ਮਿੱਥੇ ਸਮੇਂ ਤੋਂ ਪਹਿਲਾਂ ਹੀ ਝੋਨੇ ਦੀ ਲਵਾਈ ਸ਼ੁਰੂ

06/14/2017 12:58:28 PM

ਤਪਾ ਮੰਡੀ(ਸ਼ਾਮ, ਗਰਗ)— ਇਲਾਕੇ 'ਚ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਝੋਨੇ ਦੀ ਬਿਜਾਈ ਮਿੱਥੇ ਸਮੇਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਹੈ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਤਾ ਹੋਣ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਜਾ ਰਹੀ। ਇਲਾਕੇ ਦਾ ਦੌਰਾ ਕਰ ਕੇ ਦੇਖਿਆ ਤਾਂ ਮਜ਼ਦੂਰ ਟਾਵੇਂ-ਟਾਵੇਂ ਖੇਤਾਂ 'ਚ ਪਨੀਰੀ ਪੁੱਟ ਕੇ ਝੋਨੇ ਦੀ ਲੁਆਈ ਕਰਨ 'ਚ ਲੱਗੇ ਹੋਏ ਸਨ। ਗੱਲਬਾਤ ਕਰਨ 'ਤੇ ਮਜ਼ਦੂਰਾਂ ਨੇ ਦੱਸਿਆ ਕਿ ਉਹ ਹਰ ਸਾਲ ਕਿਸਾਨਾਂ ਦੇ ਝੋਨਾ ਲਗਾਉਣ ਲਈ ਪਹੁੰਚਦੇ ਹਨ। 2 ਹਜ਼ਾਰ ਤੋਂ 2500 ਰੁਪਏ ਪ੍ਰਤੀ ਏਕੜ, ਨਾਲ 2 ਵਕਤ ਦੀ ਰੋਟੀ, ਚਾਹ ਦਿੱਤੀ ਜਾਂਦੀ ਹੈ। ਚਾਰ ਮਜ਼ਦੂਰ 1 ਏਕੜ 'ਚ ਝੋਨਾ ਲਾ ਦਿੰਦੇ ਹਨ। 3 ਦਿਨ ਪਹਿਲਾਂ ਪਏ ਮੀਂਹ ਕਾਰਨ ਕਿਸਾਨ ਝੋਨਾ ਲਾਉਣ ਲੱਗ ਪਏ।
ਖੇਤੀਬਾੜੀ ਅਫਸਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਲੱਗਭਗ 200 ਏਕੜ 'ਚ ਕਿਸਾਨ ਮਸ਼ੀਨਾਂ ਰਾਹੀਂ ਝੋਨਾ ਲਾ ਰਹੇ ਹਨ। ਇਸ ਤਕਨੀਕ ਨਾਲ ਝੋਨਾ ਲਾਉਣ ਨਾਲ 20-30 ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ ਪਰ ਫਿਰ ਵੀ ਕਿਸਾਨ ਹੱਥੀਂ ਲਵਾਈ ਵੱਲ ਵੱਧ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਮਿੱਥੇ ਸਮੇਂ ਤੋਂ ਪਹਿਲਾਂ ਝੋਨਾ ਲਾਉਣਾ ਸ਼ੁਰੂ ਕੀਤਾ ਗਿਆ ਹੈ, ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ। 
ਧੂਰੀ-ਬਰਨਾਲਾ ਰੋਡ 'ਤੇ ਵੀ ਬਹੁਤ ਸਾਰੇ ਪਿੰਡਾਂ 'ਚ ਝੋਨੇ ਦੀ ਲਵਾਈ ਦਾ ਕੰਮ ਜ਼ੋਰਾਂ 'ਤੇ ਹੈ। ਕਈ ਜਗ੍ਹਾ ਦੇਖਿਆ ਗਿਆ ਕਿ ਝੋਨੇ ਦੀ ਫਸਲ ਬੀਜੀ ਜਾ ਚੁੱਕੀ ਹੈ। ਜਦੋਂਕਿ ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਝੋਨੇ ਦੀ ਜਗ੍ਹਾ ਹੋਰ ਫਸਲਾਂ, ਜੋ ਪਾਣੀ ਘੱਟ ਲੈਂਦੀਆਂ ਹਨ, ਦੀ ਕਾਸ਼ਤ ਕੀਤੀ ਜਾਵੇ। ਇਕ ਟਨ ਝੋਨਾ ਉਗਾਉਣ ਲਈ 70 ਟਨ ਪਾਣੀ ਖਪਤ ਹੁੰਦਾ ਹੈ।


Related News