ਪੀ. ਯੂ. ਤੇ ਇੰਜੀਨੀਅਰਿੰਗ ਕਾਲਜਾਂ ''ਚ ਅਜੇ ਵੀ 150 ਸੀਟਾਂ ਖਾਲੀ
Sunday, Sep 17, 2017 - 09:44 AM (IST)
ਚੰਡੀਗੜ੍ਹ (ਹੰਸ) - ਪੰਜਾਬ ਯੂਨੀਵਰਸਿਟੀ ਤੇ ਇੰਜੀਨੀਅਰਿੰਗ ਕਾਲਜ (ਪੈਕ) 'ਚ ਅਜੇ ਵੀ 150 ਸੀਟਾਂ ਖਾਲੀ ਰਹਿ ਗਈਆਂ ਹਨ। ਮੈਨੇਜਮੈਂਟ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੀ ਗਾਈਡ ਲਾਈਨ ਹੈ ਕਿ ਇੰਜੀਨੀਅਰਿੰਗ ਕਾਲਜਾਂ 'ਚ ਦਾਖਲਾ ਪ੍ਰਕਿਰਿਆ 15 ਅਗਸਤ ਤਕ ਪੂਰੀ ਕੀਤੀ ਜਾਏ।
ਉਸਦੇ ਬਾਅਦ ਖਾਲੀ ਰਹਿ ਗਈਆਂ ਸੀਟਾਂ ਨੂੰ ਲੈ ਕੇ ਉਹ ਕੁਝ ਨਹੀਂ ਕਰ ਸਕਦੇ ਹਨ ਪਰ ਜੇਕਰ ਦਾਖਲੇ ਦਾ ਸ਼ਡਿਊਲ ਕੁਝ ਇਸ ਤਰ੍ਹਾਂ ਤੈਅ ਕਰ ਦਿੱਤਾ ਜਾਏ ਕਿ ਸੀਟਾਂ ਭਰੀਆਂ ਜਾਣ ਤਾਂ ਇਨ੍ਹਾਂ ਸੀਟਾਂ 'ਤੇ ਦਾਖਲਾ ਲੈ ਕੇ ਵਿਦਿਆਰਥੀ ਆਪਣਾ ਭਵਿੱਖ ਬਣਾ ਸਕਦੇ ਹਨ। ਉਥੇ ਹੀ ਇਸ ਸਾਲ ਵੀ ਚੰਗੀ ਰੈਂਕਿੰਗ ਵਾਲੇ ਆਊਟਸਾਈਡਰ ਵਿਦਿਆਰਥੀਆਂ ਨੇ ਸ਼ਹਿਰ ਦੇ ਇੰਜੀਨੀਅਰਿੰਗ ਕਾਲਜਾਂ 'ਚ ਦਾਖਲਾ ਲਿਆ ਹੈ, ਜਦੋਂਕਿ ਖੇਤਰੀ ਵਿਦਿਆਰਥੀਆਂ ਦੀ ਰੈਂਕਿੰਗ ਆਊਟਸਾਈਡਰ ਵਿਦਿਆਰਥੀਆਂ ਤੋਂ ਕਾਫੀ ਪਿੱਛੇ ਹੈ। ਇਸ ਵਾਰ ਪੀ. ਯੂ. ਦੇ ਬਾਇਓਟੈਕਨਾਲੋਜੀ ਤੇ ਫੂਡ ਟੈਕਨਾਲੋਜੀ ਅਤੇ ਹੁਸ਼ਿਆਰਪੁਰ ਰਿਜਨਲ ਸੈਂਟਰ 'ਚ ਕੁਝ ਸੀਟਾਂ ਖਾਲੀ ਹਨ, ਜਦੋਂਕਿ ਪੈਕ 'ਚ ਵੀ ਲਗਭਗ 18 ਸੀਟਾਂ ਖਾਲੀ ਹਨ।
ਵਿਦਿਆਰਥੀਆਂ ਦੇ ਦੂਜੇ ਕਾਲਜਾਂ 'ਚ ਦਾਖਲਾ ਲੈਣ ਕਾਰਨ ਵੀ ਖਾਲੀ ਰਹਿ ਜਾਂਦੀਆਂ ਹਨ ਸੀਟਾਂ
ਜੁਆਇੰਟ ਐਡਮਿਸ਼ਨ ਕਮੇਟੀ (ਜੈਕ) ਵਲੋਂ ਸਾਰੀਆਂ ਸੀਟਾਂ 'ਤੇ ਵਿਦਿਆਰਥੀਆਂ ਨੂੰ ਦਾਖਲਾ ਦੇ ਦਿੱਤਾ ਜਾਂਦਾ ਹੈ ਪਰ ਕੁਝ ਵਿਦਿਆਰਥੀ ਦਾਖਲਾ ਲੈਣ ਦੇ ਬਾਅਦ ਆਪਣੇ ਮਨਪਸੰਦ ਦੇ ਦੂਜੇ ਕਾਲਜਾਂ 'ਚ ਚਲੇ ਜਾਂਦੇ ਹਨ।
