ਪੀ. ਆਰ. ਟੀ. ਸੀ. ਦੀਆਂ ਬੱਸਾਂ ਦੀ ਰਫਤਾਰ ''ਤੇ ਨਕੇਲ ਕੱਸੇਗਾ 500 ਰੁਪਏ ਦਾ ਜ਼ੁਰਮਾਨਾ

Sunday, Feb 04, 2018 - 12:42 PM (IST)

ਪਟਿਆਲਾ — ਪੀ. ਆਰ. ਟੀ. ਸੀ. ਦੀਆਂ ਬੱਸਾਂ ਹੁਣ ਸੜਕਾਂ 'ਤੇ ਜ਼ਿੰਦਗੀਆਂ ਘੱਟ ਨਿਗਲਣਗੀਆਂ ਕਿਉਂਕਿ ਹੁਣ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਡਰਾਈਵਰਾਂ ਨੂੰ ਰੇਡਲਾਈਟ ਜੰਪ ਕਰਨ 'ਤੇ ਟ੍ਰੈਫਿਕ ਚਲਾਨ ਭਰਨ ਦੇ ਨਾਲ-ਨਾਲ ਮਹਿਕਮੇਂ ਨੂੰ ਵੀ ਆਪਣੀ ਜੇਬ 'ਚੋਂ 500 ਰੁਪਏ ਜ਼ੁਰਮਾਨਾ ਦੇਣਾ ਹੋਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ. ਆਰ.ਟੀ. ਸੀ. ਦੇ ਐੱਮ. ਡੀ. ਮਨਜੀਤ ਸਿੰਘ ਨਾਰੰਗ ਨੇ ਦੱੱਸਿਆ ਕਿ ਪੰਜਾਬ 'ਚ ਵੱਧ ਰਹੀਆਂ ਸੜਕ ਦੁਰਘਟਨਾਵਾਂ ਤੇ ਡਰਾਈਵਰਾਂ ਵਲੋਂ ਨਿਯਮਾ ਦਾ ਉਲੰਘਣ ਕਰਨ ਦੀਆਂ ਸ਼ਿਕਾਇਤਾਂ ਨੂੰ ਰੋਕਣ ਲਈ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਬੇਦਾਗ ਡਰਾਈਵਿੰਗ ਦਾ ਰਿਕਾਰਡ ਰੱਖਣ ਵਾਲੇ ਚਾਲਕਾਂ ਨੂੰ ਪੀ. ਆਰ. ਟੀ. ਸੀ. ਵਲੋਂ ਸਨਮਾਨਿਤ ਵੀ ਕੀਤਾ ਜਾਵੇਗਾ। 
ਨਾਰੰਗ ਨੇ ਦੱਸਿਆ ਕਿ ਬੱਸਾਂ 'ਚ ਸਵਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਹਰ ਇੰਤਜ਼ਾਮ ਕੀਤੇ ਗਏ ਹਨ। ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ 'ਤੇ ਚਾਲਕਾਂ ਦੀ ਜੇਬ 'ਚੋਂ ਹੀ ਜ਼ੁਰਮਾਨਾਂ ਵਸੂਲਿਆਂ ਜਾਵੇਗਾ ਤੇ 500 ਰੁਪਏ ਵੱਖ ਤੋਂ ਮਹਿਕਮੇ ਨੂੰ ਜ਼ੁਰਮਾਨਾ ਦੇਣਾ ਪਵੇਗਾ। ਜਲਦ ਹੀ ਪਬਲਿਕ ਲਈ ਇਕ ਵਟਸਐਪ ਨੰਬਰ ਜਾਰੀ ਕਰਨਗੇ, ਜਿਸ 'ਤੇ ਪਬਲਿਕ ਰੇਡ ਲਾਈਟ ਜੰਪ ਕਰਨ ਵਾਲੀਆਂ ਬੱਸਾਂ ਦੀ ਫੋਟੋ ਵੀ ਭੇਜ ਸਕੇਗੀ। ਉਨ੍ਹਾਂ ਕਿਹਾ ਕਿ ਇਹ ਨਿਰਦੇਸ਼ ਐੱਮ. ਡੀ. ਨੇ ਸੂਬੇ ਦੇ ਸਾਰੇ ਪੀ. ਆਰ. ਟੀ. ਸੀ. ਡਿਪੋ ਨੂੰ ਜਾਰੀ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ 'ਚ ਪੀ. ਆਰ. ਟੀ. ਸੀ. ਦੇ ਪਟਿਆਲਾ, ਚੰਡੀਗੜ੍ਹ, ਸੰਗਰੂਰ, ਬਰਨਾਲਾ, ਬੁੱਢਲਾਡਾ, ਕਪੂਰਥਲਾ, ਬਠਿੰਡਾ, ਲੁਧਿਆਣਾ, ਫਰੀਦਕੋਟ 'ਚ ਡਿਪੋ ਹੈ, ਜਿਥੇ 200 ਬੱਸਾਂ ਪ੍ਰਤੀ ਡਿਪੋ ਚਲਦੀਆਂ ਹਨ।


Related News