ਪੰਜਾਬ 'ਚ ਪਸ਼ੂ ਪਾਲਕਾਂ ਨੂੰ ਝਟਕਾ, ਦੁੱਧ ਉਤਪਾਦਨ ’ਚ ਆਈ ਵੱਡੀ ਕਮੀ
Monday, May 25, 2026 - 03:36 PM (IST)
ਗੁਰਦਾਸਪੁਰ (ਹਰਮਨ) : ਗੁਰਦਾਸਪੁਰ ਜ਼ਿਲੇ ਸਮੇਤ ਸਮੁੱਚੇ ਇਲਾਕੇ ’ਚ ਇਸ ਸਮੇਂ ਤਿੱਖੀ ਹੀਟ ਵੇਵ (ਲੂ) ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਦਿਨ ਦਾ ਤਾਪਮਾਨ ਲਗਾਤਾਰ 40 ਡਿਗਰੀ ਸੈਂਟੀਗ੍ਰੇਡ ਤੋਂ ਉੱਤੇ ਦਰਜ ਕੀਤਾ ਜਾ ਰਿਹਾ ਹੈ, ਜਦਕਿ ਰਾਤ ਨੂੰ ਵੀ ਪਾਰਾ 24 ਡਿਗਰੀ ਦੇ ਕਰੀਬ ਟਿਕਿਆ ਰਹਿੰਦਾ ਹੈ। ਇਸ ਤਪਦੀ ਗਰਮੀ ਨੇ ਨਾ ਸਿਰਫ਼ ਆਮ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਸਗੋਂ ਜੀਵ-ਜੰਤੂਆਂ ਅਤੇ ਖ਼ਾਸ ਕਰ ਕੇ ਦੁਧਾਰੂ ਪਸ਼ੂਆਂ ’ਤੇ ਵੀ ਇਸ ਦਾ ਡੂੰਘਾ ਅਸਰ ਪਾਇਆ ਹੈ। ਗਰਮੀ ਦੇ ਇਸ ਕਹਿਰ ਕਾਰਨ ਜ਼ਿਲੇ ’ਚ ਦੁੱਧ ਉਤਪਾਦਨ ’ਚ ਵੱਡੀ ਕਮੀ ਦਰਜ ਕੀਤੀ ਜਾ ਰਹੀ ਹੈ, ਜਿਸ ਨਾਲ ਪਸ਼ੂ ਪਾਲਕ ਕਿਸਾਨ ਗੰਭੀਰ ਚਿੰਤਾ ’ਚ ਹਨ। ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਪਸ਼ੂ ਪਾਲਕਾਂ ਨੇ ਦੱਸਿਆ ਕਿ ਜਿਹੜੇ ਪਸ਼ੂ ਪਹਿਲਾਂ 20 ਕਿਲੋ ਤੱਕ ਦੁੱਧ ਦਿੰਦੇ ਸਨ, ਉਹ ਹੁਣ ਘੱਟ ਕੇ ਕੇਵਲ 14-15 ਕਿਲੋ ਤੱਕ ਰਹਿ ਗਏ ਹਨ। ਉੱਚ ਕਿਸਮ ਦੀਆਂ ਮੱਝਾਂ ਅਤੇ ਗਾਵਾਂ ’ਚ ਇਹ ਗਿਰਾਵਟ ਹੋਰ ਵੀ ਵੱਧ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ‘ਸ਼ਰਾਬ ਸਿੰਡੀਕੇਟ’ ਦੀ ਵਾਪਸੀ : ਠੇਕੇਦਾਰਾਂ ਦੇ ਸਮਝੌਤੇ ਨਾਲ 40 ਫ਼ੀਸਦੀ ਤੱਕ ਮਹਿੰਗੀ ਹੋਈ ਸ਼ਰਾਬ
ਪਸ਼ੂ ਪਾਲਕਾਂ ਦੇ ਅਨੁਸਾਰ ਇਸ ਸਮੇਂ ਦੁੱਧ ਦੀ ਪੂਰਤੀ ਕਰਨਾ ਉਨ੍ਹਾਂ ਲਈ ਬਹੁਤ ਵੱਡੀ ਚੁਣੌਤੀ ਬਣ ਚੁੱਕੀ ਹੈ। ਇਕ ਪਾਸੇ ਚਾਰੇ ਦੀ ਕਮੀ ਨੇ ਸਮੱਸਿਆ ਨੂੰ ਹੋਰ ਗੰਭੀਰ ਬਣਾਇਆ ਹੈ, ਦੂਜੇ ਪਾਸੇ ਹਰੇ ਚਾਰੇ ਦੀ ਉਪਲਬਧਤਾ ਵੀ ਘੱਟ ਹੋ ਗਈ ਹੈ। ਕਈ ਇਲਾਕਿਆਂ ’ਚ ਚਾਰੇ ਨੂੰ ਪਾਣੀ ਦੇਣ ਲਈ ਵੀ ਭਾਰੀ ਜੱਦੋਜਹਿਦ ਕਰਨੀ ਪੈ ਰਹੀ ਹੈ। ਇਸ ਦੇ ਨਾਲ ਹੀ ਪਸ਼ੂਆਂ ਦੀ ਦੇਖਭਾਲ ਦਾ ਖ਼ਰਚਾ ਵੀ ਵਧ ਗਿਆ ਹੈ। ਗਰਮੀ ਤੋਂ ਬਚਾਅ ਲਈ ਪੱਖੇ, ਕੂਲਰ ਅਤੇ ਪਾਣੀ ਦੇ ਵਧੇਰੇ ਪ੍ਰਬੰਧ ਕਰਨੇ ਪੈ ਰਹੇ ਹਨ, ਜਿਸ ਨਾਲ ਖ਼ਰਚੇ ’ਚ ਵੱਡਾ ਵਾਧਾ ਹੋਇਆ ਹੈ। ਪਸ਼ੂਆਂ ਨੂੰ ਸੰਤੁਲਿਤ ਖ਼ੁਰਾਕ ਦੇਣ ਲਈ ਵੀ ਮਹਿੰਗੀਆਂ ਫੀਡਾਂ ਦੀ ਵਰਤੋਂ ਕਰਨੀ ਪੈ ਰਹੀ ਹੈ। ਗਰਮੀ ਦਾ ਅਸਰ ਕੇਵਲ ਦੁੱਧ ਦੀ ਮਾਤਰਾ ’ਤੇ ਹੀ ਨਹੀਂ, ਸਗੋਂ ਇਸ ਦੀ ਗੁਣਵੱਤਾ ’ਤੇ ਵੀ ਪਿਆ ਹੈ। ਪਸ਼ੂ ਪਾਲਕਾਂ ਨੇ ਦੱਸਿਆ ਕਿ ਦੁੱਧ ਪਹਿਲਾਂ ਨਾਲੋਂ ਕਾਫ਼ੀ ਪਤਲਾ ਹੋ ਗਿਆ ਹੈ ਅਤੇ ਇਸ ਦੇ ਸਵਾਦ ’ਚ ਵੀ ਤਬਦੀਲੀ ਆਈ ਹੈ। ਇਸ ਕਾਰਨ ਗਾਹਕਾਂ ਵੱਲੋਂ ਵੀ ਦੁੱਧੀਆਂ ਨੂੰ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪੈ ਰਹੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵਾਪਰਿਆ ਵੱਡਾ ਹਾਦਸਾ ! ਗੁਰੂਘਰ ਦੇ ਲੰਗਰ ਹਾਲ ਦੀ ਡਿੱਗ ਗਈ ਛੱਤ, 2 ਔਰਤਾਂ ਦੀ ਮੌਤ
ਵੈਟਰਨਰੀ ਮਾਹਰਾਂ ਦਾ ਕਹਿਣਾ ਹੈ ਕਿ ਗਰਮੀ ਦੇ ਦਿਨਾਂ ’ਚ ਪਸ਼ੂਆਂ ਦੀ ਸੰਭਾਲ ’ਤੇ ਖ਼ਾਸ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਨੂੰ ਛਾਂਦਾਰ ਅਤੇ ਹਵਾਦਾਰ ਥਾਂ ’ਤੇ ਰੱਖਣ, ਦਿਨ ’ਚ ਕਈ ਵਾਰ ਠੰਢਾ ਤੇ ਸਾਫ਼ ਪਾਣੀ ਪਿਲਾਉਣ, ਪਸ਼ੂਆਂ ਨੂੰ ਸਵੇਰੇ ਅਤੇ ਸ਼ਾਮ ਦੇ ਠੰਢੇ ਸਮੇਂ ’ਚ ਹੀ ਚਾਰਾ ਦੇਣ, ਹਰੇ ਚਾਰੇ ਦੇ ਨਾਲ ਮਿਨਰਲ ਮਿਕਸਚਰ ਅਤੇ ਲੂਣ ਦੀ ਸੰਤੁਲਿਤ ਮਾਤਰਾ ਦੇਣ, ਗਰਮੀ ਘਟਾਉਣ ਲਈ ਪਸ਼ੂਆਂ ’ਤੇ ਪਾਣੀ ਦਾ ਛਿੜਕਾਅ ਕਰਨ, ਸ਼ੈੱਡ ’ਚ ਪੱਖੇ ਜਾਂ ਕੂਲਰ ਦੀ ਸਹੂਲਤ ਯਕੀਨੀ ਬਣਾਉਣ ਅਤੇ ਬਿਮਾਰ ਜਾਂ ਸੁਸਤ ਪਸ਼ੂਆਂ ਦੀ ਤੁਰੰਤ ਡਾਕਟਰੀ जांच ਕਰਵਾਉਣ ਆਦਿ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਗਰਮੀ ਦੇ ਦੌਰਾਨ ਪਸ਼ੂਆਂ ਦੀ ਠੀਕ ਸੰਭਾਲ ਨਾ ਕੀਤੀ ਗਈ ਤਾਂ ਨਾ ਸਿਰਫ਼ ਦੁੱਧ ਉਤਪਾਦਨ ਹੋਰ ਘਟ ਸਕਦਾ ਹੈ, ਸਗੋਂ ਪਸ਼ੂਆਂ ਦੀ ਸਿਹਤ ’ਤੇ ਵੀ ਗੰਭੀਰ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਹਾਈ ਅਲਰਟ, ਬੁਲਾਈ ਗਈ ਐਮਰਜੈਂਸੀ ਮੀਟਿੰਗ, ਜਾਣੋ ਕਾਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
