤਾਨ ਦੀ ਮਦਦ 'ਚ ਆਈ 'ਪਾਪੂਲਰ ਅਰਥ ਐਂਡ ਇਸਲਾਮਿਕ ਕਾਂਗਰਸ'
ਜਾਣਕਾਰੀ ਅਨੁਸਾਰ ਇਸ ਸਮੇਂ ਪਾਕਿਸਤਾਨ ਦੀ ਮਦਦ 'ਚ 'ਪਾਪੂਲਰ ਅਰਥ ਐਂਡ ਇਸਲਾਮਿਕ ਕਾਂਗਰਸ' ਖੁੱਲ੍ਹ ਕੇ ਆ ਗਈ ਹੈ, ਜਿਸ ਨੇ ਆਪਣੇ ਏਜੰਟਾਂ ਨੂੰ ਕਸ਼ਮੀਰ ਮਾਮਲਿਆਂ 'ਚ ਪਾਕਿਸਤਾਨ ਦਾ ਖੁੱਲ੍ਹ ਕੇ ਸਾਥ ਦੇਣ ਅਤੇ ਪਾਕਿਸਤਾਨ ਦੀ ਇਸ ਮਸਲੇ ਵਿਚ ਹਰ ਮਦਦ ਕਰਨ ਨੂੰ ਕਹਿ ਦਿੱਤਾ ਹੈ। ਇਸ ਸਮਰਥਨ ਨਾਲ ਵਿਦੇਸ਼ੀ ਭਾੜੇ ਦੇ ਅੱਤਵਾਦੀਆਂ ਦੀ ਪਾਕਿਸਤਾਨ ਆਉਣ ਵਿਚ ਤੇਜ਼ੀ ਆਈ ਹੈ। 
ਅਰਬ ਦੇਸ਼ਾਂ ਦੇ ਨੌਜਵਾਨ ਹੁਣ ਪਾਕਿਸਤਾਨ ਨੂੰ ਹਰ ਸਹਿਯੋਗ ਦੇਣ ਨੂੰ ਤਿਆਰ ਹੋ ਗਏ ਹਨ ਅਤੇ ਇਹੀ ਕਾਰਨ ਹੈ ਕਿ ਆਈ. ਐੱਸ. ਆਈ. ਨੇ ਹੁਣ ਕਸ਼ਮੀਰ 'ਚ ਸ਼ੰਘਰਸ਼ ਕਰ ਰਹੇ ਅੱਤਵਾਦੀਆਂ ਦੀ ਕਮਾਨ ਵੀ ਹੁਣ ਭਾੜੇ ਦੇ ਅੱਤਵਾਦੀਆਂ ਨੂੰ ਸੌਂਪ ਦਿੱਤੀ ਹੈ। ਆਈ. ਐੱਸ. ਆਈ. ਨੇ ਆਪਣੀ ਇਸ ਯੋਜਨਾ ਨੂੰ ਸਫਲ ਬਣਾਉਣ ਲਈ ਬੰਗਲਾਦੇਸ਼ ਵਿਚ ਵੀ ਆਪਣੇ ਅੱਡੇ ਸਥਾਪਿਤ ਕੀਤੇ ਹਨ। ਅੱਤਵਾਦੀਆਂ ਨੂੰ ਟ੍ਰੇਨਿੰਗ ਦੇਣ ਲਈ ਬੰਗਲਾਦੇਸ਼ ਵਿਚ ਵੀ ਕਈ ਕੈਂਪ ਚਲ ਰਹੇ ਹਨ। 
ਗੁਰਦਾਸਪੁਰ 'ਚ ਸੁਰੱਖਿਆ ਏਜੰਸੀਆਂ ਦੀ ਸੰਯੁਕਤ ਮੀਟਿੰਗ ਆਯੋਜਿਤ 
ਪਾਕਿਸਤਾਨ ਦੀ ਭਾਰਤ ਵਿਰੋਧੀ ਨੀਤੀਆਂ ਦੀ ਗੁਪਤਚਰ ਏਜੰਸੀਆਂ ਤੋਂ ਮਿਲੀ ਇਨਪੁਟ ਦੇ ਆਧਾਰ 'ਤੇ ਗੁਰਦਾਸਪੁਰ ਵਿਚ ਪੁਲਸ, ਸੀਮਾ ਸੁਰੱਖਿਆ ਬਲ ਅਤੇ ਗੁਪਤਚਰ ਏਜੰਸੀਆਂ ਦੀ ਇਕ ਮੀਟਿੰਗ ਹੋਈ। ਇਹ ਮੀਟਿੰਗ ਵੈਸੇ ਵੀ ਮਹੀਨੇ ਵਿਚ ਇਕ ਵਾਰ ਕੋਆਰਡੀਨੇਸ਼ਨ ਸੰਬੰਧੀ ਹੁੰਦੀ ਹੈ। ਇਸ ਮੀਟਿੰਗ ਵਿਚ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਦੇ ਇਲਾਵਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਪੁਲਸ ਮੁਖੀ ਸ਼ਾਮਲ ਹੋਏ। ਮੀਟਿੰਗ ਵਿਚ ਸਰਹੱਦ ਪਾਰ ਦੀਆਂ ਗਤੀਵਿਧੀਆਂ ਦੇ ਇਲਾਵਾ ਗੁਪਤਚਰ ਏਜੰਸੀਆਂ ਤੋਂ ਮਿਲੀ ਇਨਪੁਟ 'ਤੇ ਵਿਚਾਰ-ਵਟਾਂਦਰਾ ਹੋਇਆ।




 


Related News