ਪੀ. ਐੱਫ. ਏ. ਸਟਾਫ ਦੀ ਲੱਖਾਂ ਦੀ ਤਨਖਾਹ ਬਕਾਇਆ, ਦੋ ਪਹੁੰਚੇ ਅਦਾਲਤ
Sunday, Sep 03, 2017 - 10:41 AM (IST)
ਚੰਡੀਗੜ(ਬਿਊਰੋ) - ਮੇਨਕਾ ਗਾਂਧੀ ਵਲੋਂ ਸਥਾਪਿਤ ਪੀਪਲ ਫਾਰ ਐਨੀਮਲ (ਪੀ. ਐੱਫ. ਏ.) ਨਾਂ ਦੀ ਐੱਨ. ਜੀ. ਓ. ਲਈ ਕੰਮ ਕਰ ਰਹੇ ਚੰਡੀਗੜ੍ਹ ਇਕਾਈ ਦੇ ਕਰਮਚਾਰੀਆਂ ਨੂੰ ਦੋ ਤੋਂ ਲੈ ਕੇ ਚਾਰ ਸਾਲਾਂ ਦੀ ਤਨਖਾਹ ਨਹੀਂ ਮਿਲ ਰਹੀ, ਜਿਨ੍ਹਾਂ ਦਾ ਲੱਖਾਂ ਰੁਪਏ ਦਾ ਬਕਾਇਆ ਹੈ, ਫਿਰ ਵੀ ਉਹ ਤਨਦੇਹੀ ਨਾਲ ਕੰਮ ਕਰਦੇ ਆ ਰਹੇ ਹਨ।
ਹੁਣ ਕਰਮਚਾਰੀਆਂ ਦਾ ਸਬਰ ਟੁੱਟ ਚੁੱਕਾ ਹੈ ਕਿਉਂਕਿ ਘਰਾਂ ਦੇ ਚੁੱਲ੍ਹੇ ਤਕ ਬੰਦ ਹੋਣ ਦੀ ਨੌਬਤ ਆ ਚੁੱਕੀ ਹੈ, ਜਿਸ ਕਾਰਨ ਕਰਮਚਾਰੀਆਂ ਨੇ ਸੰਗਠਨ ਦੀ ਸੰਸਥਾਪਕ ਮੇਨਕਾ ਗਾਂਧੀ ਨੂੰ ਪੱਤਰ ਲਿਖ ਕੇ ਗੁਹਾਰ ਲਾਈ ਹੈ, ਉਨ੍ਹਾਂ ਦਾ ਬਕਾਇਆ ਤਨਖਾਹ ਰਿਲੀਜ਼ ਕੀਤੀ ਜਾਵੇ।
ਪੱਤਰ 'ਚ ਕਿਹਾ ਗਿਆ ਹੈ ਕਿ ਉਹ ਲੋਕ 2013 ਤੋਂ ਬਿਨਾਂ ਤਨਖਾਹ ਕੰਮ ਕਰਦੇ ਆ ਰਹੇ ਹਨ ਤੇ ਜਦੋਂ ਕਦੇ ਤਨਖਾਹ ਲਈ ਚੰਡੀਗੜ੍ਹ ਪੀਪਲ ਫਾਰ ਐਨੀਮਲ ਦੀ ਟਰਸਟੀ ਪਾਇਲ ਸੋਢੀ ਨੂੰ ਕਿਹਾ ਗਿਆ ਤਾਂ ਉਨ੍ਹਾਂ ਹਮੇਸ਼ਾ ਫੰਡ ਦੀ ਘਾਟ ਦੱਸ ਕੇ ਉਨ੍ਹਾਂ ਨੂੰ ਟਾਲ ਦਿੱਤਾ। ਇਹੀ ਨਹੀਂ, ਤਨਖਾਹ ਸਬੰਧੀ ਕਈ ਪੱਤਰ ਤੇ ਰਿਮਾਈਂਡਰ ਉਨ੍ਹਾਂ ਨੂੰ ਮੇਲ ਵੀ ਕੀਤੇ ਗਏ ਪਰ ਨਤੀਜਾ ਨਹੀਂ ਨਿਕਲਿਆ।
ਕਰਮਚਾਰੀਆਂ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤੇ ਜਾਣ ਦੇ ਦੋਸ਼ ਵੀ ਪਾਇਲ ਸੋਢੀ 'ਤੇ ਲਾਏ ਹਨ। ਪੱਤਰ ਦੀ ਮਾਰਫਤ ਕਰਮਚਾਰੀਆਂ ਨੇ ਕਿਹਾ ਹੈ ਕਿ ਜੇ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਸਖ਼ਤ ਫੈਸਲਾ ਲੈਣ ਲਈ ਮਜਬੂਰ ਹੋ ਜਾਣਗੇ।
