ਵੰਡ ਤੋਂ ਬਾਅਦ ਪਾਕਿ ''ਚ ਰਹਿ ਗਏ ਗੁਰਦੁਆਰਿਆਂ ਬਾਰੇ ਪੁਸਤਕ ਰਿਲੀਜ਼

12/06/2019 10:00:15 AM

ਚੰਡੀਗੜ੍ਹ (ਭੁੱਲਰ) - ਲੰਬੇ ਸਮੇਂ ਤੋਂ ਚੱਲੀ ਆ ਰਹੀ ਜਗਿਆਸਾ ਤੇ ਉਤਸੁਕਤਾ ਹੀ ਸੀ, ਜਿਸ ਨੇ ਅਮਰੀਕਾ ਦੇ ਦੰਦਾਂ ਦੇ ਡਾ. ਦਲਵੀਰ ਸਿੰਘ ਪੰਨੂ ਨੂੰ ਪਾਕਿ 'ਚ 84 ਸਿੱਖ ਵਿਰਾਸਤੀ ਸਥਾਨਾਂ ਤੇ ਧਾਰਮਕ ਸਥਾਨਾਂ ਦਾ ਅਧਿਐਨ ਕਰਨ ਤੇ ਉਨ੍ਹਾਂ ਦਾ ਇਤਿਹਾਸ ਖੰਗਾਲਣ ਲਈ ਰੋਕੀ ਰੱਖਿਆ। ਇਹ ਉਹ ਸਿੱਖ ਸਮਾਰਕ ਹਨ, ਜਿਹੜੇ 1947 ਦੀ ਭਾਰਤ-ਪਾਕਿ ਵੰਡ ਦੌਰਾਨ ਅਤੀਤ ਦੀ ਗਰਦ 'ਚ ਲੁਪਤ ਹੋ ਗਏ। ਡਾ. ਦਲਵੀਰ ਸਿੰਘ ਪੰਨੂ ਨੂੰ ਇਸ ਵਿਸ਼ੇ 'ਤੇ ਆਪਣੀ ਪੁਸਤਕ 'ਦਿ ਸਿੱਖ ਹੈਰੀਟੇਜ - ਬਿਯੌਂਡ ਬਾਰਡਰਸ' ਨੂੰ ਪੂਰਾ ਕਰਨ 'ਚ 11 ਸਾਲ ਲੱਗ ਗਏ। ਡਾ. ਪੰਨੂ ਨੇ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਇਸ ਕਿਤਾਬ ਨੂੰ ਲਾਂਚ ਕੀਤਾ ਅਤੇ ਇਸ ਰਿਸਰਚ 'ਚ ਆਈਆਂ ਔਂਕੜਾਂ ਅਤੇ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ।

ਅਮਰੀਕਾ 'ਚ ਰਹਿ ਰਹੇ ਨਵਾਂਸ਼ਹਿਰ ਜ਼ਿਲੇ 'ਚ ਪਿੰਡ ਫਰਾਲਾ ਨਾਲ ਸਬੰਧਤ ਡਾ. ਪੰਨੂ ਨੇ ਦੱਸਿਆ ਕਿ ਮੇਰੀ ਕਿਤਾਬ ਇਸ ਵਿਸ਼ੇ 'ਤੇ ਲਿਖੇ ਗਏ ਆਮ ਦਸਤਾਵੇਜ਼ਾਂ ਨਾਲੋਂ ਵੱਖਰੀ ਹੈ। ਇਸ ਦਾ ਮੁੱਖ ਕਾਰਨ ਮੇਰੀ ਰਿਸਰਚ ਅਤੇ ਯਾਦਗਾਰਾਂ 'ਤੇ ਫਾਰਸੀ ਅਤੇ ਉਰਦੂ 'ਚ ਉਕੇਰੀ ਗਈ ਜਾਣਕਾਰੀ ਨੂੰ ਬ੍ਰਿਟਿਸ਼ ਮਿਊਜ਼ੀਅਮ 'ਚ ਮੌਜੂਦ ਭਾਰਤੀ ਕਾਨੂੰਨੀ ਰਿਪੋਰਟਾਂ ਦੇ ਨਾਲ ਇਨ੍ਹਾਂ ਦਾ ਮਿਲਾਨ ਕਰਨਾ ਹੈ। ਇਸਦੇ ਪਿੱਛੇ ਆਈਡੀਆ ਇਹ ਸੀ ਕਿ ਵੱਖ-ਵੱਖ ਭਾਸ਼ਾ ਸਰੋਤਾਂ ਦਾ ਅਧਿਐਨ ਕੀਤਾ ਜਾਵੇ। ਇਸ ਤਰ੍ਹਾਂ ਮੈਂ ਜਾਣਿਆ ਕਿ ਮੁਗਲਾਂ ਅਤੇ ਫਾਰਸੀਆਂ ਆਦਿ ਨੇ ਸਿੱਖ ਯਾਦਗਾਰਾਂ ਬਾਰੇ ਕੀ ਸੋਚਿਆ। ਇਸ 'ਚ 60 ਤੋਂ ਵੱਧ ਧਾਰਮਕ ਸਥਾਨਾਂ ਦੀ ਜਾਣਕਾਰੀ ਦਿੱਤੀ ਗਈ ਹੈ।


rajwinder kaur

Content Editor

Related News