ਓਵਰਲੋਡ ਵਾਹਨਾਂ ਕਾਰਨ ਮਾਰਕੀਟ ''ਚ ਲੱਗਦੈ ਜਾਮ
Friday, Jul 28, 2017 - 07:45 AM (IST)
ਗਿੱਦੜਬਾਹਾ (ਸੰਧਿਆ) - ਸ਼ਹਿਰ ਦੇ ਅੰਦਰ ਦਾਖਲ ਹੋਣ ਲਈ ਸਿਰਫ 4 ਸੜਕਾਂ ਹਨ, ਲੰਬੀ ਰੋਡ, ਪਿਉਰੀ ਰੋਡ, ਭਾਰੂ ਚੌਕ ਤੇ ਹੁਸਨਰ ਚੌਕ। ਇਨ੍ਹਾਂ ਸੜਕਾਂ 'ਤੇ ਅਕਸਰ ਹੀ ਬੇਵਕਤ ਓਵਰਲੋਡ ਵਾਹਨ ਆਉਂਦੇ ਹਨ ਤੇ ਸ਼ਹਿਰ ਦੇ ਅੰਦਰ ਭੀੜੀਆਂ ਸੜਕਾਂ ਤੋਂ ਲੰਘਦੇ ਸਮੇਂ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨ ਵੀ ਕਰਦੇ ਹਨ। ਭੱਠੀ ਵਾਲੇ ਮੋੜ 'ਤੇ ਤਿਕੋਣੀ ਸੜਕ ਹੋਣ ਕਾਰਨ ਲੋਕਾਂ ਦੀ ਭੀੜ ਇਥੇ ਸਭ ਤੋਂ ਜ਼ਿਆਦਾ ਹੋਣ ਕਰਕੇ ਓਵਰਲੋਡ ਵਾਹਨਾਂ ਕਾਰਨ ਇਥੇ ਹੀ ਮੁਸ਼ਕਲਾਂ ਆਉਂਦੀਆਂ ਹਨ। ਬਿਜਲੀ ਦੀਆਂ ਤਾਰਾਂ ਦਾ ਭਰਪੂਰ ਜਾਲ ਇਥੇ ਹੀ ਹੈ। ਜਦੋਂ ਵੀ ਕਦੇ ਕੋਈ ਓਵਰਲੋਡ ਟਰੈਕਟਰ-ਟਰਾਲੀ, ਹੈਵੀ ਟਰੱਕ ਜਾਂ 12 ਪਹੀਆ ਵਾਲੇ ਟਰੱਕ ਚਾਲਕ ਓਵਰਲੋਡ ਸਾਮਾਨ ਲੱਦ ਕੇ ਲੰਘਦੇ ਹਨ ਤਾਂ ਬਿਜਲੀ ਦੀਆਂ ਤਾਰਾਂ 'ਚ ਫਸ ਜਾਣ ਕਾਰਨ ਤਾਰਾਂ ਤਾਂ ਟੁੱਟਦੀਆਂ ਹੀ ਹਨ, ਲੋਕਾਂ ਨੂੰ ਵੀ ਘੰਟਿਆਂ ਤੱਕ ਬਿਨਾਂ ਬਿਜਲੀ ਤੋਂ ਗੁਜ਼ਾਰਾ ਕਰਨ ਨੂੰ ਮਜਬੂਰ ਹੋਣਾ ਪੈਂਦਾ। ਬਿਜਲੀ ਵਿਭਾਗ ਦਾ ਵੀ ਹਜ਼ਾਰਾਂ ਦਾ ਨੁਕਸਾਨ ਹੁੰਦਾ ਹੈ।
ਟ੍ਰੈਫਿਕ ਪੁਲਸ ਕਰਮਚਾਰੀ ਥਾਂ-ਥਾਂ 'ਤੇ ਨਾਕੇ ਲਾਈ ਖੜ੍ਹੇ ਹੁੰਦੇ ਹਨ ਪਰ ਮੋਬਾਇਲ ਦੇ ਯੁੱਗ 'ਚ ਹਰ ਚੀਜ਼ ਸੰਭਵ ਹੈ। ਜਿਧਰ ਨਾਕਾ ਨਹੀਂ, ਉਧਰੋਂ ਓਵਰਲੋਡ ਵਾਲੇ ਐਂਟਰੀ ਮਾਰ ਹੀ ਲੈਂਦੇ ਹਨ। ਨਤੀਜਾ ਮਾਰਕੀਟ ਦੇ ਅੰਦਰ ਸੜਕਾਂ ਭੀੜੀਆਂ ਹੋਣ ਕਾਰਨ ਜਾਮ ਲੱਗ ਜਾਂਦੇ ਹਨ, ਜਿਸ ਕਾਰਨ ਪ੍ਰਸ਼ਾਸਨ ਅਤੇ ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਓਵਰਲੋਡ ਵਾਹਨਾਂ ਦਾ ਸ਼ਹਿਰ ਦੇ ਅੰਦਰੋਂ ਲੰਘਣ ਅਤੇ ਦਾਖਲ ਹੋਣ ਦਾ ਸਮਾਂ ਤੈਅ ਕਰਨਾ ਚਾਹੀਦਾ ਤਾਂ ਜੋ ਲੋਕਾਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਨਿਜਾਤ ਮਿਲ ਸਕੇ ਤੇ ਸਰਕਾਰੀ ਨੁਕਸਾਨ ਦੇ ਨਾਲ-ਨਾਲ ਜਾਨੀ-ਮਾਲੀ ਤੋਂ ਬਚਾਅ ਵੀ ਕੀਤਾ ਜਾ ਸਕੇ।