20 ਲੱਖ ਤੋਂ ਜ਼ਿਆਦਾ ਬਕਾਇਆ ਤਨਖਾਹ
ਭਕਾਇਆ ਤਨਖਾਹ ਦੀ ਕੁਲ ਰਾਸ਼ੀ 20 ਲੱਖ ਤੋਂ ਜ਼ਿਆਦਾ ਹੈ, ਜਿਸ 'ਚ ਸਭ ਤੋਂ ਵੱਧ ਬਕਾਇਆ ਤਨਖਾਹ ਪੀ. ਐੱਫ. ਏ. ਦੇ ਸ਼ੈਲਟਰ ਸੁਪਰਵਾਈਜ਼ਰ ਤਾਰਾ ਚਾਂਦ ਦਾ 6,50,000 ਤੇ ਗਊਸ਼ਾਲਾ ਸੁਪਰਵਾਈਜ਼ਰ ਸੀਮਾ ਸ਼ਰਮਾ ਦਾ 5,56,000 ਬਕਾਇਆ ਹੈ, ਜਦੋਂਕਿ ਮੁੱਖ ਪ੍ਰਬੰਧਕ ਦੀਪਿਕਾ ਦਾ 1,84000, ਵੈਟਰਨਰੀ ਇੰਚਾਰਜ ਨਰਿੰਦਰ ਕੁਮਾਰ ਦਾ 1,10,000, ਤਾਰਾ ਦੇਵੀ ਦਾ 46,500 ਤੇ ਰਜਨੀ ਸ਼ਰਮਾ ਦਾ 38,000 ਬਕਾਇਆ ਤਨਖਾਹ ਹੈ।
ਉਕਤ ਪੱਤਰ ਦੀ ਕਾਪੀ ਡੀ. ਸੀ. ਚੰਡੀਗੜ੍ਹ, ਡਾਇਰੈਕਟਰ ਐਨੀਮਲ ਹਸਬੈਂਡਰੀ ਚੰਡੀਗੜ੍ਹ, ਪ੍ਰਧਾਨ ਮੰਤਰੀ ਦਫ਼ਤਰ, ਲੇਬਰ ਕਮਿਸ਼ਨਰ ਚੰਡੀਗੜ੍ਹ ਤੇ ਐਨੀਮਲ ਵੈੱਲਫੇਅਰ ਬੋਰਡ ਆਫ਼ ਇੰਡੀਆ ਨੂੰ ਵੀ ਭੇਜੀ ਜਾ ਚੁੱਕੀ ਹੈ।
ਵਾਪਿਸ ਆਈ ਪਰ ਨਹੀਂ ਮਿਲੀ ਤਨਖਾਹ
ਦੀਪਿਕਾ ਸ਼ਰਮਾ ਨੇ ਜੂਨ 2015 'ਚ ਨੌਕਰੀ ਛੱਡ ਦਿੱਤੀ ਸੀ, ਜਿਸਦਾ ਵਿਆਹ ਸੀ ਪਰ ਪਾਇਲ ਸੋਢੀ ਦੇ ਬੁਲਾਵੇ ਤੇ ਤਨਖਾਹ ਸਮੇਂ ਸਿਰ ਮਿਲਣ ਦੇ ਭਰੋਸੇ ਤੋਂ ਬਾਅਦ ਉਹ ਦੋਬਾਰਾ ਦਸੰਬਰ 2015 'ਚ ਵਾਪਿਸ ਆ ਗਈ ਸੀ ਪਰ ਤਨਖਾਹ ਨਹੀਂ ਮਿਲੀ, ਜਿਸ ਤੋਂ ਬਾਅਦ ਜੂਨ 2017 'ਚ ਉਹ ਨੌਕਰੀ ਛੱਡ ਕੇ ਚਲੀ ਗਈ। ਦੀਪਿਕਾ ਨੇ ਕਿਹਾ ਕਿ ਉਹ ਆਪਣੀ ਮਿਹਨਤ ਦੀ ਕਮਾਈ ਲੈ ਕੇ ਰਹੇਗੀ, ਜਿਸ ਲਈ ਉਨ੍ਹਾਂ ਨੂੰ ਮੇਨਕਾ ਗਾਂਧੀ ਦੇ ਜਵਾਬ ਦਾ ਇੰਤਜ਼ਾਰ ਹੈ।