ਉਹ ਵਿਦਿਆਰਥੀ ਆਪਣੀ ਫੀਸ ਤਾਂ ਵਾਪਿਸ ਲੈ ਲੈਂਦੇ ਹਨ ਪਰ ਕਾਲਜ 'ਚ ਸੀਟਾਂ ਖਾਲੀ ਹੋ ਜਾਂਦੀਆਂ ਹਨ। ਮੈਨੇਜਮੈਂਟ ਦਾ ਇਹ ਵੀ ਕਹਿਣਾ ਹੈ ਕਿ ਹਰ ਸਾਲ ਥੈਲੇਸੀਮੀਆ, ਕੈਂਸਰ, ਏਡਜ਼ ਪੀੜਤਾਂ ਜਾਂ ਕੁਝ ਅਜਿਹੀਆਂ ਸੀਟਾਂ ਹਨ, ਜੋ ਹਰ ਸਾਲ ਖਾਲੀ ਰਹਿ ਜਾਂਦੀਆਂ ਹਨ। ਇਨਾਂ ਸੀਟਾਂ ਨੂੰ ਡੀ-ਰਿਜ਼ਰਵ ਨਹੀਂ ਕੀਤਾ ਜਾਂਦਾ। ਹਾਲਾਂਕਿ ਐੱਸ. ਸੀ./ਐੱਸ. ਟੀ. ਆਦਿ ਰਿਜ਼ਰਵ ਕੈਟਾਗਰੀ ਦੀਆਂ ਖਾਲੀ ਬਚੀਆਂ ਸੀਟਾਂ ਨੂੰ ਡੀ-ਰਿਜ਼ਰਵ ਕੀਤਾ ਜਾਂਦਾ ਹੈ ਪਰ ਆਖਿਰ 'ਚ ਬਹੁਤ ਹੀ ਘੱਟ ਵਿਦਿਆਰਥੀ ਇਨਾਂ ਸੀਟਾਂ 'ਤੇ ਦਾਖਲਾ ਲੈਂਦੇ ਹਨ।
ਪੀ. ਯੂ. ਦੇ ਇਨ੍ਹਾਂ ਵਿਭਾਗਾਂ 'ਚ ਰਹਿ ਗਈਆਂ ਹਨ ਸੀਟਾਂ ਖਾਲੀ
ਜਾਣਕਾਰੀ ਮੁਤਾਬਿਕ ਪੀ. ਯੂ. ਦੇ ਬਾਇਓਟੈੱਕ ਤੇ ਫੂਡ ਟੈਕਨਾਲੋਜੀ ਵਿਭਾਗ 'ਚ ਲਗਭਗ 50 ਸੀਟਾਂ ਖਾਲੀ ਰਹਿ ਗਈਆਂ ਹਨ। ਜ਼ਿਕਰਯੋਗ ਹੈ ਕਿ ਇਸ ਵਾਰ ਪੀ. ਯੂ. 'ਚ ਹੋਈ ਪਥਰਾਅ ਦੀ ਘਟਨਾ ਦੇ ਬਾਅਦ ਘੱਟ ਹੀ ਵਿਦਿਆਰਥੀਆਂ ਨੇ ਦਾਖਲਾ ਲੈਣ 'ਚ ਰੁਚੀ ਦਿਖਾਈ ਹੈ। ਉਥੇ ਹੀ ਪੀ. ਯੂ. ਦੀ ਸਾਲ ਦਰ ਸਾਲ ਘਟਦੀ ਰੈਂਕਿੰਗ ਵੀ ਇਸਦੇ ਲਈ ਜ਼ਿੰਮੇਵਾਰ ਹੈ।
15 ਅਗਸਤ ਦੇ ਬਾਅਦ ਦਾਖਲਾ ਨਹੀਂ ਦਿੱਤਾ ਜਾ ਸਕਦਾ
ਇੰਜੀਨੀਅਰਿੰਗ ਕੋਰਸਾਂ 'ਚ ਦਾਖਲੇ ਦੀ ਪ੍ਰਕਿਰਿਆ ਨੂੰ ਕੋਆਰਡੀਨੇਟ ਕਰ ਰਹੇ ਪ੍ਰੋ. ਅਮਰਿੰਦਰਪਾਲ ਸਿੰਘ ਨੇ ਦੱਸਿਆ ਕਿ ਹਰ ਸਾਲ ਕੁਝ ਸੀਟਾਂ ਇੰਜੀਨੀਅਰਿੰਗ ਕਾਲਜਾਂ 'ਚ ਖਾਲੀ ਰਹਿ ਜਾਂਦੀਆਂ ਹਨ। ਏ. ਆਈ. ਸੀ. ਟੀ. ਈ. ਤੇ ਸੁਪਰੀਮ ਕੋਰਟ ਦੀਆਂ ਗਾਈਡ ਲਾਈਨਜ਼ ਤਹਿਤ 15 ਅਗਸਤ ਦੇ ਬਾਅਦ ਸੰਸਥਾਵਾਂ 'ਚ ਦਾਖਲਾ ਨਹੀਂ ਦਿੱਤਾ ਜਾ ਸਕਦਾ ਹੈ।