ਕਿਸਾਨਾਂ ਦੀ ਟੇਕ ਇੰਦਰ ਦੇਵਤੇ ''ਤੇ ਟਿਕੀ, ਝੋਨੇ ਤੇ ਨਰਮੇ ਦੀ ਫਸਲ ਨੂੰ ਹੈ ਪਾਣੀ ਦੀ ਡਾਅਢੀ ਲੋੜ
Tuesday, Jun 23, 2020 - 06:54 PM (IST)
ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ(ਸੁਖਪਾਲ ਢਿੱਲੋਂ/ਪਵਨ ਤਨੇਜਾ) - ਖੇਤੀ ਲਈ ਨਹਿਰੀ ਪਾਣੀ ਦੀ ਘਾਟ ਨੇ ਕਿਸਾਨਾਂ ਨੂੰ ਹਮੇਸ਼ਾ ਹੀ ਮੁਸ਼ਕਿਲ ਵਿਚ ਖੜ੍ਹਾ ਕੀਤਾ ਹੈ। ਪਰ ਇਸ ਦੇ ਬਾਵਜੂਦ ਵੀ ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਦੇ ਅੰਦਰਲੇ ਦਰਦ ਨੂੰ ਨਹੀ ਜਾਣਿਆ। ਕਿਸਾਨਾਂ ਵੱਲੋਂ ਨਰਮੇ ਦੀ ਫਸਲ ਤਾਂ ਮਈ ਮਹੀਨੇ ਵਿਚ ਹੀ ਬੀਜ ਦਿੱਤੀ ਗਈ ਸੀ ਅਤੇ ਹੁਣ ਨਰਮੇ ਦੀ ਫਸਲ ਖੇਤਾਂ ਵਿਚ ਹੁਣ ਪੂਰੀ ਦਿਖ ਦੇਣ ਲੱਗ ਪਈ ਹੈ। ਜਦੋਂ ਕਿ ਝੋਨਾ ਖੇਤਾਂ ਵਿਚ ਅਜੇ ਵੀ ਲਾਇਆ ਜਾ ਰਿਹਾ ਹੈ। ਕਈ ਕਿਸਾਨਾਂ ਵੱਲੋਂ ਤਾਂ ਪਹਿਲਾਂ ਹੀ ਝੋਨੇ ਦੀ ਸਿੱਧੀ ਬਿਜਾਈ ਮਸ਼ੀਨਾਂ ਨਾਲ ਕਰ ਦਿੱਤੀ ਗਈ ਸੀ ਅਤੇ ਕਈ ਕਿਸਾਨਾਂ ਨੇ ਮਜ਼ਦੂਰਾਂ ਕੋਲੋਂ ਹੱਥੀ ਝੋਨਾ ਲਗਵਾ ਲਿਆ ਹੈ। ਪਰ ਅਜੇ ਵੀ ਕਈ ਕਿਸਾਨ ਅਜਿਹੇ ਹਨ, ਜਿਨ੍ਹਾਂ ਨੇ ਮਜ਼ਦੂਰਾਂ ਕੋਲੋਂ ਅਜੇ ਝੋਨਾ ਲਗਾਉਣਾ ਹੈ ਜਾਂ ਲਗਵਾ ਰਹੇ ਹਨ।
ਕਿਸਾਨਾਂ ਨੂੰ ਖੇਤਾਂ ਵਿਚ ਬਹੁਤ ਸਾਰੇ ਪਾਣੀ ਦੀ ਲੋੜ ਹੈ। ਨਹਿਰੀ ਪਾਣੀ ਤਾਂ ਪੂਰਾ ਆ ਹੀ ਨਹੀ ਰਿਹਾ ਤੇ ਖੇਤਾਂ ਵਿਚ ਲੱਗੇ ਟਿਊਬਵੈਲਾਂ ਵਾਲੀ ਬਿਜਲੀ ਵੀ ਕਿਸਾਨਾਂ ਨੂੰ 16 ਘੰਟੇ ਨਾ ਮਿਲਣ ਕਰਕੇ ਟਿਊਬਵੈਲ ਵੀ ਉਨੇ ਨਹੀ ਚੱਲ ਰਹੇ। ਕਈ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਇੰਜਨਾਂ, ਟਰੈਕਟਰਾਂ ਅਤੇ ਜਰਨੇਟਰਾਂ ਨਾਲ ਟਿਊਬਵੈਲ ਚਲਾ ਕੇ ਥੋੜ੍ਹੀ-ਬਹੁਤੀ ਪਾਣੀ ਦੀ ਘਾਟ ਦੂਰ ਕਰ ਰਹੇ ਹਨ। ਜਿਕਰਯੋਗ ਹੈ ਕਿ ਪਾਣੀ ਦੀ ਘਾਟ ਕਰਕੇ ਇਸ ਮੌਕੇ ਕਈ ਕਿਸਾਨਾਂ ਦੇ ਝੋਨੇ ਵਿਚੋਂ ਪਾਣੀ ਸੁੱਕ ਰਿਹਾ ਹੈ। ਜਦੋਂ ਕਿ ਨਰਮੇ ਦੀ ਫਸਲ ਨੂੰ ਵੀ ਪਾਣੀ ਦੀ ਲੋੜ ਹੈ। ਹੁਣ ਕਿਸਾਨ ਤਾਂ ਸਿਰਫ਼ ਇੰਦਰ ਦੇਵਤਾ 'ਤੇ ਹੀ ਟੇਕ ਲਗਾਈ ਬੈਠੇ ਹਨ। ਕਿਉਕਿ ਜੇਕਰ ਮੀਂਹ ਪਵੇਗਾ ਤਾਂ ਹੀ ਫਸਲਾਂ ਵਿਚ ਨਿਖਾਰ ਆਵੇਗਾ। ਮੀਂਹ ਦੇ ਨਾਲ ਹੀ ਖੇਤਾਂ ਵਿਚ ਹੋਰ ਹਰਿਆਲੀ ਆਵੇਗੀ।
ਭਾਗਸਰ ਰਜਬਾਹੇ ਵਿਚ ਛੱਡਿਆ ਪਾਣੀ
ਆਖਿਰ ਨਹਿਰੀ ਮਹਿਕਮੇ ਨੇ ਪਿੰਡ ਝੀਂਡਵਾਲਾ ਤੋਂ ਨਿਕਲਣ ਵਾਲੇ ਭਾਗਸਰ ਰਜਬਾਹੇ ਵਿਚ ਨਹਿਰੀ ਪਾਣੀ ਛੱਡ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਕਤ ਰਜਬਾਹੇ ਵਿਚ ਨਹਿਰੀ ਪਾਣੀ ਦੀ ਬੰਦੀ ਨਹਿਰ ਵਿਭਾਗ ਵੱਲੋਂ 16 ਜੂਨ ਤੋਂ ਕੀਤੀ ਗਈ ਸੀ। ਜਿਸ ਤੋਂ ਬਾਅਦ ਕਿਸਾਨਾਂ ਵਿਚ
ਹਾਹਾਕਾਰ ਮੱਚ ਗਈ ਸੀ ਤੇ ਕਿਸਾਨਾਂ ਨੇ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਪ੍ਰਗਟ ਕੀਤਾ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਨੇ ਉਕਤ ਰਜਬਾਹੇ ਉੱਤੇ ਪੁੱਜ ਕੇ ਨਹਿਰ ਵਿਭਾਗ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਕੇ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਉਕਤ ਰਜਬਾਹੇ ਦਾ ਪਾਣੀ ਡੇਢ ਦਰਜਨ ਤੋਂ ਵੀ ਵੱਧ ਕਿਸਾਨਾਂ ਦੀਆਂ ਜਮੀਨਾਂ ਨੂੰ ਲੱਗਦਾ ਹੈ। ਨਹਿਰ ਮਹਿਕਮੇ ਨੇ ਐਨ ਉਸ ਮੌਕੇ 'ਤੇ ਆ ਕੇ ਨਹਿਰੀ ਪਾਣੀ ਦੀ ਬੰਦੀ ਕਰ ਦਿੱਤੀ ਸੀ, ਜਦ ਕਿਸਾਨਾਂ ਵੱਲੋਂ ਝੋਨਾ ਪੂਰੇ ਜੋਰਾਂ-ਸ਼ੋਰਾਂ ਨਾਲ ਲਗਾਇਆ ਜਾ ਰਿਹਾ ਸੀ ਤੇ ਝੋਨਾ ਲਗਾਉਣ ਲਈ ਪਾਣੀ ਦੀ ਲੋੜ ਸੀ। ਇਸ ਤੋਂ ਇਲਾਵਾ ਨਰਮੇ, ਹਰਾ ਚਾਰਾ ਅਤੇ ਸਬਜੀਆਂ ਨੂੰ ਵੀ ਪਾਣੀ ਦੀ ਲੋੜ ਸੀ।